ਹਾਈਕੋਰਟ ਵਲੋਂ ਚਰਨਜੀਤ ਸਿੰਘ ਸ਼ਰਮਾ ਦੀ ਜ਼ਮਾਨਤ ਮੰਜ਼ੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿਲ ਦੀ ਬਿਮਾਰੀ ਤੋਂ ਪੀੜਤ ਸ਼ਰਮਾ ਨੇ ਸਟੰਟ ਪਵਾਉਣ ਲਈ ਮੰਗੀ ਸੀ ਜ਼ਮਾਨਤ

Punjab and Haryana High Court Order

ਚੰਡੀਗੜ੍ਹ: ਬਹਿਬਲ ਕਲਾਂ ਗੋਲੀਕਾਂਡ ਮਾਮਲੇ ’ਚ ਨਾਮਜ਼ਦ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਦੀ ਜ਼ਮਾਨਤ ਅਰਜ਼ੀ ਹਾਈਕੋਰਟ ਨੇ ਮਨਜ਼ੂਰ ਕਰ ਲਈ ਹੈ। ਦੱਸਣਯੋਗ ਹੈ ਕਿ 2015 ਦੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਨਾਮਜ਼ਦ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਅਪਣੀ ਵਿਗੜਦੀ ਸਿਹਤ ਦੇ ਆਧਾਰ ਉਤੇ ਅੰਤਰਿਮ ਜ਼ਮਾਨਤ ਲਈ ਹਾਈਕੋਰਟ ਪੁੱਜੇ ਸਨ।

ਨਜ਼ਰਬੰਦ ਸ਼ਰਮਾ ਦੀ ਪਟੀਸ਼ਨ ਉਤੇ ਬੀਤੀ ਕੱਲ੍ਹ ਸਵੇਰ ਸੁਣਵਾਈ ਹੋਈ, ਜਿਸ ਨੂੰ ਅੱਜ ਯਾਨੀ ਬੁੱਧਵਾਰ ਲਈ ਅੱਗੇ ਪਾ ਦਿਤਾ ਗਿਆ ਸੀ। ਬੈਂਚ ਨੂੰ ਇਸ ਪਟੀਸ਼ਨ ਤਹਿਤ ਕਿਹਾ ਗਿਆ ਕਿ ਸ਼ਰਮਾ ਦਿਲ ਦੀ ਬਿਮਾਰੀ ਦੇ ਮਰੀਜ਼ ਹਨ ਅਤੇ ਉਨ੍ਹਾਂ ਦੇ ਸਟੰਟ ਪੈਣਾ ਹੈ। ਇਸ ਲਈ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਦਿਤੀ ਜਾਵੇ। ਇਸ ਬਾਰੇ ਪੀਜੀਆਈ ਚੰਡੀਗੜ੍ਹ ਦੀ ਇਕ ਡਾਕਟਰੀ ਰਿਪੋਰਟ ਵੀ ਬੈਂਚ ਅੱਗੇ ਪੇਸ਼ ਕੀਤੀ ਗਈ।

ਇਹ ਵੀ ਦੱਸ ਦਈਏ ਕਿ ਜਨਵਰੀ ਮਹੀਨੇ ਪੰਜਾਬ ਪੁਲਿਸ ਵਲੋਂ ਬਹਿਬਲ ਕਲਾਂ ਗੋਲੀਕਾਂਡ ਮਾਮਲੇ ’ਚ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।