Lok Sabha Elections 2024: ਰਾਘਵ ਚੱਢਾ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ‘ਆਪ’ ਉਮੀਦਵਾਰ ਮਲਵਿੰਦਰ ਸਿੰਘ ਕੰਗ ਲਈ ਕੀਤਾ ਚੋਣ ਪ੍ਰਚਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕਾਂ ਅੱਗੇ ਕੰਗ ਨੂੰ ਸੰਸਦ ਵਿਚ ਭੇਜਣ ਦੀ ਕੀਤੀ ਅਪੀਲ

MP Raghav Chadha campaigned for Sri Anandpur Sahib candidate Malvinder Singh Kang

Lok Sabha Elections 2024: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ‘ਆਪ’ ਉਮੀਦਵਾਰ ਮਲਵਿੰਦਰ ਸਿੰਘ ਕੰਗ ਲਈ ਚੋਣ ਪ੍ਰਚਾਰ ਕੀਤਾ। ਰੋਡ ਸ਼ੋਅ ਵਿਚ ਲੋਕਾਂ ਦੀ ਭੀੜ ਨੇ ਇਕ ਆਵਾਜ ਵਿਚ ਇੰਕਲਾਬ ਜਿੰਦਾਬਾਦ ਦੇ ਨਾਅਰਿਆਂ ਨਾਲ ਭਰੋਸਾ ਦਿਤਾ ਕਿ ਮਲਵਿੰਦਰ ਕੰਗ ਨੂੰ ਭਾਰੀ ਵੋਟਾਂ ਨਾਲ ਜਿਤਾਵਾਂਗੇ।

ਰੋਡ ਸ਼ੋਅ ਨੂੰ ਸੰਬੋਧਨ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਥੇ ਆਏ ਸਨ ਅਤੇ ਤੁਸੀ ਲੋਕਾਂ ਨੇ ਮੇਰਾ ਮਾਣ-ਸਨਮਾਨ ਰੱਖਦਿਆਂ ਭਾਰੀ ਵੋਟਾਂ ਨਾਲ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਸਰਕਾਰ ਬਣਾਈ। ਉਨ੍ਹਾਂ ਨੇ ਕਿਹਾ ਕਰੀਬ ਸਵਾ 2 ਸਾਲਾਂ ਵਿਚ ਹੀ ਪੰਜਾਬ ਦੀ ਇਮਾਨਦਾਰ ਸਰਕਾਰ ਨੇ ਪੰਜਾਬ ਹਿਤੈਸ਼ੀ ਫੈਸਲੇ ਲੈ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵੱਲ ਨੂੰ ਕਦਮ ਵਧਾ ਰਹੀ ਹੈ।

ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਦੀ ਜਨਤਾ ਦਾ ਹੁਣ ਬਿਜਲੀ ਦਾ ਬਿਲ ਜ਼ੀਰੋ ਆ ਰਿਹਾ ਹੈ। ਹਰ ਮੁਹੱਲੇ ਵਿਚ ਮੁਹੱਲਾ ਕਲੀਨਿਕ ਖੋਲੇ ਗਏ ਹਨ ਅਤੇ ਹੋਰ ਵੀ ਖੋਲੇ ਜਾ ਰਹੇ ਹਨ, ਜਿੰਨਾਂ ਵਿਚ ਲੋਕਾਂ ਨੂੰ ਮੁਫਤ ਦਵਾਈ  ਅਤੇ ਟੈਸਟ ਦੀ ਸੁਵਿਧਾ ਦਿਤੀ ਜਾ ਰਹੀ ਹੈ। ਸਕੂਲਾਂ ਵਿਚ ਕਾਫੀ ਸੁਧਾਰ ਕਰ ਦਿਤਾ ਹੈ ਅਤੇ ਐਮੀਨੈਂਸ ਸਕੂਲ ਬਣਾਏ ਜਾ ਰਹੇ ਹਨ। ਪੰਜਾਬ ਦੀ ਕਰੀਬ 43000 ਨੌਜਵਾਨਾਂ ਨੂੰ ਬਿਨਾ ਕਿਸੇ ਰਿਸ਼ਵਤ ਦੇ ਮੈਰਿਟ ਦੇ ਅਧਾਰ ਉੱਤੇ ਸਰਕਾਰੀ ਨੌਕਰੀਆਂ ਦਿਤੀਆਂ ਹਨ।

ਰਾਘਵ ਚੱਢਾ ਨੇ ਕਿਹਾ ਕਿ ਇਹ ਚੋਣ ਕੋਈ ਐਮ.ਪੀ ਬਣਾਉਣ ਦੀ ਚੋਣ ਨਹੀਂ ਹੈ। ਇਹ ਚੋਣ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਲਈ ਚੋਣ ਲੜੀ ਜਾ ਰਹੀ ਹੈ। ਜੇਕਰ ਨਰਿੰਦਰ ਮੋਦੀ ਫਿਰ ਤੋਂ ਸੱਤਾ ਵਿਚ ਆ ਜਾਂਦੇ ਹਨ ਤਾਂ ਦੇਸ਼ ਦਾ ਲੋਕਤੰਤਰ ਨੂੰ ਖਤਮ ਕਰਨ ਦੇ ਨਾਲ-ਨਾਲ ਚੋਣ ਪ੍ਰਣਾਲੀ ਨੂੰ ਵੀ ਖਤਮ ਕਰ ਦਿਤਾ ਜਾਵੇਗਾ। ਇਸ ਲਈ ਹੁਣ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਦੀ ਜਿੰਮੇਵਾਰੀ ਤਾਹੁਡੇ ਹੱਥ ਹੈ, ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਆਪਣੀ ਵੋਟ ਦੀ ਤਾਕਤ ਨਾਲ ਮੋਦੀ ਨੂੰ ਦੇਸ਼ ਦੀ ਸਿਆਸਤ ਵਿਚੋਂ ਬਾਹਰ ਕੱਢ ਕੇ ਦੇਸ਼ ਦੇ ਲੋਕਤੰਤਰ ਬਚਾਓ।

ਰਾਘਵ ਚੱਢਾ ਨੇ ਕਿਹਾ ਕਿ ਜੇਕਰ ਤੁਸੀ ਆਮ ਆਦਮੀ ਪਾਰਟੀ ਦੇ 13 ਦੇ 13 ਉਮੀਦਵਾਰਾਂ ਨੂੰ ਭਾਰੀ ਵੋਟਾਂ ਨਾਲ ਜਿਤਾ ਦਿੰਦੇ ਹੋ ਤਾਂ ਸਾਡੀ ਤਾਕਤ ਕਈ ਗੁਣਾ ਵੱਧ ਜਾਵੇਗੀ ਅਤੇ ਅਸੀਂ ਇਸ ਤਾਕਤ ਨਾਲ ਪੰਜਾਬ ਦੇ ਰੋਕੇ ਗਏ ਕਰੋੜਾਂ ਦੇ ਫੰਡਾਂ ਨੂੰ ਜਾਰੀ ਕਰਵਾਵਾਂਗੇ। ਮਲਵਿੰਦਰ ਕੰਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿੱਚ ਮਾਨ ਸਰਕਾਰ ਦੀ ਬੇਮਿਸਾਲ ਕਾਰਗੁਜ਼ਾਰੀ ਦੇ ਆਧਾਰ ’ਤੇ ਉਨ੍ਹਾਂ ਨੂੰ ਵੋਟ ਪਾਉਣ। ਉਹ ਅਨੰਦਪੁਰ ਦੇ ਸੰਸਦ ਮੈਂਬਰ ਵਜੋਂ ਆਪਣੀ ਜ਼ਿੰਮੇਵਾਰੀ ਨੂੰ ਵੀ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ।