ਵਿਆਹੁਤਾ ਦੀ ਸ਼ੱਕੀ ਹਾਲਤ 'ਚ ਮੌਤ, ਸਸਕਾਰ ਰੋਕਣ ਲਈ ਪੁਲਿਸ ਨੇ ਬਲਦੇ ਸਿਵੇ ’ਤੇ ਪਾਇਆ ਪਾਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਟਾਲਾ ਦੇ ਭੰਡਾਰੀ ਮੁਹੱਲਾ ਇਲਾਕੇ ਵਿਚ ਇਕ ਵਿਆਹੁਤਾ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ।

Woman dies in suspicious condition

ਗੁਰਦਾਸਪੁਰ (ਨਿਤਿਨ ਲੂਥਰਾ): ਬਟਾਲਾ ਦੇ ਭੰਡਾਰੀ ਮੁਹੱਲਾ ਇਲਾਕੇ ਵਿਚ ਇਕ ਵਿਆਹੁਤਾ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਇਸ ਦੌਰਾਨ ਵਿਆਹੁਤਾ ਦੇ ਸਹੁਰੇ ਪਰਿਵਾਰ ਵੱਲੋਂ ਉਸ ਦੇ ਪੇਕੇ ਪਰਿਵਾਰ ਨੂੰ ਬਿਨਾਂ ਦੱਸੇ ਅੰਤਿਮ ਸਸਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸੰਸਕਾਰ ਰੋਕ ਦਿੱਤਾ। ਪੁਲਿਸ ਨੇ ਸਸਕਾਰ ਰੋਕਣ ਲਈ ਬਲਦੀ ਚਿਤਾ ’ਤੇ ਪਾਣੀ ਪਾ ਦਿੱਤਾ।

ਮ੍ਰਿਤਕ ਔਰਤ ਦਾ ਨਾਂਅ ਪੂਨਮ ਪਤਨੀ ਵਿਨੋਦ ਸ਼ਰਮਾ ਦੱਸਿਆ ਜਾ ਰਿਹਾ ਹੈ। ਜਦੋਂ ਮਹਿਲਾ ਦੀ ਮੌਤ ਹੋਈ ਤਾਂ ਉਸ ਦਾ ਪਤੀ ਚੰਡੀਗੜ੍ਹ ਸੀ। ਪੂਨਮ ਦੇ ਭਰਾ ਦਾ ਕਹਿਣਾ ਹੈ ਕਿ ਉਸ ਦੀ ਭੈਣ ਦਾ ਉਸ ਦੇ ਸਹੁਰਾ ਪਰਿਵਾਰ ਵੱਲੋਂ ਕਤਲ ਕੀਤਾ ਗਿਆ ਹੈ। ਹਾਲਾਂਕਿ ਸਹੁਰਾ ਪਰਿਵਾਰ ਦਾ ਕਹਿਣਾ ਹੈ ਕਿ ਪੂਨਮ ਨੇ ਆਤਮ ਹੱਤਿਆ ਕੀਤੀ ਹੈ।

ਪੂਨਮ ਦੇ ਭਰਾ ਨੇ ਦੱਸਿਆ ਕਿ ਜਦੋਂ ਉਸ ਨੂੰ ਅਪਣੀ ਭੈਣ ਦੀ ਮੌਤ ਦੀ ਸੂਚਨਾ ਮਿਲੀ ਤਾਂ ਉਹ ਉਸ ਦੇ ਘਰ ਆਇਆ ਪਰ ਜਦੋਂ ਉਹ ਪਹੁੰਚਿਆ ਤਾਂ ਉਸ ਦਾ ਸਸਕਾਰ ਕੀਤਾ ਜਾ ਰਿਹਾ ਸੀ। ਮ੍ਰਿਤਕ ਮਹਿਲਾ ਦੇ ਦੋ ਬੱਚੇ ਇਕ ਲੜਕਾ ਤੇ ਇਕ ਲੜਕੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਐਸਐਚਓ ਸਤੀਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਫੋਨ ਆਇਆ ਕਿ ਭੰਡਾਰੀ ਮੁਹੱਲੇ ਦੇ ਨਜ਼ਦੀਕ ਇਕ ਸ਼ਮਸ਼ਾਨ ਘਾਟ ਵਿਚ ਵਿਆਹੁਤਾ ਦਾ ਕਤਲ ਕਰਕੇ ਸਸਕਾਰ ਕੀਤਾ ਜਾ ਰਿਹਾ ਹੈ। ਜਾਣਕਾਰੀ ਮਿਲਦਿਆਂ ਹੀ ਉਹਨਾਂ ਨੇ ਮੌਕੇ ’ਤੇ ਪਹੁੰਚ ਕੇ ਬਲਦੀ ਚਿਤਾ ਨੂੰ ਪਾਣੀ ਪਾ ਕੇ ਬੁਝਾਇਆ। ਪੁਲਿਸ ਨੇ ਮ੍ਰਿਤਕ ਔਰਤ ਦੇ ਭਰਾ ਦਾ ਬਿਆਨ ਦਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਲਾਸ਼ ਦਾ ਪੋਸਟਮਾਰਟਮ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।