CM ਮਾਨ ਨੇ ਰਸੂਖਦਾਰਾਂ ਤੋਂ 2828 ਏਕੜ ਜ਼ਮੀਨ ਦਾ ਕਬਜ਼ਾ ਛੁਡਵਾਉਣ ਦੀ ਮੁਹਿੰਮ ਦੀ ਵਾਗਡੋਰ ਖੁਦ ਸੰਭਾਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੰਗਰੂਰ ਦੇ ਸੰਸਦ ਮੈਂਬਰ ਦੇ ਪੁੱਤਰ, ਧੀ ਤੇ ਜਵਾਈ ਅਤੇ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਦੇ ਪੁੱਤਰ ਵੀ ਕਾਬਜ਼ਕਾਰਾਂ ਵਿਚ ਸ਼ਾਮਲ

CM Mann leads drive to take possession of 2828 acres from influential encroachers

 

ਚੰਡੀਗੜ੍ਹ: ਇਤਹਿਸਾਕ ਕਾਰਵਾਈ ਨੂੰ ਅੰਜ਼ਾਮ ਦਿੰਦੇ ਹੋਏ ਅੱਜ ਐਸ.ਏ.ਐਸ. ਨਗਰ ਜ਼ਿਲ੍ਹੇ ਦੇ ਬਲਾਕ ਮਾਜਰੀ ਵਿਚ 2828 ਏਕੜ ਕੀਮਤੀ ਜ਼ਮੀਨ ਤੋਂ ਕਬਜ਼ਾ ਛੁਡਵਾਉਣ ਲਈ ਸੂਬਾ ਸਰਕਾਰ ਦੀ ਮੁਹਿੰਮ ਦੀ ਵਾਗਡੋਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸੰਭਾਲੀ। ਇਹ ਜ਼ਮੀਨ 15 ਰਸੂਖਵਾਨ ਕਾਬਜ਼ਕਾਰਾਂ ਕੋਲੋਂ ਛੁਡਵਾਈ ਗਈ ਜਿਨ੍ਹਾਂ ਵਿਚ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਜੀਤ ਸਿੰਘ ਮਾਨ ਦੇ ਪੁੱਤਰ ਅਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਪੁੱਤਰ ਵੀ ਸ਼ਾਮਲ ਹਨ।

CM Mann leads drive to take possession of 2828 acres from influential encroachers

ਪਿੰਡ ਛੋਟੀ ਬੜੀ ਨਗਲ ਵਿਚ ਕਬਜ਼ਾ ਲੈਣ ਦੀ ਮੁਹਿੰਮ ਦੀ ਖੁਦ ਅਗਵਾਈ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਮਹਿੰਗੀ ਜ਼ਮੀਨ ਪਹਾੜੀਆਂ ਦੀਆਂ ਜੜ੍ਹਾਂ ਵਿਚ ਸਥਿਤ ਹੈ ਅਤੇ ਇਸ ਜ਼ਮੀਨ ਉਪਰ ਕੁਝ ਰਸੂਖਵਾਨ ਅਫਸਰਾਂ ਅਤੇ ਸਿਆਸਤਦਾਨਾਂ ਨੇ ਗੈਰ-ਕਾਨੂੰਨੀ ਢੰਗ ਨਾਲ ਕਬਜ਼ਾ ਕੀਤਾ ਹੋਇਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਅਣਅਧਿਕਾਰਤ ਕਾਬਜ਼ਕਾਰਾਂ ਵਿਚ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਜੀਤ ਸਿੰਘ ਮਾਨ ਦੇ ਪੁੱਤਰ ਈਮਾਨਜੀਤ ਸਿੰਘ ਮਾਨ ਨੇ 125 ਏਕੜ ਉਤੇ ਕਬਜ਼ਾ ਕੀਤਾ ਹੋਇਆ ਸੀ ਅਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਪੁੱਤਰ ਹਰਮਨਦੀਪ ਸਿੰਘ ਨੇ ਪੰਜ ਏਕੜ ਉਤੇ ਕਾਬਜ਼ ਸੀ। ਇਸੇ ਤਰ੍ਹਾਂ ਭਗਵੰਤ ਮਾਨ ਨੇ ਕਿਹਾ ਕਿ ਸੰਗਰੂਰ ਦੇ ਸੰਸਦ ਮੈਂਬਰ ਦੀ ਸਪੁੱਤਰੀ ਅਤੇ ਜਵਾਈ ਨੇ ਵੀ ਅਣ-ਅਧਿਕਾਰਤ ਤੌਰ ਉਤੇ ਮਹਿੰਗੇ ਭਾਅ ਵਾਲੀ 28 ਏਕੜ ਜ਼ਮੀਨ ਉਤੇ ਕਬਜ਼ਾ ਕੀਤਾ ਹੋਇਆ ਸੀ।

CM Mann leads drive to take possession of 2828 acres from influential encroachers

ਮੁੱਖ ਮੰਤਰੀ ਨੇ ਕਿਹਾ ਕਿ 1100 ਏਕੜ ਜ਼ਮੀਨ ਉਤੇ ਫੌਜਾ ਸਿੰਘ ਨੇ ਕਬਜ਼ਾ ਕੀਤਾ ਹੋਇਆ ਸੀ ਜੋ ਇਨਫਰਾਸਟਰੱਕਚਰ ਕੰਪਨੀ ਚਲਾਉਂਦਾ ਹੈ। ਉਨ੍ਹਾਂ ਕਿਹਾ ਕਿ ਬਾਕੀ ਕਾਬਜ਼ਕਾਰਾਂ ਵਿਚ ਈਮਾਨ ਸਿੰਘ (125 ਏਕੜ), ਅੰਕੁਰ ਧਵਨ (103 ਏਕੜ), ਜਤਿੰਦਰ ਸਿੰਘ ਦੂਆ ਅਤੇ ਪੁਖਰਾਜ ਸਿੰਘ ਦੂਆ (40 ਏਕੜ), ਪ੍ਰਭਦੀਪ ਸਿੰਘ ਸੰਧੂ, ਗੋਬਿੰਦ ਸਿੰਘ ਸੰਧੂ ਅਤੇ ਨਾਨਕੀ ਕੌਰ (28 ਏਕੜ), ਰਿਪੁਦਮਨ ਸਿੰਘ (25 ਏਕੜ), ਨਵਦੀਪ ਕੌਰ (15 ਏਕੜ), ਦੀਪਕ ਬਾਂਸਲ (12 ਏਕੜ), ਕੇ.ਐਫ. ਫਾਰਮਜ਼ (11 ਏਕੜ), ਤੇਜਵੀਰ ਸਿੰਘ ਢਿੱਲੋਂ (8 ਏਕੜ), ਇੰਦਰਜੀਤ ਸਿੰਘ ਢਿੱਲੋਂ (8 ਏਕੜ), ਦੀਪਇੰਦਰ ਪਾਲ ਚਾਹਲ (8 ਏਕੜ), ਸੰਦੀਪ ਬਾਂਸਲ (6 ਏਕੜ), ਹਰਮਨਦੀਪ ਸਿੰਘ ਧਾਲੀਵਾਲ (5 ਏਕੜ), ਮਨਦੀਪ ਸਿੰਘ ਧਨੋਆ (5 ਏਕੜ) ਅਤੇ ਰੀਟਾ ਸ਼ਰਮਾ (4 ਏਕੜ) ਸ਼ਾਮਲ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਹੁਣ ਤੱਕ 9053 ਏਕੜ ਕੀਮਤੀ ਜ਼ਮੀਨ ਦਾ ਕਬਜ਼ਾ ਲੈ ਲਿਆ ਹੈ ਜਿਸ ਉਪਰ ਕੁਝ ਲੋਕਾਂ ਨੇ ਗੈਰ-ਕਾਨੂੰਨੀ ਢੰਗ ਨਾਲ ਕਬਜ਼ਾ ਕੀਤਾ ਹੋਇਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕਾਰਵਾਈ ਉਨ੍ਹਾਂ ਦੀ ਪਾਰਟੀ ਦੀ ਚੋਣ ਮੁਹਿੰਮ ਦੌਰਾਨ ਲੋਕਾਂ ਨੂੰ ਦਿੱਤੀ ਚੋਣ ਗਾਰੰਟੀ ਦੇ ਤਹਿਤ ਕੀਤੀ ਗਈ ਹੈ ਕਿਉਂ ਜੋ ਪਾਰਟੀ ਨੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਜਿਹੜੇ ਰਸੂਖਵਾਨਾਂ ਨੇ ਗੈਰ-ਕਾਨੂੰਨੀ ਢੰਗ ਨਾਲ ਕਬਜ਼ਾ ਕਰਕੇ ਬੇਰਹਿਮੀ ਨਾਲ ਪੈਸੇ ਦੀ ਲੁੱਟ-ਖਸੁੱਟ ਕੀਤੀ, ਉਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕੀਤਾ ਜਾਵੇਗਾ।

CM Mann leads drive to take possession of 2828 acres from influential encroachers

ਵਿਰੋਧੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਹ ਪਾਰਟੀਆਂ ਹਮੇਸ਼ਾ ਇਹ ਸਵਾਲ ਉਠਾਉਂਦੀਆਂ ਰਹੀਆਂ ਹਨ ਕਿ ਜਿਹੜੇ ਉਨ੍ਹਾਂ ਵਾਅਦੇ ਕੀਤੇ ਹਨ, ਉਨ੍ਹਾਂ ਲਈ ਫੰਡ ਕਿੱਥੋਂ ਆਵੇਗਾ। ਮੁੱਖ ਮੰਤਰੀ ਨੇ ਇਨ੍ਹਾਂ ਆਗੂਆਂ ਨੂੰ ਚੇਤੇ ਕਰਵਾਇਆ ਕਿ ਇਹ ਫੰਡ ਸ਼ਿਵਾਲਿਕ ਦੀਆਂ ਪਹਾੜੀਆਂ ਦੀਆਂ ਜੜ੍ਹਾਂ ਵਿੱਚੋਂ ਉਦੋਂ ਆਵੇਗਾ, ਜਦੋਂ ਬੇਸ਼ਕੀਮਤੀ ਜ਼ਮੀਨ ਨੂੰ ਕਬਜ਼ਿਆਂ ਤੋਂ ਮੁਕਤ ਕਰਵਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ 2828 ਏਕੜ ਜ਼ਮੀਨ ਵਿੱਚੋਂ 265 ਏਕੜ ਜ਼ਮੀਨ ਮੈਦਾਨੀ ਇਲਾਕੇ ਦੀ, ਜਦੋਂ ਕਿ 2563 ਏਕੜ ਪਹਾੜੀ ਹੈ। ਉਨ੍ਹਾਂ ਕਿਹਾ ਕਿ ਇਸ ਜ਼ਮੀਨ ਵਿੱਚ ਮਹਿੰਗੀ ਲੱਕੜ ਵਾਲੇ ਦਰੱਖਤ ਵੱਡੀ ਗਿਣਤੀ ਵਿੱਚ ਹਨ। ਭਗਵੰਤ ਮਾਨ ਨੇ ਕਿਹਾ ਕਿ ਇਸ ਜ਼ਮੀਨ ਤੋਂ ਸਿਰਫ਼ ਪ੍ਰਭਾਵਸ਼ਾਲੀ ਵਿਅਕਤੀਆਂ ਦਾ ਹੀ ਗੈਰ ਕਾਨੂੰਨੀ ਕਬਜ਼ਾ ਹਟਾਇਆ ਜਾ ਰਿਹਾ ਹੈ, ਜਦੋਂ ਕਿ ਜ਼ਮੀਨ ਤੋਂ ਆਪਣੀ ਰੋਜ਼ੀ-ਰੋਟੀ ਕਮਾ ਰਹੇ ਗਰੀਬ ਤੇ ਲੋੜਵੰਦ ਵਿਅਕਤੀਆਂ ਨੂੰ ਉਥੋਂ ਨਹੀਂ ਹਟਾਇਆ ਜਾ ਰਿਹਾ।

Kuldeep Singh Dhaliwal

ਮੁੱਖ ਮੰਤਰੀ ਨੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਇਸ ਮੁਹਿੰਮ ਦੀ ਅਗਵਾਈ ਕਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਸਪੱਸ਼ਟ ਤੌਰ ਉਤੇ ਦੱਸਿਆ ਕਿ ਇਹ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਸਾਰੀ ਸਰਕਾਰੀ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਨਹੀਂ ਕਰਵਾ ਲਿਆ ਜਾਂਦਾ। ਭਗਵੰਤ ਮਾਨ ਨੇ ਇਹ ਵੀ ਐਲਾਨ ਕੀਤਾ ਕਿ ਇਸ ਗੱਲ ਦੀ ਵਿਸਤਾਰ ਨਾਲ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ ਕਿ ਇਨ੍ਹਾਂ ਕਾਬਜ਼ਕਾਰਾਂ ਨੇ ਇਸ ਜ਼ਮੀਨ ਉਤੇ ਕਿਵੇਂ ਕਬਜ਼ਾ ਕੀਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਅਧਿਕਾਰੀਆਂ ਨੇ ਇਨ੍ਹਾਂ ਕਾਬਜ਼ਕਾਰਾਂ ਨਾਲ ਗੰਢ-ਤੁੱਪ ਕੀਤੀ, ਉਨ੍ਹਾਂ ਉਤੇ ਵੀ ਕੇਸ ਦਰਜ ਹੋਣਗੇ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੁੱਖ ਮੰਤਰੀ ਦਾ ਇਸ ਮੁਹਿੰਮ ਲਈ ਉਤਸ਼ਾਹ ਵਧਾਉਣ ਵਾਸਤੇ ਧੰਨਵਾਦ ਕੀਤਾ।