ਕਿਸਾਨਾਂ ਨੂੰ ਘਰ ਬੈਠੇ ਮਿਲੇਗਾ ਉਧਾਰ ਡੀਜ਼ਲ ਅਤੇ ਪਟਰੌਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਹਿਕਾਰਤਾ ਵਿਭਾਗ ਨੇ ਇੰਡੀਅਨ ਆਇਲ ਕਾਰਪੋਰੇਸ਼ਨ ਨਾਲ ਕੀਤਾ ਐਮ.ਓ.ਯੂ. ਸਹੀਬੱਧ

Cooperation Department inks MoU with Indian Oil Corporation

ਚੰਡੀਗੜ੍ਹ : ਸਹਿਕਾਰੀ ਅਦਾਰਿਆਂ ਨੂੰ ਆਰਥਿਕ ਤੌਰ ਉਤੇ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਸਹਿਕਾਰਤਾ ਵਿਭਾਗ ਨੇ ਕਿਸਾਨਾਂ ਨੂੰ ਉਨ੍ਹਾਂ ਦੇ ਘਰਾਂ ਕੋਲ ਹੀ ਵਧੀਆ ਕੁਆਲਟੀ ਵਾਲਾ ਤੇਲ ਉਧਾਰ ਦੇਣ ਦੀ ਪਹਿਲ ਕਰਦਿਆਂ ਅੱਜ ਇੰਡੀਅਨ ਆਇਲ ਕਾਰਪੋਰੇਸ਼ਨ ਨਾਲ ਆਪਸੀ ਸਹਿਮਤੀ ਦਾ ਸਮਝੌਤਾ (ਐਮ.ਓ.ਯੂ.) ਕੀਤਾ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਹਾਜ਼ਰੀ ਵਿਚ ਕੀਤੇ ਇਸ ਸਮਝੌਤੇ ਨਾਲ ਸਹਿਕਾਰੀ ਅਦਾਰਿਆਂ ਦੀਆਂ ਖ਼ਾਲੀ ਪਈਆਂ ਜ਼ਮੀਨਾਂ ਉਪਰ ਇੰਡੀਅਨ ਆਇਲ ਆਪਣੇ ਰਿਟੇਲ ਆਊਟਲੈਟ (ਪੰਪ) ਖੋਲ੍ਹੇਗਾ।

ਅੱਜ ਇਥੇ ਪੰਜਾਬ ਭਵਨ ਵਿਖੇ ਹੋਏ ਸਮਾਗਮ ਦੌਰਾਨ ਬੋਲਦਿਆਂ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਸਿੱਧਾ ਫ਼ਾਇਦਾ ਦੇਣ ਲਈ ਸਹਿਕਾਰਤਾ ਵਿਭਾਗ ਅਧੀਨ ਆਉਂਦੇ ਸਹਿਕਾਰੀ ਅਦਾਰਿਆਂ ਮਾਰਕਫੈਡ, ਮਿਲਕਫੈਡ, ਸ਼ੂਗਰਫੈਡ ਅਤੇ ਪੇਂਡੂ ਖੇਤੀਬਾੜੀ ਸੁਸਾਇਟੀਆਂ ਦੀਆਂ ਖਾਲੀ ਪਈਆਂ ਜ਼ਮੀਨਾਂ ਉਤੇ ਇਹ ਪੰਪ ਖੋਲ੍ਹੇ ਜਾਣਗੇ। ਇਸ ਨਾਲ ਜਿੱਥੇ ਜ਼ਮੀਨਾਂ ਦੀ ਸੁਚੱਜੀ ਵਰਤੋਂ ਹੋਵੇਗੀ ਉਥੇ ਸਹਿਕਾਰੀ ਅਦਾਰਿਆਂ ਨੂੰ ਵਿੱਤੀ ਲਾਭ ਹੋਵੇਗਾ ਅਤੇ ਰੋਜ਼ਗਾਰ ਦੇ ਵਾਧੂ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਸਹਿਕਾਰਤਾ ਵਿਭਾਗ ਦੀ ਇਸ ਪਹਿਲ ਨਾਲ ਕਿਸਾਨਾਂ ਨੂੰ ਉਧਾਰ ਡੀਜ਼ਲ ਅਤੇ ਪੈਟਰੋਲ ਦੀ ਸਪਲਾਈ ਕੀਤੀ ਜਾਵੇਗੀ ਜਿਸ ਦੀ ਅਦਾਇਗੀ ਕਿਸਾਨਾਂ ਵੱਲੋਂ ਫਸਲ ਆਉਣ ਤੋਂ ਬਾਅਦ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਿਸਾਨਾਂ ਨੂੰ ਤੇਲ ਪਵਾਉਣ ਲਈ ਦੂਰ ਵੀ ਨਹੀਂ ਜਾਣਾ ਪਵੇਗਾ।

ਸਹਿਕਾਰਤਾ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਰਿਟੇਲ ਆਊਟਲੈਟਸ ਦੀ ਸਥਾਪਨਾ ਲਈ ਪੂੰਜੀ ਦਾ ਨਿਵੇਸ਼ ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਹੀ ਕੀਤਾ ਜਾਵੇਗਾ ਜਦੋਂ ਕਿ ਜ਼ਮੀਨ ਸਹਿਕਾਰਤਾ ਵਿਭਾਗ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ  ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਸਥਾਨਾਂ ਦੀ ਯੋਗਤਾ ਅਨੁਸਾਰ ਇਨ੍ਹਾਂ ਵਿਚ ਮਾਰਕਫੈਡ, ਮਿਲਕਫੈਡ ਅਤੇ ਸ਼ੂਗਰਫੈੱਡ ਦੇ ਉਤਪਾਦਾਂ ਦੀ ਵਿਕਰੀ ਲਈ ਡਿਪਾਰਟਮੈਂਟਲ ਸਟੋਰ ਅਤੇ ਫੂਡ ਕੋਰਟ ਦਾ ਪ੍ਰਬੰਧ ਵੀ ਕੀਤਾ ਜਾਵੇਗਾ, ਜਿਸ ਨਾਲ ਨਾ ਸਿਰਫ਼ ਸਹਿਕਾਰੀ ਅਦਾਰਿਆਂ ਨੂੰ ਵਿੱਤੀ ਫਾਇਦਾ ਹੋਵੇਗਾ ਸਗੋਂ ਆਮ ਜਨਤਾ ਨੂੰ ਵੀ ਸਸਤੇ ਅਤੇ ਵਧੀਆ ਸਤਰ ਦੇ ਉਤਪਾਦ ਉਪਲੱਬਧ ਹੋਣਗੇ।

ਸੁਖਜਿੰਦਰ ਸਿੰਘ ਰੰਧਾਵਾ ਨੇ ਦਸਿਆ ਕਿ ਸਹਿਕਾਰੀ ਖੰਡ ਮਿੱਲਾਂ ਵੱਲੋਂ ਗੰਨਾ ਕਾਸ਼ਤਾਕਾਰਾਂ ਨੂੰ ਖੰਡ ਮਿੱਲਾਂ ਵਿੱਚ ਹੀ ਉਧਾਰ ਡੀਜ਼ਲ ਤੇ ਪੈਟਰੋਲ ਦੀ ਸਪਲਾਈ ਕੀਤੀ ਜਾਵੇਗੀ ਅਤੇ ਇਸਦੀ ਕੀਮਤ ਗੰਨੇ ਦੀ ਕੀਮਤ ਦੀ ਅਦਾਇਗੀ ਵਿੱਚ ਐਡਜਸਟ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਲ੍ਹ ਵਿਭਾਗ ਵੀ ਜੂਨ ਦੇ ਪਹਿਲੇ ਹਫ਼ਤੇ ਐਮ.ਓ.ਯੂ. ਕਰਨ ਜਾ ਰਿਹਾ ਹੈ।

ਇਸ ਮੌਕੇ ਵਧੀਕ ਮੁੱਖ ਸਕੱਤਰ (ਸਹਿਕਾਰਤਾ) ਵਿਸਵਾਜੀਤ ਖੰਨਾ, ਇੰਡੀਅਨ ਆਇਲ ਕਾਰਪੋਰੇਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸੁਜਾਏ ਚੌਧਰੀ, ਪ੍ਰਾਜੈਕਟ ਦੇ ਨੋਡਲ ਅਫਸਰ ਅਤੇ ਸ਼ੂਗਰਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਦਵਿੰਦਰ ਸਿੰਘ, ਮਾਰਕਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਵਰੁਣ ਰੂਜ਼ਮ, ਮਿਲਕਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਕਮਲਦੀਪ ਸਿੰਘ ਸੰਘਾ, ਪੰਜਾਬ ਰਾਜ ਸਹਿਕਾਰੀ ਬੈਂਕ ਦੇ ਪ੍ਰਬੰਧਕੀ ਨਿਰਦੇਸ਼ਕ ਡਾ. ਐਸ.ਕੇ. ਬਾਤਿਸ਼ ਆਦਿ ਹਾਜ਼ਰ ਸਨ।