ਮੁਫ਼ਤ ਕਰੋਨਾ ਜਾਂਚ ਦੇ ਨਾਂ 'ਤੇ ਹੈਂਕਰ ਬਣਾ ਰਹੇ ਨੇ ਲੋਕਾਂ ਨੂੰ ਨਿਸ਼ਾਨਾ, ਚਿਤਾਵਨੀ ਜਾਰੀ!

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਵਲੋਂ ਫ਼ਰਜੀ ਈਮੇਲ ਸਬੰਧੀ ਚਿਤਾਵਨੀ ਜਾਰੀ, ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ

Cyber ​​Crime

ਚੰਡੀਗੜ੍ਹ : ਕਰੋਨਾ ਕਾਲ ਦੌਰਾਨ ਠੱਗ ਕਿਸਮ ਦੇ ਲੋਕ ਵੀ ਸਰਗਰਮ ਹੋ ਗਏ ਹਨ। ਮਹਿੰਗੇ ਮਾਸਕ, ਸੈਨਾਟਾਈਜ਼ਰ ਸਮੇਤ ਹੋਰ ਕਈ ਤਰ੍ਹਾਂ ਦੇ ਢੰਗ-ਤਰੀਕਿਆਂ ਨਾਲ ਲੋਕਾਂ ਨੂੰ ਲੁੱਟਣ ਤੋਂ ਬਾਅਦ ਹੁਣ ਹੈਂਕਰਾਂ ਨੇ ਲੋਕਾਂ ਨੂੰ ਮੁਫ਼ਤ ਕਰੋਨਾ ਟੈਸਟ ਦੇ ਨਾਂ 'ਤੇ ਠੱਗਣਾ ਸ਼ੁਰੂ ਕਰ ਦਿਤਾ ਹੈ। ਵਿਦੇਸ਼ਾਂ 'ਚੋਂ ਸ਼ੁਰੂ ਹੋਇਆ ਇਹ ਗੋਰਖਧੰਦਾ ਹੁਣ ਭਾਰਤ 'ਚ ਵੀ ਫ਼ੈਲਣਾ ਸ਼ੁਰੂ ਹੋ ਗਿਆ ਹੈ।

ਇਹ ਠੱਗ ਮੁਫ਼ਤ 'ਚ ਕਰੋਨਾ ਟੈਸਟ ਕਰਵਾਉਣ ਦਾ ਲਾਲਚ ਦੇਂਦੀ ਈਮੇਲ ਭੇਜ ਕੇ ਲੋਕਾਂ ਨੁੰ ਅਪਣੇ ਜਾਲ 'ਚ ਫਸਾਉਂਦੇ ਹਨ। ਇਸ ਈਮੇਲ ਦਾ ਪਤਾ ਕਾਫ਼ੀ ਹੱਦ ਤਕ ਸਰਕਾਰੀ ਈਮੇਲ ਨਾਲ ਮਿਲਦਾ-ਜੁਲਦਾ ਹੁੰਦਾ ਹੈ, ਜਿਸ ਤੋਂ ਲੋਕ ਧੋਖਾ ਖਾ ਜਾਂਦੇ ਹਨ। ਚਲਾਕ ਕਿਸਮ ਦੇ ਇਹ ਲੋਕ ਸਰਕਾਰ ਦੇ ਹਵਾਲੇ ਤੋਂ ਫ਼ਰਜੀ ਈਮੇਲ ਭੇਜ ਰਹੇ ਹਨ।  ਇਸ ਦੇ ਨਾਲ ਹੀ ਇਕ ਵੈੱਬ ਲਿੰਕ ਵੀ ਭੇਜਿਆ ਜਾ ਰਿਹਾ ਹੈ, ਜਿਸ 'ਤੇ ਕਲਿਕ ਕਰਨ ਬਾਅਦ ਲਾਭਪਾਤਰੀ ਤੋਂ ਨਾਮ, ਪਤਾ, ਮੋਬਾਈਲ ਅਤੇ ਅਧਾਰ ਨੰਬਰ ਵਰਗੀਆਂ ਜਾਣਕਾਰੀਆਂ ਇਕੱਤਰ ਕਰ ਲਈਆਂ ਜਾਂਦੀਆਂ ਹਨ।

ਰਜਿਸਟ੍ਰੇਸ਼ਨ ਦੇ ਨਾਮ 'ਤੇ 20 ਰੁਪਏ ਤਕ ਦਾ ਭੁਗਤਾਨ ਕਰਨ ਲਈ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਵੈਟਸਐਪ ਨੰਬਰ 'ਤੇ ਇਕ ਕਿਊ.ਆਰ ਕੋਡ ਭੇਜਿਆ ਜਾਂਦਾ ਹੈ। ਇਸੇ ਕਿਊ.ਆਰ ਰਾਹੀਂ ਠੱਗ ਲੋਕਾਂ ਦੇ ਯੂ.ਪੀ.ਆਈ. ਅਕਾਊਂਟ ਜਾਂ ਬੈਂਕ ਖਾਤੇ 'ਚੋਂ ਪੈਸੇ ਉਡਾ ਲੈਂਦੇ ਹਨ। ਭਾਰਤ ਅੰਦਰ ਅਜਿਹੀਆਂ ਕਈ ਘਟਨਾਵਾਂ ਵਾਪਰ  ਚੁੱਕੀਆਂ ਹਨ ਜਿਸ ਤੋਂ ਬਾਅਦ ਲੋਕਾਂ ਨੂੰ ਚੌਕੰਨੇ ਰਹਿਣ ਲਈ ਕਿਹਾ ਜਾ ਰਿਹਾ ਹੈ। ਮੁੰਬਈ ਪੁਲਿਸ ਨੇ ਵੀ ਕਰੋਨਾ ਦੀ ਮੁਫ਼ਤ ਜਾਂਚ ਸਬੰਧੀ ਆ ਰਹੀਆਂ ਫ਼ਰਜੀ ਈਮੇਲਾਂ ਸਬੰਧੀ ਚਿਤਾਵਨੀ ਜਾਰੀ ਕਰਦਿਆਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।

ਸੂਤਰਾਂ ਮੁਤਾਬਕ ਸਰਕਾਰ ਵਲੋਂ ਕਰੋਨਾ ਜਾਂਚ ਲਈ ਈਮੇਲ ਨਹੀਂ ਭੇਜੀ ਜਾ ਰਹੀ। ਸਾਈਬਰ ਮਾਹਿਰਾਂ ਦਾ ਕਹਿਣਾ ਹੈ ਕਿ ਠੱਗ ਕਿਸਮ ਦੇ ਲੋਕ ਪਹਿਲਾਂ ਓ.ਟੀ.ਪੀ. ਜ਼ਰੀਏ ਲੋਕਾਂ ਨੂੰ ਚੂਨਾ ਲਗਾਉਣ ਦੀ ਕੋਸ਼ਿਸ਼ ਕਰਦੇ ਸਨ। ਇਸ ਸਬੰਧੀ ਲੋਕਾਂ 'ਚ ਜਾਗਰਤੀ ਆ ਜਾਣ ਬਾਅਦ ਹੁਣ ਉਨ੍ਹਾਂ ਨੇ ਕਿਊ.ਆਰ. ਕੋਡ ਜ਼ਰੀਏ ਠੱਗੀ ਮਾਰਨ ਦਾ ਨਵਾਂ ਢੰਗ ਵਰਤਣਾ ਸ਼ੁਰੂ ਕਰ ਦਿਤਾ ਹੈ।

ਮਾਹਿਰਾਂ ਮੁਤਾਬਕ ਜੇਕਰ ਤੁਹਾਡੇ ਮੋਬਾਈਲ 'ਤੇ ਕਿਊ.ਆਰ. ਕੋਡ ਭੇਜ ਕੇ ਉਸ ਨੂੰ ਗੂਗਲ ਪੇਅ ਜਾਂ ਕਿਸੇ ਹੋਰ ਯੂ.ਪੀ.ਆਈ. ਐਪ ਨਾਲ ਸਕੈਨ ਕਰਨ ਲਈ ਕਹਿੰਦਾ ਹੈ ਤਾਂ ਅਜਿਹਾ ਕਰਨ ਤੋਂ ਬਚਿਆ ਜਾਣਾ ਚਾਹੀਦਾ ਹੈ ਕਿਉਂਕਿ ਸਕੈਨ ਕਰਦੇ ਹੀ ਠੱਗ ਤੁਹਾਡੇ ਖ਼ਾਤੇ 'ਚੋਂ ਪੈਸੇ ਗਾਇਬ ਕਰਨ 'ਚ ਕਾਮਯਾਬ ਹੋ ਸਕਦੇ ਹਨ।