ਕੀ ਜਾਖੜ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਉਹਨਾਂ ਕਾਂਗਰਸੀ ਆਗੂਆਂ ਵਿਰੁੱਧ ਗਵਾਹੀ ਦੇਣ ਲਈ ਕਹੇਗਾ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬ੍ਰਹਮਪੁਰਾ ਅਤੇ ਭੂੰਦੜ ਨੇ ਜਾਖੜ ਨੂੰ ਕਿਹਾ ਕਿ ਕੀ ਉਹ ਰਾਹੁਲ ਗਾਂਧੀ ਨੂੰ ਬੇਗੁਨਾਹ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਇਹਨਾਂ  ਆਗੂਆਂ ਨੂੰ ਪਾਰਟੀ ਵਿਚੋਂ ਕੱਢਣ ਲਈ ਕਹੇਗਾ

SAD

ਚੰਡੀਗੜ•/29 ਅਗਸਤ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਕਿਹਾ ਹੈ ਕਿ ਉਹ ਪੰਜਾਬੀਆਂ ਨੂੰ ਦੱਸੇ ਕਿ ਕੀ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਉਹਨਾਂ ਕਾਂਗਰਸੀ ਆਗੂਆਂ ਵਿਰੁੱਧ ਗਵਾਹੀ ਦੇਣ ਲਈ ਕਹੇਗਾ, ਜਿਹਨਾਂ ਨੂੰ ਉਸ ਨੇ 1984 ਸਿੱਖ ਕਤਲੇਆਮ ਲਈ ਦੋਸ਼ੀ ਠਹਿਰਾਇਆ ਹੈ?ਇੱਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਪਾਰਟੀ ਸਾਂਸਦਾਂ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਸੁਨੀਲ ਜਾਖੜ ਨੂੰ ਪੰਜਾਬੀਆਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਕੀ ਪੰਜਾਬ ਕਾਂਗਰਸ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਰਗੇ ਆਗੂਆਂ ਨੂੰ ਪਾਰਟੀ ਵਿਚੋਂ ਕੱਢਣ ਲਈ ਕਹੇਗੀ।

ਇਹ ਟਿੱਪਣੀ ਕਰਦਿਆਂ ਕਿ ਰਣਜੀਤ ਸਿੰਘ ਰਿਪੋਰਟ ਦੇ ਨਾਂ ਉੱਤੇ ਝੂਠ ਅਤੇ ਮਨਘੜਤ ਕਹਾਣੀਆਂ ਫੈਲਾਉਣ ਤੋਂ ਪਹਿਲਾਂ ਪ੍ਰਦੇਸ਼ ਕਾਂਗਰਸ ਨੂੰ ਇਹਨਾ ਸਵਾਲਾਂ ਦੇ ਜੁਆਬ ਦੇਣੇ ਚਾਹੀਦੇ ਹਨ, ਸਾਂਸਦਾਂ ਨੇ ਕਿਹਾ ਕਿ ਜਾਖੜ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਹ ਨਿੱਜੀ ਤੌਰ ਤੇ ਕੈਪਟਨ ਦੇ ਇਸ ਦਾਅਵੇ ਨਾਲ ਸਹਿਮਤ ਹੈ ਕਿ ਕਾਂਗਰਸੀ ਆਗੂਆਂ ਨੇ ਵਿਅਕਤੀਗਤ ਤੌਰ ਤੇ 1984 ਵਿਚ ਸਿੱਖਾਂ ਦਾ ਕਤਲੇਆਮ ਕੀਤਾ ਸੀ। ਉਹਨਾਂ ਕਿਹਾ ਕਿ ਜੇ ਨਹੀਂ ਤਾਂ ਸਭ ਤੋਂ ਪਹਿਲਾਂ ਜਾਖੜ ਨੂੰ ਇਹ ਮੰਗ ਕਰਨੀ ਚਾਹੀਦੀ ਹੈ ਕਿ ਕੈਪਟਨ ਅਮਰਿੰਦਰ ਸੁਪਰੀਮ ਕੋਰਟ ਵੱਲੋਂ 1984 ਵਿਚ ਸਿੱਖਾਂ ਦੇ ਹੋਏ ਕਤਲੇਆਮ ਦੀ ਜਾਂਚ ਲਈ ਬਣਾਈ ਸਿਟ ਅੱਗੇ ਪੇਸ਼ ਹੋ ਕੇ ਗਵਾਹੀ ਦੇਵੇ।

ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਪਾਰਟੀ ਹੁਣ ਉਹੀ ਕੁੱਝ ਕਰ ਰਹੀ ਹੈ, ਜਿਹੜਾ ਕੁੱਝ ਇਸ ਨੇ ਪੰਜਾਬ ਨੂੰ ਅੱਤਵਾਦ ਵੱਲ ਧੱਕਣ ਸਮੇਂ ਕੀਤਾ ਸੀ, ਸਰਦਾਰ ਬ੍ਰਹਮਪੁਰਾ ਅਤੇ ਸਰਦਾਰ ਭੂੰਦੜ ਨੇ ਕਿਹਾ ਕਿ ਅਸੀਂ ਕਾਂਗਰਸ ਉੱਤੇ ਆਈਐਸਆਈ ਦੇ ਏਜੰਟਾਂ ਨਾਲ ਮਿਲ ਕੇ ਭਾਰੀ ਕੀਮਤ ਚੁਕਾਉਣ ਮਗਰੋਂ ਹਾਸਿਲ ਕੀਤੀ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦਾ ਦੋਸ਼ ਲਾਉਂਦੇ ਹਾਂ। ਉਹਨਾਂ ਕਿਹਾ ਕਿ ਜਾਖੜ ਨੂੰ ਦੱਸਣਾ ਚਾਹੀਦਾ ਹੈ ਕਿ ਕਾਂਗਰਸ ਪਾਰਟੀ ਨੇ ਬਲਜੀਤ ਸਿੰਘ ਦਾਦੂਵਾਲ ਵਰਗੇ ਨਕਲੀ ਜਥੇਦਾਰਾਂ ਨਾਲ ਕਿਉਂ ਸਾਂਝ ਪਾਈ ਹੈ, ਜਿਹੜੇ ਕਿ ਆਈਐਸਆਈ ਦੇ ਏਜੰਟ ਹਨ। ਜਾਖੜ ਨੂੰ ਦੱਸਣਾ ਚਾਹੀਦਾ ਹੈ ਕਿ ਕਿਉਂ ਉਹਨਾਂ ਦੀ ਸਰਕਾਰ ਦੇ ਮੰਤਰੀ ਇਹਨਾਂ ਜਥੇਦਾਰਾਂ ਨਾਲ ਰਲੇ ਹੋਏ ਹਨ ਅਤੇ ਕਿਉਂ ਮੁੱਖ ਮੰਤਰੀ  ਉਸ ਨੂੰ ਆਪਣੀ ਸਰਕਾਰੀ ਰਿਹਾਇਸ਼  ਉੱਤੇ ਅੱਧੀ ਰਾਤ ਨੂੰ ਮਿਲਦਾ ਹੈ।


ਸੀਨੀਅਰ ਆਗੂਆਂ ਨੇ ਜਾਖੜ ਨੂੰ ਸਲਾਹ ਦਿੱਤੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ ਮਾਮਲਿਆਂ ਵਿਚ ਪਿਛਲੀ ਅਕਾਲੀ-ਭਾਜਪਾ ਸਰਕਾਰ ਖ਼ਿਲਾਫ ਕੋਈ ਵੀ ਸਬੂਤ ਨਾ ਮਿਲਣ ਕਰਕੇ ਪ੍ਰੇਸ਼ਾਨ ਹੋ ਕੇ ਝੂਠੀਆਂ ਅਤੇ ਮਨਘੜਤ ਗੱਲਾਂ ਫੈਲਾਉਣ ਤੋਂ ਪਹਿਲਾਂ ਰਣਜੀਤ ਸਿੰਘ ਰਿਪੋਰਟ ਨੂੰ ਪੜ• ਲਵੇ। ਉਹਨਾਂ ਕਿਹਾ ਕਿ ਜਾਖੜ ਨੂੰ ਪਹਿਲਾਂ ਦੱਸਣਾ ਚਾਹੀਦਾ ਹੈ ਕਿ ਇਸ 563 ਪੰਨਿਆਂ ਦੀ ਰਿਪੋਰਟ ਵਿਚ ਕੋਈ ਇਕ ਵੀ ਸ਼ਬਦ ਜਾਂ ਫਿਕਰਾ ਅਜਿਹਾ ਹੈ, ਜਿਹੜਾ ਸ਼੍ਰੋਮਣੀ ਅਕਾਲੀ ਦਲ ਜਾਂ ਇਸ ਦੇ ਸੀਨੀਅਰ ਆਗੂਆਂ ਨੂੰ ਦੋਸ਼ੀ ਠਹਿਰਾਉੁਂਦਾ ਹੋਵੇ। ਉਹਨਾਂ ਕਿਹਾ ਕਿ ਜੇਕਰ ਨਹੀਂ ਤਾਂ ਉਸ ਨੂੰ ਝੂਠੀਆਂ ਅਤੇ ਮਨਘੜਤ ਗੱਲਾਂ ਰਾਹੀਂ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।


ਅਕਾਲੀ ਆਗੂਆਂ ਨੇ ਕਿਹਾ ਕਿ ਜਿੱਥੋਂ ਤਕ ਕਿ ਪਾਰਟੀ ਦਾ ਸੰਬੰਧ ਹੈ, ਇਸ ਨੇ ਠੋਸ ਰੂਪ ਵਿਚ ਸਾਬਿਤ ਕਰ ਦਿੱਤਾ ਹੈ ਕਿ ਕਮਿਸ਼ਨ ਦੀ ਰਿਪੋਰਟ ਗਰਮਖ਼ਿਆਲੀ ਸਿੱਖ ਆਗੂ ਚੰਨਣ ਸਿੰਘ ਦੀ ਰਿਹਾਇਸ਼ ਉੱਤੇ ਕੀਤੀਆਂ ਬਹੁਤ ਸਾਰੀਆਂ ਮੀਟਿੰਗਾਂ ਮਗਰੋਂ ਲਿਖੀ ਗਈ ਸੀ ਅਤੇ ਇਹਨਾਂ ਮੀਟਿੰਗਾਂ ਵਿਚ ਕਾਂਗਰਸੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਆਪ ਆਗੂ ਸੁਖਪਾਲ ਖਹਿਰਾ ਅਤੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਨੇ ਭਾਗ ਲਿਆ ਸੀ। ਉਹਨਾਂ ਕਿਹਾ ਕਿ ਅਸੀਂ ਇਹ ਵੀ ਸਾਬਿਤ ਕਰ ਦਿੱਤਾ ਹੈ ਕਿ ਸਰਕਾਰੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਇਹ ਰਿਪੋਰਟ ਵਿਧਾਨ ਸਭਾ ਵਿਚ ਰੱਖੇ ਜਾਣ ਤੋਂ ਪਹਿਲਾਂ ਦੇਰ ਰਾਤੀਂ ਮੁੱਖ ਮੰਤਰੀ ਨਾਲ ਇੱਕ ਗੁਪਤ ਮੀਟਿੰਗ ਕੀਤੀ ਸੀ।

ਇਹਨਾਂ ਸਾਰੀਆਂ ਗੱਲਾਂ ਨੇ ਕਾਂਗਰਸ ਪਾਰਟੀ ਦਾ ਪਰਦਾਫਾਸ਼ ਕਰ ਦਿੱਤਾ ਹੈ ਅਤੇ ਸਾਬਿਤ ਕਰ ਦਿੱਤਾ ਹੈ ਕਿ ਇਹ ਗਰਮਖ਼ਿਆਲੀ ਗਰੁੱਪਾਂ ਨਾਲ ਰਲੀ ਹੋਈ ਹੈ, ਜੋ ਕਿ ਪਾਕਿਸਤਾਨੀ ਏਜੰਸੀ ਆਈਐਸਆਈ ਦੇ ਏਜੰਟ ਹਨ। ਉਹਨਾਂ ਕਿਹਾ ਕਿ ਜਾਖੜ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਦੀ ਨਿਗਰਾਨੀ ਥੱਲੇ ਕਾਂਗਰਸ ਇਹ ਸਭ ਕਿਉਂ ਕਰ ਰਹੀ ਹੈ। ਉਹਨਾਂ ਕਿਹਾ ਕਿ ਬੜੀ ਮੁਸ਼ਕਿਲ ਨਾਲ ਹਾਸਿਲ ਕੀਤੀ ਪੰਜਾਬ ਦੀ  ਸ਼ਾਂਤੀ ਭੰਗ ਹੋਣ ਉੱਤੇ ਕੱਲ• ਨੂੰ ਉਸ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਉਸ ਨੂੰ ਅੱਗ ਨਾਲ ਖੇਡਣਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਝੂਠ ਦੀ ਸਿਆਸਤ ਕਰਨ ਦੀ  ਬਜਾਇ ਕਾਂਗਰਸ ਪਾਰਟੀ ਵੱਲੋਂ ਕਿਸਾਨਾਂ, ਨੌਜਵਾਨਾਂ, ਦਲਿਤਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਕੰਮ ਕਰਨਾ ਚਾਹੀਦਾ ਹੈ।