ਮਹਾਰਾਜਾ ਰਣਜੀਤ ਸਿੰਘ ਐਵਾਰਡ ਹਰ ਸਾਲ ਦਿਤੇ ਜਾਇਆ ਕਰਨਗੇ: ਰਾਣਾ ਸੋਢੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੇਡ ਅਤੇ ਨੌਜਵਾਨ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸ. ਰਾਣਾ ਗੁਰਮੀਤ ਸਿੰਘ ਸੋਢੀ ਨੇ ਐਲਾਨ ਕੀਤਾ ਕਿ ਰਾਸ਼ਟਰਮੰਡਲ....

Rana Gurmeet Singh Sodhi Rewarding the Players

ਅੰਮ੍ਰਿਤਸਰ : ਖੇਡ ਅਤੇ ਨੌਜਵਾਨ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸ. ਰਾਣਾ ਗੁਰਮੀਤ ਸਿੰਘ ਸੋਢੀ ਨੇ ਐਲਾਨ ਕੀਤਾ ਕਿ ਰਾਸ਼ਟਰਮੰਡਲ ਖੇਡਾਂ ਵਿਚ ਜੇਤੂ ਰਹੇ ਪੰਜਾਬ ਦੇ ਖਿਡਾਰੀਆਂ ਨੂੰ ਐਲਾਨੀ ਇਨਾਮੀ ਰਾਸ਼ੀ ਛੇਤੀ ਹੀ ਜਾਰੀ ਕਰ ਦਿਤੀ ਜਾਵੇਗੀ। ਅੱਜ ਗੁਰੂ ਨਾਨਕ ਦੇਵ ਯੂਨੀਵਰਸਟੀ ਵਿਚ ਪੰਜਾਬ ਸਾਫ਼ਟਬਾਲ ਐਸੋਸੀਏਸ਼ਨ ਵਲੋਂ ਕਰਵਾਏੇ 10ਵੇਂ ਸਾਫ਼ਟਬਾਲ ਫ਼ੈਡਰੇਸ਼ਨ ਕੱਪ ਦੇ ਸਮਾਪਤੀ ਸਮਾਰੋਹ ਮੌਕੇ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦੇ ਸ. ਰਾਣਾ ਸੋਢੀ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਵਿਚ ਖੇਡ ਸਭਿਆਚਾਰ ਪੈਦਾ ਕਰਨ ਲਈ ਦ੍ਰਿੜ ਹੈ,

ਤਾਂ ਕਿ ਪਿੰਡਾਂ ਤੇ ਸ਼ਹਿਰਾਂ ਦੇ ਨੌਜਵਾਨ ਸਰੀਰਕ ਤੇ ਮਾਨਸਿਕ ਪੱਖੋਂ ਤੰਦਰੁਸਤ ਹੋ ਸਕਣ। ਉਨ੍ਹਾਂ ਕਿਹਾ ਕਿ ਖੇਡਾਂ ਦੇ ਖੇਤਰ ਵਿਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਦਿਤੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਲਗਾਤਾਰ ਹਰ ਸਾਲ ਦਿਤੇ ਜਾਇਆ ਕਰਨਗੇ, ਤਾਕਿ ਖੇਡ ਤੇ ਖਿਡਾਰੀਆਂ ਨੂੰ ਹੌਸਲਾ ਮਿਲਦਾ ਰਹੇ। ਸ. ਸੋਢੀ ਨੇ ਦਸਿਆ ਕਿ ਪੰਜਾਬ ਵਿਚ ਵੱਖ-ਵੱਖ ਖੇਡਾਂ ਨੂੰ ਮੁੜ ਲੀਹਾਂ ਉਤੇ ਲਿਆਉਣ ਲਈ ਛੇਤੀ ਹੀ ਨਵੇਂ ਕੋਚ ਭਰਤੀ ਕੀਤੇ ਜਾਣਗੇ ਅਤੇ ਮੌਜੂਦਾ ਕੋਚਾਂ ਨੂੰ ਬਾਹਰੋਂ ਟਰੇਨਿੰਗ ਦਿਵਾ ਕੇ ਸਮੇਂ ਦੇ ਹਾਣੀ ਬਣਾਇਆ ਜਾਵੇਗਾ। 

ਇਸ ਮੌਕੇ ਬੋਲਦੇ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਦੇ ਖੇਡ ਸਟੇਡੀਅਮਾਂ ਦੇ ਨਵੀਨੀਕਰਨ ਅਤੇ ਕ੍ਰਿਕਟ ਸਟੇਡੀਅਮ ਨੂੰ ਵੱਡਾ ਕਰਨ ਦੀ ਮੰਗ ਬੜੇ ਜ਼ੋਰ ਨਾਲ ਖੇਡ ਮੰਤਰੀ ਕੋਲ ਉਠਾਈ, ਜਿਸ ਦੇ ਉਤਰ ਵਿਚ ਉਨ੍ਹਾਂ ਭਰੋਸਾ ਦਿਤਾ ਕਿ ਸ਼ਹਿਰ ਵਿਚ ਖੇਡਾਂ ਦਾ ਮੁਢਲਾ ਢਾਂਚਾ ਵਿਕਸਤ ਕਰਨ ਲਈ ਵਿਸਥਾਰਤ ਰੀਪੋਰਟ ਲੈ ਕੇ ਕੰਮ ਪੂਰਾ ਕੀਤਾ ਜਾਵੇਗਾ।

ਉਨ੍ਹਾਂ ਇਸ ਮੌਕੇ ਸਾਫ਼ਟਬਾਲ ਐਸੋਸੀਏਸ਼ਨ ਨੂੰ ਅਪਣੇ ਅਖਤਿਆਰੀ ਕੋਟੇ 'ਚੋਂ 3 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਉਨ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨਾਲ ਯੂਨੀਵਰਸਿਟੀ ਦੀਆਂ ਖੇਡ ਸਰਗਰਮੀਆਂ ਅਤੇ ਖੇਡਾਂ ਦੇ ਮੁਢਲਾ ਢਾਂਚੇ ਬਾਰੇ ਵਿਸਥਾਰਤ ਗੱਲਬਾਤ ਵੀ ਕੀਤੀ। ਇਸ ਮੌਕੇ ਵਿਧਾਇਕ ਸ. ਇੰਦਰਬੀਰ ਸਿੰਘ ਬੁਲਾਰੀਆ ਅਤੇ ਹੋਰ ਆਗੂ ਵੀ ਹਾਜ਼ਰ ਸਨ।