ਪੰਜਾਬ ਲੋਕ ਕਾਂਗਰਸ ਨੇ 29 ਏਕੜ ਜ਼ਮੀਨ ਦੱਬਣ ਵਾਲੇ ਨੂੰ ਦੱਸਿਆ AAP ਆਗੂ, 'ਆਪ' ਨੇ ਵੀ ਦਿੱਤਾ ਮੋੜਵਾਂ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਲੋਕ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਪੰਚਾਇਤੀ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ਾ ਕਰਨ ਵਾਲੇ ਕੈਪਟਨ ਬਿਕਰਮਜੀਤ ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ ਚੋਣ ਲੜੀ ਸੀ।

Punjab govt frees encroachment from 29 acres land

 

ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਪੰਚਾਇਤੀ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ਾ ਕਰਨ ਵਾਲੇ ਕੈਪਟਨ ਬਿਕਰਮਜੀਤ ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ ਚੋਣ ਲੜੀ ਸੀ। ਉਹਨਾਂ ਕਿਹਾ ਕਿ ਪੇਂਡੂ ਵਿਕਾਸ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਖਾਲੀ ਕਰਵਾਈ ਗਈ 29 ਏਕੜ ਪੰਚਾਇਤੀ ਜ਼ਮੀਨ ‘ਤੇ ‘ਆਪ’ ਆਗੂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ।

Punjab govt frees encroachment from 29 acres of panchayat land

ਇਸ ਸਬੰਧੀ ਆਮ ਆਦਮੀ ਪਾਰਟੀ ਨੇ ਵੀ ਜਵਾਬ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਉਹ ਬੇਸ਼ੱਕ 'ਆਪ' ਨੇਤਾ ਸਨ ਪਰ ਉਹਨਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ ਸੀ। ਹੁਣ ਉਹ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ। ਕੈਪਟਨ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪ੍ਰਿਤਪਾਲ ਸਿੰਘ ਬੱਲੀਏਵਾਲ ਨੇ ਕਿਹਾ ਕਿ ਸਿਸਵਾਂ ਨੇੜੇ ਬਹੁ-ਕਰੋੜੀ ਜ਼ਮੀਨ ਦਾ ਕਬਜ਼ਾ ਛੁਡਵਾਇਆ ਗਿਆ ਹੈ। ਉਸ 29 ਏਕੜ ਜ਼ਮੀਨ 'ਤੇ ਕਿਸ ਦਾ ਕਬਜ਼ਾ ਸੀ? ਕੌਣ ਹੈ ਕੈਪਟਨ ਬਿਕਰਮਜੀਤ? ਬੱਲੀਏਵਾਲ ਨੇ ਕਿਹਾ ਕਿ ਕੈਪਟਨ ਬਿਕਰਮਜੀਤ ਸਿੰਘ ਤਰਨਤਾਰਨ ਨਾਲ ਸਬੰਧਤ ਹਨ। ਉਹ ਸਾਲ 2016 ਵਿਚ ‘ਆਪ’ ਵਿਚ ਸ਼ਾਮਲ ਹੋਏ ਸਨ ਅਤੇ ਖੇਮਕਰਨ ਸੀਟ ਤੋਂ ‘ਆਪ’ ਉਮੀਦਵਾਰ ਸਨ।   

Aam Aadmi Party Punjab

‘ਆਪ’ ਦੇ ਮੁੱਖ ਬੁਲਾਰੇ ਮਲਵਿੰਦਰ ਕੰਗ ਨੇ ਕਿਹਾ ਕਿ ਬਿਕਰਮਜੀਤ ਸਿੰਘ ਨੇ 2017 ਦੀਆਂ ਚੋਣਾਂ ਉਹਨਾਂ ਦੀ ਪਾਰਟੀ ਵੱਲੋਂ ਹੀ ਲੜੀਆਂ ਸਨ। ਇਸ ਮਾਮਲੇ ਵਿਚ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਦੇ ਇਰਾਦੇ ਸਾਫ਼ ਹਨ। ਅਜਿਹਾ ਵਿਅਕਤੀ ਸਾਡੀ ਪਾਰਟੀ ਦਾ ਹੋਵੇ ਜਾਂ ਕਿਸੇ ਹੋਰ ਪਾਰਟੀ ਦਾ। ਪੰਜਾਬ ਨੂੰ ਲੁੱਟਣ ਵਾਲਾ ਕੋਈ ਵੀ ਅਧਿਕਾਰੀ, ਆਗੂ ਜਾਂ ਵਿਧਾਇਕ ਹੋਵੇ, ਉਸ ਛੱਡਾਂਗੇ ਨਹੀਂ। ਬਿਕਰਮਜੀਤ ਨੂੰ ਪਾਰਟੀ 'ਚੋਂ ਕਦੋਂ ਦਾ ਬਾਹਰ ਦਾ ਰਸਤਾ ਦਿਖਾਇਆ ਜਾ ਚੁੱਕਿਆ ਹੈ, ਹੁਣ ਉਹ ਅਕਾਲੀ ਦਲ ਦੇ ਆਗੂ ਹਨ।