ਕਰੋਨਾ ਨਾਲ ਨਜਿੱਠਣ ਸਬੰਧੀ ਅਮਰੀਕਾ 'ਚ ਹੋ ਰਹੀ ਪੰਜਾਬ ਮਾਡਲ ਦੀ ਚਰਚਾ, ਜਾਣੋਂ ਪੂਰਾ ਮਾਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਕਰੋਨਾ ਵਾਇਰਸ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ।

Covid 19

ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਕਰੋਨਾ ਵਾਇਰਸ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ। ਉੱਥੇ ਹੀ ਦੇਸ਼ ਵਿਚ ਕੁਝ ਅਜਿਹੇ ਵੀ ਸੂਬੇ ਹਨ। ਜਿਨ੍ਹਾਂ ਨੇ ਕਰੋਨਾ ਮਹਾਂਮਾਰੀ ਖਿਲਾਫ ਚੰਗਾ ਕੰਮ ਕੀਤਾ ਹੈ ਅਤੇ ਜਿਸ ਤੋਂ ਬਾਅਦ ਉੱਥੇ ਕਰੋਨਾ ਮਾਮਲਿਆਂ ਵਿਚ ਗਿਰਾਵਟ ਦੇਖਣ ਨੂੰ ਮਿਲੀ। ਇਸ ਤਰ੍ਹਾਂ ਯੂਨੀਵਰਸਿਟੀ ਆਫ ਮਿਸ਼ੀਗਨ ਵਿਚ ਬਾਓਸਟੈਟਿਕਸ ਅਤੇ ਮਹਾਂਮਾਰੀ ਰੋਗ ਮਾਹਿਰ ਭ੍ਰਮਰ ਮੁਖਰਜੀ ਨੇ ਭਾਰਤ ਦੇ ਕੋਰੋਨਾ ਪ੍ਰਭਾਵਿਤ 20 ਸੂਬਿਆਂ 'ਤੇ ਇੱਕ ਸਟੱਡੀ ਕੀਤੀ ਹੈ। ਉਨ੍ਹਾਂ ਦੀ ਸਟੱਡੀ ਮੁਤਾਬਕ ਕੇਰਲ ਤੋਂ ਇਲਾਵਾ ਪੰਜਾਬ ਉਹ ਦੂਜਾ ਸੂਬਾ ਹੈ, ਜਿਸ ਨੇ ਕੋਰੋਨਾਵਾਇਰਸ 'ਤੇ ਤੁਲਨਾਤਮਕ ਤੌਰ 'ਤੇ ਬਿਹਤਰ ਕੰਮ ਕੀਤਾ ਹੈ। ਦੱਸ ਦੱਈਏ ਕਿ ਪ੍ਰੋ. ਭ੍ਰਮਰ ਮੁਖਰਜੀ ਨੇ 'ਲੌਕਡਾਊਨ ਇਫੈਕਟ ਆਨ ਕੋਵਿਡ-19 ਸਪ੍ਰੈਡ ਇਨ ਇੰਡੀਆ  ਨੈਸ਼ਨਲ ਡਾਟਾ ਮਾਸਕਿੰਗ ਸਟੇਟ ਲੇਵਲ ਟ੍ਰੈਂਡਸ' 'ਤੇ ਇੱਕ ਰਿਸਰਚ ਪੇਪਰ ਲਿਖਿਆ ਹੈ। ਇਸੇ ਪੇਪਰ ਵਿੱਚ ਉਨ੍ਹਾਂ ਨੇ ਪੰਜਾਬ ਦਾ ਜ਼ਿਕਰ ਕੇਰਲ ਸੂਬੇ ਦੇ ਨਾਲ ਕੀਤਾ ਹੈ। ਇਸ ਤਰ੍ਹਾਂ ਪੰਜਾਬ ਅਤੇ ਕੇਰਲ ਦਾ ਨਾਮ ਅਜਿਹੇ ਰਾਜਾਂ ਵਿਚ ਆ ਰਿਹਾ ਹੈ ਜਿੱਥੇ ਕਰੋਨਾ ਵਾਇਰਸ ਨਾਲ ਨਜਿੱਠਣ ਦੇ ਲਈ ਸਰਕਾਰਾਂ ਵੱਲੋਂ ਵਧੀਆ ਕੰਮ ਕੀਤੇ ਜਾ ਰਹੇ ਹਨ।

ਆਉ ਜਾਣਦੇ ਹਾਂ ਪੰਜਾਬ ਦੂਜੇ ਸੂਬਿਆਂ ਤੋਂ ਵੱਖਰਾ ਕਿਵੇਂ?

ਪ੍ਰੋ. ਮੁਖਰਜੀ ਵੱਲੋਂ ਡਾਟੇ ਦੇ ਅਧਾਰ ਤੇ ਦੱਸਿਆ ਗਿਆ ਕਿ ਭਾਰਤ ਚ ਜੁਲਾਈ ਦੀ ਸ਼ੁਰੂਆਤ ਤੱਕ 6,30,000 ਤੋਂ ਲੈ ਕੇ 21 ਲੱਖ ਲੋਕ ਕਰੋਨਾ ਦੇ ਪ੍ਰਭਾਵ ਹੇਠ ਆ ਸਕਦੇ ਹਨ। ਪਰ ਜਦੋਂ ਪੱਤਰਕਾਰਾਂ ਦੇ ਵੱਲੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਪੀਕ ਦੀ ਗੱਲ ਹਰ ਕੋਈ ਕਰਦਾ ਹੈ, ਪਰ ਮਾਮਲੇ ਆਉਣੇ ਕਦੋਂ ਬੰਦ ਹੋਣਗੇ? ਇਸ ਦੇ ਜਵਾਬ ਵਿੱਚ ਪ੍ਰੋ. ਭ੍ਰਮਰ ਮੁਖਰਜੀ ਨੇ ਕਿਹਾ, "ਭਾਰਤ ਵਿੱਚ ਲੌਕਡਾਊਨ ਦੇ ਅਸਰ ਬਾਰੇ ਸਟੱਡੀ ਦੌਰਾਨ ਅਸੀਂ ਦੇਖਿਆ ਕਿ ਕੁਝ ਸੂਬਿਆਂ ਵਿੱਚ ਕੋਵਿਡ-19 ਦੇ ਫੈਲਣ ਦਾ ਸਿਲਸਿਲਾ ਹੁਣ ਹੌਲਾ ਪੈਂਦਾ ਦਿਖਾਈ ਦੇ ਰਿਹਾ ਹੈ। ਇਹੀ ਕਾਰਨ ਹੈ ਕਿ R ਨੰਬਰ ਜੋ ਪਹਿਲਾ ਭਾਰਤ ਲਈ 3 ਦੇ ਆਲੇ-ਦੁਆਲੇ ਸੀ ਉਹ ਹੁਣ 1.3 ਦੇ ਨੇੜੇ ਪਹੁੰਚ ਗਿਆ ਹੈ। R ਨੰਬਰ ਦਾ ਮਤਲਬ ਹੁੰਦਾ ਹੈ, ਰੀ-ਪ੍ਰੋਡਕਸ਼ਨ ਨੰਬਰ। ਕੋਰਨਾ ਲਾਗ ਉਦੋਂ ਤੱਕ ਫੈਲਦਾ ਰਹਿੰਦਾ ਹੈ ਜਦੋਂ ਤੱਕ ਪੀੜਤ ਵਿਅਕਤੀ ਨਾਲ ਔਸਤਨ ਇੱਕ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੁੰਦੇ ਰਹਿੰਦੇ ਹਨ। ਇਸ ਨੂੰ 1 ਤੋਂ ਹੇਠਾਂ ਰੱਖਣਾ ਬਹੁਤ ਜ਼ਰੂਰੀ ਹੈ। ਜ਼ਿਆਦਾ ਸਮੇਂ ਤੱਕ 1 ਤੋਂ ਹੇਠਾਂ ਰਹਿਣ 'ਤੇ ਹੀ ਮਹਾਂਮਾਰੀ ਦਾ ਖ਼ਤਰਾ ਟਾਲਿਆ ਜਾ ਸਕਦਾ ਹੈ। ਇਸੇ ਸੰਦਰਭ ਵਿੱਚ ਪੰਜਾਬ ਸੂਬੇ ਦੀ ਮਿਸਾਲ ਦਿੰਦਿਆਂ ਹੋਇਆਂ ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਪਿਛਲੇ 7-10 ਦਿਨ ਤੱਕ R ਨੰਬਰ 1 ਤੋਂ ਹੇਠਾਂ ਰਿਹਾ ਹੈ। ਇਹ ਦਰ ਕਦੇ 0.5 ਤਾਂ ਕਦੇ 0.4 ਰਹੀ ਹੈ। ਪ੍ਰੋ. ਮੁਖਰਜੀ ਕੋਰੋਨਾ ਲਾਗ ਵਿੱਚ R ਨੰਬਰ ਨੂੰ ਸਭ ਤੋਂ ਵੱਧ ਤਵੱਜੋ ਦਿੰਦੀ ਹੈ। ਚੀਨ ਦੇ ਵੂਹਾਨ ਸ਼ਹਿਰ ਵਿੱਚ R ਨੰਬਰ 0.3 ਹੈ। ਉਹ ਕਹਿੰਦੀ ਹੈ ਕਿ ਜੇਕਰ ਪੰਜਾਬ ਵਿੱਚ ਨਵੇਂ ਮਾਮਲੇ ਸਾਹਮਣੇ ਨਾ ਆਉਣ ਅਤੇ R ਨੰਬਰ ਆਪਣੀ ਥਾਂ 'ਤੇ ਬਰਕਰਾਰ ਰਹੇ ਤਾਂ ਉੱਥੋਂ ਮਹਾਂਮਾਰੀ ਦਾ ਖ਼ਤਰਾ ਟਾਲਿਆ ਜਾ ਸਕਦਾ ਹੈ। ਪੰਜਾਬ ਵਿਚ ਕਰੋਨਾ ਵਾਇਰਸ ਦੀ ਪ੍ਰਭਾਵ ਨੂੰ ਪ੍ਰੋ.ਮੁਖਰਜੀ ਵੱਲੋਂ  ਇਕ ਗ੍ਰਾਫ ਰਾਹੀ ਸਮਝਾਉਂਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਵਿੱਚ ਆਰੇਂਜ ਰੰਗ ਨਵੇਂ ਮਾਮਲੇ ਲਈ ਹੈ, ਹਰੇ ਰੰਗ ਠੀਕ ਹੋਏ ਮਾਮਲਿਆਂ ਲਈ ਹੈ ਅਤੇ ਲਾਲ ਰੰਗ ਕੋਰੋਨਾ ਨਾਲ ਹੋਈ ਮੌਤ ਨੂੰ ਦਿਖਾਉਂਦਾ ਹੈ। ਉਨ੍ਹਾਂ ਅਨੁਸਾਰ ਪੰਜਾਬ ਵਿਚ ਰਿਕਵਰੀ ਰੇਟ ਬਾਕੀ ਸੂਬਿਆਂ ਮੁਕਾਬਲੇ ਵਧੀਆ ਹੈ।

ਇਸ ਤਰ੍ਹਾਂ ਪੰਜਾਬ ਵਿਚ ਨਵੇਂ ਮਾਮਲਿਆਂ ਦੀ ਗਿਣਤੀ ਘੱਟ ਅਤੇ ਠੀਕ ਹੋਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ। ਪ੍ਰੋ ਮੁਖਰਜੀ ਮੁਤਾਬਿਕ ਭਾਰਤ ਚ 20 ਸੂਬਿਆਂ ਚੋਂ ਦੇਸ਼ ਦੇ 99 ਫੀਸਦੀ ਮਾਮਲੇ ਰਿਕਾਰਡ ਹੋਏ ਹਨ। ਇਸ ਲਈ ਸਾਰੇ ਸੂਬਿਆਂ ਵਿੱਚ ਟੈਸਟਿੰਗ ਹੋਵੇ, ਜਾਂ ਡਬਲਿੰਗ ਰੇਟ ਜਾਂ ਫਿਰ ਮਾਰਟੇਲਿਟੀ ਰੇਟ, ਸੂਬਿਆਂ ਵਿੱਚ ਬਹੁਤ ਜ਼ਿਆਦਾ ਵੰਨ-ਸੁਵੰਨਤਾਵਾਂ ਦੇਖਣ ਨੂੰ ਮਿਲਦੀਆਂ ਹਨ। ਅਤੇ ਇਨ੍ਹਾਂ ਸਾਰੇ ਪੈਮਾਨਿਆਂ 'ਤੇ ਦੇਖੀਏ ਤਾਂ ਪੰਜਾਬ ਦੀ ਪਰਫਾਰਮੈਂਸ ਕੇਰਲ ਵਾਂਗ ਕਈ ਥਾਂ ਚੰਗੀ ਰਹੀ ਹੈ। ਉਹ ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਨੂੰ ਇਸ ਦਾ ਸਿਹਰਾ ਦਿੰਦੀ ਹੈ। ਦੱਸ ਦੱਈਏ ਕਿ ਪੰਜਾਬ ਦੀ ਕੁੱਲ ਅਬਾਦੀ 2 ਕਰੋੜ 77 ਲੱਖ ਹੈ। ਉਧਰ ਪੰਜਾਬ ਵਿਚ ਤਾਜਾ ਅੰਕੜਿਆਂ ਅਨੁਸਾਰ ਹੁਣ ਤੱਕ 2139 ਕਰੋਨਾ ਮਾਮਲੇ ਦਰਜ਼ ਹੋਏ ਹਨ ਅਤੇ ਇਨ੍ਹਾਂ ਵਿਚੋਂ 1918 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਨਾਲ ਇੱਥੇ 40 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਤ ਦਾਂ ਇਹ ਅੰਕੜਾ ਪਿਛਲੇ ਚਾਰ ਦਿਨਾਂ ਤੋਂ ਅਜਿਹਾ ਹੀ ਬਣਿਆ ਹੋਇਆ ਹੈ। ਮੁਖਰਜੀ ਮੁਤਾਬਕ ਜਦੋਂ ਭਾਰਤ ਦੇ ਨੈਸ਼ਨਲ ਡਾਟਾ ਦੀ ਗੱਲ ਕਰਦੇ ਹਾਂ ਤਾਂ ਸੂਬਿਆਂ ਦੀਆਂ ਵੰਨ-ਸੁਵੰਨਤਾਵਾਂ ਸਾਹਮਣੇ ਨਹੀਂ ਆਉਂਦੀਆ ਹਨ।

ਇਸ ਲਈ ਪੰਜਾਬ 'ਤੇ ਹੁਣ ਤੱਕ ਕਿਸੇ ਦੀ ਨਜ਼ਰ ਨਹੀਂ ਪਈ। ਪੰਜਾਬ ਨੇ ਆਪਣੇ ਪੱਧਰ 'ਤੇ ਕੋਰੋਨਾ ਦਾ ਪੀਕ (ਜਦੋਂ ਮਾਮਲੇ ਆਪਣੇ ਸ਼ਿਖ਼ਰ ਉੱਤੇ ਪਹੁੰਚੇ) ਦੇਖਿਆ ਅਤੇ ਝੱਲਿਆ ਹੈ। ਉਹ ਇਸ ਗੱਲ ਤੋਂ ਇਨਕਾਰ ਨਹੀਂ ਕਰਦੀ ਹਨ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਪੀਕ ਆ ਸਕਦਾ ਹੈ ਪਰ ਉਨ੍ਹਾਂ ਇਹ ਮੁਲੰਕਣ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ 15 ਮਈ ਤੱਕ ਦੇ ਲੌਕਡਾਊ 'ਤੇ ਆਧਾਰਿਤ ਹੈ। ਪੰਜਾਬ ਵਿੱਚ ਰਿਕਵਰੀ ਰੇਟ ਚੰਗਾ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਲੋਕਾਂ ਨੂੰ ਹਸਪਤਾਲ ਤੋਂ ਡਿਸਚਾਰਜ਼ ਕਰਨ ਦੀ ਗਾਈਡਲਾਈਨ ਬਦਲੀ ਹੈ। ਕੇਂਦਰ ਸਰਕਾਰ ਦੇ ਨਿਯਮਾਂ 'ਤੇ ਅਮਲ ਕਰਦਿਆਂ ਹੋਇਆ ਹੁਣ ਕੋਰੋਨਾ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਦੁਬਾਰਾ ਟੈਸਟ ਨਹੀਂ ਕਰਵਾਉਣਾ ਪੈਂਦਾ, ਸਿਰਫ਼ ਕੁਆਰੰਟੀਨ ਦਾ ਸਮਾਂ ਹਸਪਤਾਲ ਵਿੱਚ ਪੂਰਾ ਕਰਨਾ ਹੁੰਦਾ ਹੈ। ਇਸ ਗੱਲ ਨੂੰ ਸੂਬਾ ਸਰਕਾਰ ਵੀ ਸਵੀਕਾਰ ਕਰਦੀ ਹੈ। ਰਾਜੇਸ਼ ਭਾਸਕਰ ਮੁਤਾਬਕ 15 ਮਈ ਤੋਂ ਪੰਜਾਬ ਨੇ ਨਵੇਂ ਨਿਯਮਾਂ ਦੀ ਪਾਲਣ ਸ਼ੁਰੂ ਕੀਤਾ ਹੈ, ਇਸ ਤੋਂ ਪਹਿਲਾਂ ਪੰਜਾਬ ਵਿੱਚ ਰਿਕਵਰੀ ਰੇਟ 30-40 ਫੀਸਦ ਸੀ। ਮੁਖਰਜੀ ਅਨੁਸਾਰ ਪੰਜਾਬ ਵਿਚ ਸ਼ੁਰੂ ਦੇ ਦਿਨਾਂ ਵਿਚ ਕਰੋਨਾ ਮਾਮਲਿਆਂ ਚ ਤੇਜ਼ੀ ਦੇਖਣ ਨੂੰ ਮਿਲੀ ਸੀ। ਪਰ ਟ੍ਰੇਸਿੰਗ ਅਤੇ ਆਈਸੋਲੇਸ਼ਨ ਦੇ ਨਾਲ ਇਨ੍ਹਾਂ ਮਾਮਲਿਆਂ ਤੇ ਜਲਦ ਕਾਬੂ ਪਾ ਲਿਆ ਗਿਆ।