ਵਿੱਤ ਮੰਤਰੀ ਤੇ ਹਲਕਾ ਇੰਚਾਰਜ ’ਚ ਚਲ ਰਹੀ ਸਿਆਸੀ ਲੜਾਈ ਸੜਕਾਂ ’ਤੇ ਆਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਠਿੰਡਾ ਮਾਰਕੀਟ ਕਮੇਟੀ ਦਾ ਚੇਅਰਮੈਨ ਵੀ ਖੁਲ੍ਹ ਕੇ ਮਨਪ੍ਰੀਤ ਵਿਰੁਧ ਡਟਿਆ

Manpreet Badal

ਬਠਿੰਡਾ (ਸੁਖਜਿੰਦਰ ਮਾਨ) : ਕਦੇ ਪੱਕੇ ਦੋਸਤ ਰਹੇ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਤੇ ਵਿੱਤ ਮੰਤਰੀ  ਮਨਪ੍ਰੀਤ ਸਿੰਘ ਬਾਦਲ ਅਤੇ ਬਠਿੰਡਾ ਦਿਹਾਤੀ ਹਲਕੇ ਦੇ ਇੰਚਾਰਜ਼ ਹਰਵਿੰਦਰ ਸਿੰਘ ਲਾਡੀ ਵਿਚਕਾਰ ਚੱਲ ਰਹੀ ਸਿਆਸੀ ਲੜਾਈ ਹੁਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਸੂਤਰਾਂ ਮੁਤਾਬਕ ਅਪਣੇ ਹਲਕੇ ’ਚ ਵਿਤ ਮੰਤਰੀ ਦੇ ਨਜ਼ਦੀਕੀਆਂ ਦੀ ਕਥਿਤ ਦਖਲਅੰਦਾਜ਼ੀ ਤੋਂ ਦੁਖੀ ਉਕਤ ਹਲਕਾ ਇੰਚਾਰਜ ਨੇ ਪੱਕੇ ਤੌਰ ’ਤੇ ‘ਕਰੋ ਜਾਂ ਮਰੋ’ ਵਾਲਾ ਮੋਰਚਾ ਖੋਲ੍ਹ ਦਿਤਾ ਹੈ।

ਹਾਲਾਂਕਿ ਬਠਿੰਡਾ ਦਿਹਾਤੀ ਤੋਂ ਲਾਡੀ ਨੂੰ ਟਿਕਟ ਵਿਤ ਮੰਤਰੀ ਦੇ ਕੋਟੇ ਵਿਚੋਂ ਹੀ ਮਿਲੀ ਦੱਸੀ ਜਾਂਦੀ ਹੈ ਪ੍ਰੰਤੂ ਉਨ੍ਹਾਂ ਨੂੰ ਜਿੱਤ ਨਸੀਬ ਨਹੀਂ ਹੋਈ ਸੀ। ਕਾਂਗਰਸ ਪਾਰਟੀ ਦੇ ਅੰਦਰੂਨੀ ਸੂਤਰਾਂ ਮੁਤਾਬਕ ਇਸ ਸਿਆਸੀ ਲੜਾਈ ਵਿਚ ਜ਼ਿਲ੍ਹੇ ’ਚ ਪੈਂਦੇ ਦੋ ਵਿਧਾਨ ਸਭਾ ਹਲਕਿਆਂ ਤੋਂ ਇਲਾਵਾ ਮਾਨਸਾ ਜ਼ਿਲ੍ਹੇ ਦਾ ਇਕ ਹਲਕਾ ਇੰਚਾਰਜ ਅਤੇ ਲੋਕ ਸਭਾ ਚੋਣਾਂ ’ਚ ਕਿਸਮਤ ਅਜ਼ਮਾ ਚੁਕਿਆ ਇੱਕ ਵੱਡਾ ਆਗੂ ਵੀ ਹਲਕਾ ਇੰਚਾਰਜ਼ ਦੀ ਪਿੱਠ ’ਤੇ ਆ ਗਏ ਹਨ। ਜਦੋਂਕਿ ਬਠਿੰਡਾ ਸ਼ਹਿਰੀ ਕਾਂਗਰਸ ਦੇ ਲੰਮਾ ਸਮਾਂ ਪ੍ਰਧਾਨ ਰਹੇ ਤੇ ਹੁਣ ਮਾਰਕੀਟ ਕਮੇਟੀ ਦੇ ਚੇਅਰਮੈਨ ਮੋਹਨ ਲਾਲ ਝੂੰਬਾ ਤਾਂ ਅੱਜ ਵਿਤ ਮੰਤਰੀ ਵਿਰੋਧੀ ਧਰਨੇ ਵਿਚ ਵੀ ਸ਼ਾਮਲ ਰਹੇ।

ਚੱਲ ਰਹੀ ਚਰਚਾ ਮੁਤਾਬਕ ਜੇਕਰ ਵਿਤ ਮੰਤਰੀ ਵਲੋਂ ਆਉਣ ਵਾਲੇ ਦਿਨਾਂ ’ਚ ਮਾਮਲੇ ਨੂੰ ਸੰਭਾਲਿਆ ਨਾਂ ਗਿਆ ਤਾਂ ਇਹ ਸਿਆਸੀ ਲੜਾਈ ਵੱਡਾ ਮੋੜ ਕੱਟ ਸਕਦੀ ਹੈ। ਇੱਥੇ ਦਸਣਾ ਬਣਦਾ ਹੈ ਕਿ ਨਥਾਣਾ ਹਲਕਾ(ਹੁਣ ਭੁੱਚੋਂ ਮੰਡੀ) ਦੇ ਵਿਧਾਇਕ ਰਹੇ ਮਹਰੂਮ ਦਰਵੇਸ਼ ਸਿਆਸਤਦਾਨ ਜਸਮੇਲ ਸਿੰਘ ਦੇ ਪੁੱਤਰ ਹਰਵਿੰਦਰ ਸਿੰਘ ਲਾਡੀ ਬੈਂਕ ਦੀ ਨੌਕਰੀ ਛੱਡ ਕੇ ਮਨਪ੍ਰੀਤ ਸਿੰਘ ਬਾਦਲ ਵਲੋਂ ਪੀਪਲਜ਼ ਪਾਰਟੀ ਬਣਾਉਣ ਸਮੇਂ ਨਾਲ ਡਟਣ ਵਾਲੇ ਮੋਢੀਆਂ ਵਿਚੋਂ ਇੱਕ ਸਨ। ਉਨ੍ਹਾਂ ਪੀਪਲਜ਼ ਪਾਰਟੀ ਦੀ ਤਰਫ਼ੋਂ ਭੁੱਚੋਂ ਮੰਡੀ ਹਲਕੇ ਤੋਂ ਚੋਣ ਵੀ ਲੜੀਂ।

ਬਾਅਦ ਵਿਚ ਸ਼੍ਰੀ ਬਾਦਲ ਵਲੋਂ ਕਾਂਗਰਸ ਵਿਚ ਸਮੂਲੀਅਤ ਕਰਨ ਸਮੇਂ ਲਾਡੀ ਨੇ ਵੀ ਨਾਲ ਹੀ ਘਰ ਵਾਪਸੀ ਕੀਤੀ ਸੀ। ਇਹੀਂ ਨਹੀਂ ਬਾਅਦ ਵਿਚ ਲਾਡੀ ਦੀ ਹਲਕੇ ’ਚ ਭਰਵੀਂ ਪਕੜ ਹੋਣ ਦੇ ਬਾਵਜੂਦ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਕਾਂਗਰਸ ਦੀ ਟਿਕਟ ’ਤੇ ਚੋਣ ਲੜਣ ਵਾਲੇ ਰਾਜਾ ਵੜਿੰਗ ਦੀ ਇਸ ਹਲਕੇ ਵਿਚੋਂ ਵੋਟ ਘਟ ਗਈ ਸੀ।

ਪਾਰਟੀ ਦੇ ਅੰਦਰੂਨੀ ਸੂਤਰਾਂ ਮੁਤਾਬਕ ਪਿਛਲੇ ਕੁੱਝ ਸਮੇਂ ਤੋਂ ਹਲਕੇ ’ਚ ‘ਸੁਪਰਮੇਸੀ’ ਨੂੰ ਲੈ ਕੇ ਵਿਤ ਮੰਤਰੀ ਦੇ ਨਜਦੀਕੀਆਂ ਅਤੇ ਹਰਵਿੰਦਰ ਸਿੰਘ ਲਾਡੀ ਵਿਚਕਾਰ ਦੂਰੀਆਂ ਵਧ ਰਹੀਆਂ ਸਨ ਪ੍ਰੰਤੂ ਸ਼੍ਰੀ ਬਾਦਲ ਵਲੋਂ ਵੀ ਮਾਮਲੇ ਨੂੰ ਮੌਕੇ ’ਤੇ ਨਹੀਂ ਸੰਭਾਲਿਆ ਗਿਆ ਤੇ ਗੱਲ ਇੱਥੋਂ ਤੱਕ ਵਧ ਗਈ ਕਿ ਲਾਡੀ ਵਿਤ ਮੰਤਰੀ ਨੂੰ ਛੱਡ ਕੈਪਟਨ ਅਮਰਿੰਦਰ ਸਿੰਘ ਦੀ ਸ਼ਰਨ ਵਿਚ ਚਲੇ ਗਏ, ਜਿਸਤੋਂ ਬਾਅਦ ਉਨ੍ਹਾਂ ਹਲਕੇ ਵਿਚ ਪੈਂਦੇ ਸਮੂਹ ਥਾਣਿਆਂ ਦੇ ਮੁਖੀ ਅਪਣੀ ਮਰਜ਼ੀ ਦੇ ਲਗਵਾ ਲਏ ਪ੍ਰੰਤੂ ਇਹ ਖ਼ੁਸ਼ੀ 24 ਘੰਟੇ ਵੀ ਬਰਕਰਾਰ ਨਾ ਰਹਿ ਸਕੀ, ਕਿਉਂਕਿ ਵਿਤ ਮੰਤਰੀ ਦੇ ਇਸ਼ਾਰੇ ’ਤੇ ਪਹਿਲਾਂ ਵਾਲੇ ਥਾਣੇਦਾਰਾਂ ਦੀ ਬਹਾਲੀ ਦੇ ਆਰਡਰ ਆ ਗਏ।

ਜਿਸਤੋਂ ਬਾਅਦ ਦੋਹਾਂ ’ਚ ਅੰਦਰਖ਼ਾਤੇ ਚੱਲ ਰਹੀ ਚਿੰਗਾਰੀ ਹੋਰ ਵੀ ਭੜਕ ਗਈ ਤੇ ਹਰਵਿੰਦਰ ਸਿੰਘ ਲਾਡੀ ਨੇ ਵਿਤ ਮੰਤਰੀ ਵਿਰੁਧ ਮੋਰਚਾ ਖੋਲ੍ਹ ਦਿਤਾ। ਹੁਣ ਆਉਣ ਵਾਲੇ ਸਮੇਂ ਵਿਚ ਇਹ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਬਣਨ ਦੀ ‘ਲਾਲਸਾ’ ਪਾਲਣ ਵਾਲੇ ਮਨਪ੍ਰੀਤ ਸਿੰਘ ਬਾਦਲ ਅਪਣੇ ਪੁਰਾਣੇ ਸਾਥੀ ਨੂੰ ਮਨਾਉਣ ਵਿਚ ਕਾਮਯਾਬ ਹੁੰਦੇ ਹਨ ਜਾਂ ਉਨ੍ਹਾਂ ਦੇ ਸਿਆਸੀ ਵਿਰੋਧੀ ਮੌਕਾ ਸੰਭਾਲ ਕੇ ਵਿਤ ਮੰਤਰੀ ਨੂੰ ਠਿੱਬੀ ਲਗਾਉਣ ਵਿਚ ਸਫ਼ਲ ਹੁੰਦੇ ਹਨ।