ਸੂਬਾ ਸਰਕਾਰ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਵਚਨਬੱਧ : ਬ੍ਰਹਮ ਮਹਿੰਦਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਸਿਹਤ ਅਤੇ ਪਰਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ। ਖੇਡਾਂ ਨਾਲ ਜਿਥੇ ਤਨ ਤੰਦਰੁਸਤ...

Brahm Mahindra with wrestlers

ਪਟਿਆਲਾ,  ਪੰਜਾਬ ਦੇ ਸਿਹਤ ਅਤੇ ਪਰਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ। ਖੇਡਾਂ ਨਾਲ ਜਿਥੇ ਤਨ ਤੰਦਰੁਸਤ ਰਹਿੰਦਾ ਹੈ, ਉਥੇ ਹੀ ਖਿਡਾਰੀਆਂ ਦਾ ਮਨ ਵੀ ਇਕਾਗਰ ਹੋ ਕੇ ਬੁਰੀਆਂ ਅਲਾਮਤਾਂ ਤੋਂ ਬਚਦਾ ਹੈ। ਇਸ ਲਈ ਸਾਨੂੰ ਅਪਣੇ ਬੱਚਿਆਂ ਨੂੰ ਖੇਡਾਂ ਪ੍ਰਤੀ ਰੁਚਿਤ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਖੇਡਾਂ ਤੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਵਚਨਬੱਧ ਹੈ, ਜਿਸ ਲਈ ਨਵੀਂ ਖੇਡ ਨੀਤੀ ਜਲਦ ਲਿਆਂਦੀ ਜਾ ਰਹੀ ਹੈ ਤਾਂ ਕਿ ਸੂਬੇ ਦੇ ਖਿਡਾਰੀ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਨਾਮਣਾ ਖੱਟ ਸਕਣ।ਬ੍ਰਹਮ ਮਹਿੰਦਰਾ ਬੀਤੀ ਸ਼ਾਮ ਇਥੇ ਸਰਹਿੰਦ ਰੋਡ 'ਤੇ ਸਥਿਤ ਪਿੰਡ ਬਾਰਨ ਵਿਖੇ ਅਖਾੜਾ ਬਾਰਨ ਦੇ ਪ੍ਰਬੰਧਕ ਭਾਰਤ ਕੇਸਰੀ ਪਹਿਲਵਾਨ ਗੁਰਦੇਵ ਸਿੰਘ ਦੀ ਅਗਵਾਈ ਹੇਠ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਮਸ਼ੇਰ ਸਿੰਘ ਨੰਬਰਦਾਰ - ਮਾਤਾ ਨਛੱਤਰ ਕੌਰ ਦੀ ਯਾਦ ਨੂੰ ਸਮਰਪਤ ਕਰਵਾਏ ਗਏ

ਚੌਥੇ ਵਿਸ਼ਾਲ ਕੁਸ਼ਤੀ ਦੰਗਲ ਅਖਾੜਾ ਗੁਰਦੇਵ ਸਿੰਘ ਰੁਸਤਮ-ਏ-ਹਿੰਦ ਵਿਖੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਪੁੱਜੇ ਹੋਏ ਸਨ।ਬ੍ਰਹਮ ਮਹਿੰਦਰਾ ਨੇ ਇਸ ਮੌਕੇ ਕੁਸਤੀਆਂ ਕਰਾਉਣ ਲਈ ਅਖਾੜੇ ਨੂੰ ਮੈਟ ਦੀ ਖਰੀਦ ਲਈ 5 ਲੱਖ ਰੁਪਏ ਅਤੇ ਭਲਵਾਨਾਂ ਦੇ ਵਾਸਤੇ ਹਾਲ ਬਨਵਾਉਣ ਲਈ 7 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ। ਇਸ ਛਿੰਝ ਦੇ ਮੁੱਖ ਪ੍ਰਬੰਧਕ ਪਹਿਲਵਾਨ ਗੁਰਦੇਵ ਸਿੰਘ, ਸਰਪੰਚ ਹਰਚੰਦ ਸਿੰਘ ਅਤੇ ਦਲਜੀਤ ਸਿੰਘ ਨੰਬਰਦਾਰ ਨੇ ਦਸਿਆ ਕਿ ਇਸ ਛਿੰਝ ਮੇਲੇ 'ਚ 200 ਤੋਂ ਵੱਧ ਪਹਿਲਵਾਨਾਂ ਨੇ ਅਪਣੇ ਕੁਸ਼ਤੀ ਦੇ ਜੌਹਰ ਵਿਖਾਏ।

ਇਸ ਵਾਰ ਝੰਡੀ ਦੀ ਕੁਸ਼ਤੀ ਕਮਲਜੀਤ ਡੂਮਛੇੜੀ ਅਤੇ ਰਵਿੰਦਰ ਦਿੱਲੀ ਵਿਚਕਾਰ ਹੋਈ। ਕਮਲ ਡੂਮਛੇੜੀ ਨੇ ਅਪਣਾ ਜੋਰ ਵਿਖਾਉਂਦੇ ਹੋਏ ਰਵਿੰਦਰ ਦਿੱਲੀ ਦੀ ਪਿੱਠ ਧਰਤੀ ਨਾਲ ਲਾ ਕੇ ਝੰਡੀ ਦੀ ਕੁਸ਼ਤੀ 'ਤੇ ਅਪਣਾ ਕਬਜ਼ਾ ਕਰ ਲਿਆ। ਇਸ ਦੌਰਾਨ ਦੋ ਨੰਬਰ ਕੁਸ਼ਤੀ 'ਚ ਸੁੱਖ ਬੱਬੇਹਾਲੀ ਤੇ ਅਜੈ ਬਾਰਨ ਦਰਮਿਆਨ ਵੀ ਜ਼ਬਰਦਸਤ ਤੇ ਰੁਮਾਂਚਿਤ ਮੁਕਾਬਲਾ ਹੋਇਆ ਤੇ ਦੋਵੇਂ ਪਹਿਲਵਾਨਾਂ ਦੀ ਪਿੱਠ ਨਾ ਲੱਗੀ। ਅਖੀਰ ਪ੍ਰਬੰਧਕਾਂ ਨੇ ਦੋਨਾਂ ਨੂੰ ਸਾਂਝੇ ਤੌਰ 'ਤੇ ਜੇਤੂ ਕਰਾਰ ਦੇ ਦਿਤਾ। ਤਿੰਨ ਨੰਬਰ ਦੀ ਕੁਸ਼ਤੀ ਮੁਕਾਬਲੇ ਵਿੱਚ ਬੱਬੂ ਬੱਬੇਹਾਲੀ ਤੇ ਗੌਰਵ ਇੰਦੌਰ ਦਰਮਿਆਨ ਹੋਈ, ਜਿਸ ਵਿੱਚ ਬੱਬੂ ਬੱਬੇਹਾਲੀ ਨੇ ਜਿੱਤ ਪ੍ਰਾਪਤ ਕੀਤੀ।