GST ਬਕਾਇਆ ਰਾਸ਼ੀ ਨੂੰ ਲੈ ਕੇ ਦਿਓਰ-ਭਰਜਾਈ ‘ਚ ਛਿੜੀ ਸਿਆਸੀ ਤਾਅਨਿਆਂ ਦੀ ਜੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਨਪ੍ਰੀਤ ਬਾਦਲ ਨੇ ਇੰਝ ਦਿੱਤਾ ਹਰਸਿਮਰਤ ਬਾਦਲ ਨੂੰ ਜਵਾਬ

Manpreet Badal and Harsimrat Badal

ਚੰਡੀਗੜ੍ਹ: ਬੀਤੇ ਦਿਨੀਂ ਕੇਂਦਰ ਸਰਕਾਰ ਵੱਲੋਂ ਪੰਜਾਬ ਸਮੇਤ ਕਈ ਰਾਜਾਂ ਨੂੰ ਸਾਲ 2019-20 ਲਈ ਜੀ.ਐਸ.ਟੀ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਗਈ। ਇਸ ਦੌਰਾਨ ਪੰਜਾਬ ਨੂੰ 12187 ਕਰੋੜ ਰੁਪਏ ਜਾਰੀ ਕੀਤੇ ਗਏ। ਇਸ ਤੋਂ ਬਾਅਦ ਪੰਜਾਬ ਵਿਚ ਸਿਆਸਤ ਫਿਰ ਤੋਂ ਗਰਮਾ ਗਈ ਹੈ। ਇਕ ਵਾਰ ਫਿਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ‘ਤੇ ਹਮਲਾ ਬੋਲਿਆ ਹੈ। 

ਦਰਅਸਲ ਬੀਤੇ ਦਿਨ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਦਿਆਂ ਕਿਹਾ ਕਿ, ‘ਭਾਰਤ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਸਾਲ 2019-20 ਲਈ 12187 ਕਰੋੜ ਰੁਪਏ ਦੀ ਜੀ.ਐਸ.ਟੀ ਮੁਆਵਜ਼ਾ ਰਾਸ਼ੀ ਜਾਰੀ ਕਰ ਦਿਤੀ ਗਈ, ਉਮੀਦ ਹੈ ਪੰਜਾਬ ਸਰਕਾਰ ਇਸ ਪੈਸੇ ਨਾਲ ਸੂਬੇ ਦੀ ਆਰਥਿਕ ਸਥਿਤੀ ਠੀਕ ਕਰੇਗੀ ਅਤੇ ਸ਼ਗਨ,ਪੈਨਸ਼ਨ ਵਰਗੀਆਂ ਗਰੀਬਾਂ ਲਈ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਦੇ ਨਾਲ ਮੁਲਾਜ਼ਮਾਂ ਨੂੰ ਸਮੇਂ ਸਿਰ ਭੁਗਤਾਨ ਕਰੇਗੀ’।

ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦੇ ਇਸ ਟਵੀਟ ਤੋਂ ਬਾਅਦ ਸੂਬੇ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਉਹਨਾਂ ਨੂੰ ਜਵਾਬ ਦਿੱਤਾ ਹੈ। ਉਹਨਾਂ ਨੇ ਪਹਿਲੇ ਟਵੀਟ ਵਿਚ ਲਿਖਿਆ, ‘ ਤੁਸੀਂ ਅਪਣੇ ਭਾਈਵਾਲ ਸਾਥੀਆਂ ਨੂੰ ਬੋਲੋ ਕਿ ਉਹ ਗੁੰਮਰਾਹ ਕਰਨਾ ਬੰਦ ਕਰੇ, ਜੋ ਬਕਾਇਆ ਰਾਸ਼ੀ ਜਾਰੀ ਕੀਤੀ ਗਈ ਹੈ, ਉਹ ਸਿਰਫ ਪੰਜਾਬ ਨੂੰ ਨਹੀਂ ਬਲਕਿ ਸਾਰੇ ਸੂਬਿਆਂ ਨੂੰ ਦਿੱਤੀ ਗਈ ਹੈ’।

ਇਸ ਤੋਂ ਬਾਅਦ ਇਹ ਹੋਰ ਟਵੀਟ ਵਿਚ ਮਨਪ੍ਰੀਤ ਬਾਦਲ ਨੇ ਕਿਹਾ ਕਿ, ‘4 ਮਹੀਨੇ ਦਾ ਜੀਐਸਟੀ ਦਾ ਬਕਾਇਆ 2 ਮਹੀਨੇ ਦੀ ਸਰਕਾਰੀ ਮੁਲਾਜ਼ਮਾਂ ਦੀ ਤਨਖ਼ਾਹ ਦੇ ਬਰਾਬਰ ਹੈ’।

ਜ਼ਿਕਰਯੋਗ ਹੈ ਕਿ ਜੀਐਸਟੀ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਇਸ ਤੋਂ ਪਹਿਲਾਂ ਵੀ ਕਈ ਵਾਰ ਹਰਸਿਮਰਤ ਬਾਦਲ ਵੱਲੋਂ ਪੰਜਾਬ ਸਰਕਾਰ ‘ਤੇ ਕਈ ਇਲ਼ਜ਼ਾਮ ਲਗਾਏ ਜਾ ਚੁੱਕੇ ਹਨ। ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪ੍ਰਭਾਵਿਤ ਹੋਈ ਸੂਬੇ ਦੀ ਵਿੱਤੀ ਹਾਲਤ ਦੇ ਚਲਦਿਆਂ ਜੀਐਸਟੀ ਦਾ ਮੁੱਦਾ ਵੱਡਾ ਸਿਆਸੀ ਮੁੱਦਾ ਬਣ ਰਿਹਾ ਹੈ।