ਮਿੱਲ 'ਚੋਂ ਬਾਹਰ ਨਹੀਂ ਆਉਂਦਾ ਗੰਦਾ ਪਾਣੀ : ਰਾਣਾ ਇੰਦਰ ਪ੍ਰਤਾਪ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਤਿੰਨ ਦਿਨ ਤੋਂ ਰਾਣਾ ਸ਼ੂਗਰ ਮਿੱਲ ਵਿਰੁਧ ਹੋ ਰਹੇ ਭੰਡੀ ਪ੍ਰਚਾਰ ਤੋਂ ਦੁਖੀ ਅਤੇ ਅਪਣਾ ਪੱਖ ਪੇਸ਼ ਕਰਨ ਆਏ ਮਿੱਲ ਮਾਲਕ ਅਤੇ ਸਾਬਕਾ ਮੰਤਰੀ ਰਾਣਾ ...

Gurpartap Singh Talking to Media

ਚੰਡੀਗੜ੍ਹ, ਪਿਛਲੇ ਤਿੰਨ ਦਿਨ ਤੋਂ ਰਾਣਾ ਸ਼ੂਗਰ ਮਿੱਲ ਵਿਰੁਧ ਹੋ ਰਹੇ ਭੰਡੀ ਪ੍ਰਚਾਰ ਤੋਂ ਦੁਖੀ ਅਤੇ ਅਪਣਾ ਪੱਖ ਪੇਸ਼ ਕਰਨ ਆਏ ਮਿੱਲ ਮਾਲਕ ਅਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ  ਇੰਦਰਪ੍ਰਤਾਪ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਦਸਿਆ ਕਿ ਪੰਜਾਬ ਵਿਚ 1992 ਤੋਂ ਲੱਗੀ ਫ਼ੈਕਟਰੀ ਸਿਰਫ਼ ਗੰਨੇ ਅਤੇ ਚੁਕੰਦਰ ਤੋਂ ਖੰਡ ਬਣਾਉਂਦੀ ਹੈ ਅਤੇ ਗੰਦਾ ਪਾਣੀ ਕਤਈ ਬਾਹਰ ਨਹੀਂ ਆਉਂਦਾ, ਅੰਦਰ ਹੀ ਮੁੜ ਵਰਤ ਲਿਆ ਜਾਂਦਾ ਹੈ।

 ਅਪਣੇ ਨਾਲ ਮਦਦ ਅਤੇ ਹਮਦਰਦੀ ਪ੍ਰਗਟਾਉਣ ਲਈ ਲਿਆਂਦੇ 50 ਤੋਂ ਵੱਧ ਜ਼ਿਮੀਂਦਾਰਾਂ ਤੇ ਕਿਸਾਨਾਂ ਨੇ ਵੀ ਪੱਤਰਕਾਰਾਂ ਨੂੰ ਦਸਿਆ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਰੋਧੀ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਗੰਦੇ ਪਾਣੀ ਸਬੰਧੀ ਗ਼ਲਤ ਪ੍ਰਚਾਰ ਕੀਤਾ ਹੈ। ਰਾਣਾ ਇੰਦਰ ਪ੍ਰਤਾਪ ਸਿੰਘ ਨੇ ਮਿੱਲ ਵਿਚ ਵਰਤੇ ਜਾਂਦੇ ਚੁਕੰਦਰ ਤੇ ਗੰਨੇ ਦੀ ਵੀਡੀਉ ਵਿਖਾਈ ਜਿਸ ਵਿਚ ਵਰਤੇ ਪਾਣੀ ਨੂੰ ਸਾਫ਼ ਕਰ ਕੇ ਫਿਰ ਸਿੰਚਾਈ ਲਈ ਵਰਤਿਆ ਜਾਂਦਾ ਹੈ।

ਉਨ੍ਹਾਂ ਇਹ ਵੀ ਦਸਿਆ ਕਿ 25000 ਕਿਸਾਨਾਂ ਤੇ ਜ਼ਿਮੀਂਦਾਰਾਂ ਵਲੋਂ ਦੂਰੋਂ ਨੇੜਿਉਂ ਚੁਕੰਦਰ ਤੇ ਗੰਨੇ ਦੀ ਖੇਤੀ ਨਾਲ ਚੱਲ ਰਹੀ ਇਹ ਆਟੋਮੈਟਿਕ ਮਿੱਲ ਇਲਾਕੇ ਲਈ ਵਰਦਾਨ ਸਾਬਤ ਹੋਈ ਹੈ। ਜ਼ਿਕਰਯੋਗ ਹੈ ਕਿ ਬਾਬਾ ਠਾਕਰ ਸਿੰਘ ਦੇ ਕਰ ਕਮਲਾਂ ਹੇਠ 1992 ਵਿਚ ਸਥਾਪਤ ਕੀਤੀ ਇਹ ਮਿੱਲ 100 ਏਕੜ ਦੇ ਦਾਇਰੇ 
ਵਿਚ ਹੈ ਜਿਸ ਵਿਚ 103 ਲੱਖ ਕੁਇੰਟਲ ਗੰਨਾ ਪੀੜਿਆ ਜਾਂਦਾ ਹੈ ਅਤੇ 27 ਲੱਖ ਕੁਇੰਟਲ ਚੁਕੰਦਰ ਤੋਂ ਚੀਨੀ ਤਿਆਰ ਕੀਤੀ ਜਾਂਦੀ ਹੈ।

 ਖਹਿਰਾ ਬਾਰੇ ਮਿੱਲ ਵਿਚ ਅੰਦਰ ਨਾ ਵੜਨ ਦੇਣਾ, ਗੰਦਾ ਪਾਣੀ ਜਾਂ ਸੀਰਾ ਦਰਿਆ ਵਿਚ ਮਿੱਲ ਵਲੋਂ ਪਾਏ ਜਾਣ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ਵਿਚ ਉਨ੍ਹਾਂ ਸਪੱਸ਼ਟ ਕੀਤਾ ਕਿ ਨਾ ਤਾਂ ਖਹਿਰਾ ਨੇ ਮਿੱਲ ਮਾਲਕਾਂ ਨੂੰ ਅਪਣੇ ਆਉਣ ਦੀ ਸੂਚਨਾ ਦਿਤੀ ਅਤੇ ਨਾ ਹੀ ਮਿੱਲ ਦੇ ਅੰਦਰ ਆਏ, ਬਸ ਬਾਹਰੋਂ ਹੀ ਗ਼ਲਤ ਫ਼ੋਟੋਆਂ ਗੰਦੇ ਪਾਣੀ ਦੀਆਂ, ਬੁੱਢੇ ਨਾਲੇ ਦੀਆਂ ਅਤੇ ਹੋਰ ਪ੍ਰਦੂਸ਼ਣ ਦੀਆਂ ਜਾਰੀ ਕਰ ਕੇ ਚਲੇ ਗਏ। 

ਖਹਿਰਾ ਨੂੰ ਕਿਸੇ ਨੇ ਮਨਾਂ ਨਹੀਂ ਕੀਤਾ, ਨਾ ਹੀ ਅੱਗੋਂ ਤੋਂ ਕਿਸੇ ਚੁਣੇ ਹੋਏ ਨੁਮਾਇੰਦੇ ਨੂੰ ਵੜਨੋਂ ਰੋਕਣਾ ਹੈ ਪਰ ਗੰਦੀ ਸਿਆਸਤ 'ਤੇ ਗ਼ਲਤ ਆਲੋਚਨਾ ਕਰਨ ਵਾਲੇ ਕਿਸੇ ਵੀ ਲੀਡਰ ਸਬੰਧੀ ਸਫ਼ਾਈ ਦੇਣਾ ਤਾਂ ਸਾਡਾ ਫ਼ਰਜ਼ ਬਣਦਾ ਹੈ। ਰਾਣਾ ਸ਼ੂਗਰ ਮਿੱਲ ਵਲੋਂ ਇਲਾਕੇ ਦੇ ਅਰਥਚਾਰੇ ਵਿਚ ਪਾਏ ਯੋਗਦਾਨ ਅਤੇ ਹਜ਼ਾਰਾਂ ਕਿਸਾਨ ਪਰਵਾਰਾਂ ਦੀ ਖ਼ਰੀਦੀ ਜਾਂਦੀ ਫ਼ਸਲ ਸਬੰਧੀ 50 ਤੋਂ ਵੱਧ ਇਨ੍ਹਾਂ ਜ਼ਿਮੀਂਦਾਰਾਂ ਵਿਚ ਛੇ ਪਿੰਡਾਂ ਦੇ ਸਰਪੰਚ ਵੀ ਸਨ ਜਿਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਗੰਦੀ ਸਿਆਸਤ ਖੇਡੀ ਜਾ ਰਹੀ ਹੈ ਅਤੇ ਖਹਿਰਾ ਅਪਣੀ ਜ਼ਿੱਦ ਰਾਣਾ ਗੁਰਜੀਤ ਨਾਲ ਪੁਗਾ ਰਹੇ ਹਨ। 

ਕਿਸਾਨਾਂ ਨੇ ਕਿਹਾ ਕਿ ਰਾਣਾ ਸ਼ੂਗਰ ਮਿੱਲ ਦੇ ਬੰਦ ਹੋਣ ਦੀਆਂ ਅਫ਼ਵਾਹਾਂ ਤੇ ਝੂਠੀਆਂ ਮੀਡੀਆ ਖ਼ਬਰਾਂ ਨੇ ਉਨ੍ਹਾਂ 150 ਤੋਂ ਵੱਧ ਪਿੰਡਾਂ ਦੇ ਲੋਕਾਂ ਦੀ ਨੀਂਦ ਹਰਾਮ ਕਰ ਦਿਤੀ ਸੀ। ਇਹ ਮਿੱਲ ਇਸ ਇਲਾਕੇ ਦੀ ਰੋਜ਼ੀ ਰੋਟੀ ਹੈ ਅਤੇ ਇਹ ਬੰਦ ਨਹੀਂ ਹੋਣੀ ਚਾਹੀਦੀ। ਇਨ੍ਹਾਂ ਸਰਪੰਚਾਂ, ਜ਼ਿਮੀਂਦਾਰਾਂ ਵਿਚ ਕਈ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧ ਰਖਦੇ ਸਨ,

ਉਨ੍ਹਾਂ ਕਿਹਾ ਕਿ ਪਾਰਟੀ ਤੇ ਦਲ ਨਾਲੋਂ ਵੱਧ ਸਾਨੂੰ ਖੇਤੀ, ਰੁਜ਼ਗਾਰ ਅਤੇ ਫ਼ਸਲ ਦਾ ਸਹੀ ਮੁੱਲ ਪੈਣਾ ਹੈ। ਉਨ੍ਹਾਂ ਮਿੱਲ ਮਾਲਕਾਂ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਗੰਨੇ ਤੇ ਚੁਕੰਦਰ ਦੀ ਖੇਤੀ ਦੀ ਕੋਈ ਵੀ ਬਕਾਇਆ ਰਕਮ ਮਿਲ ਵਲ ਨਹੀਂ ਬਚਦੀ, ਸਮੇਂ ਸਿਰ ਅਦਾਇਗੀ ਹੋ ਜਾਂਦੀ ਹੈ ਅਤੇ ਕਣਕ, ਝੋਨੇ ਨਾਲੋਂ ਗੰਨੇ ਤੇ ਚੁਕੰਦਰ ਦੀ ਫ਼ਸਲ 'ਚੋਂ ਵਾਧੂ ਕਮਾਈ ਯਾਨੀ 60,000 ਰੁਪਏ ਪ੍ਰਤੀ ਏਕੜ ਹੋ ਜਾਂਦੀ ਹੈ।