ਅਕਾਲੀ ਦਲ 'ਚ ਵਡਾ ਸਿਆਸੀ ਧਮਾਕਾ, ਸੁਖਦੇਵ ਢੀਂਡਸਾ ਵਲੋਂ ਸਾਰੇ ਪਾਰਟੀ ਅਹੁਦਿਆਂ ਤੋਂ ਅਸਤੀਫਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਕੱਦਾਵਾਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਸਿਆਸਤ 'ਚ ਵੱਡਾ ਧਮਾਕਾ ਕਰਦਿਆਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿਤਾ ਹੈ। ਭਾਵੇਂ ਕਿ...

Sukhdev Singh Dhindsa

ਚੰਡੀਗੜ੍ਹ : ਪੰਜਾਬ ਦੇ ਕੱਦਾਵਾਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਸਿਆਸਤ 'ਚ ਵੱਡਾ ਧਮਾਕਾ ਕਰਦਿਆਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿਤਾ ਹੈ। ਭਾਵੇਂ ਕਿ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਸੱਭ ਤੋਂ ਸੀਨੀਅਰ ਸਾਥੀ ਢੀਂਡਸਾ ਨੇ ਅਪਣੇ ਅਹੁਦੇ ਛੱਡਣ ਦਾ ਕਾਰਨ ਉਮਰ ਦਾ ਤਕਾਜ਼ਾ ਦਸਿਆ ਹੈ ਪਰ ਉਨ੍ਹਾਂ ਵਲੋਂ ਇਹ ਅਸਤੀਫ਼ਾ ਅਜਿਹੇ ਸਮੇਂ 'ਚ ਦਿਤਾ ਗਿਆ ਹੈ, ਜਦੋਂ ਬੇਅਦਬੀ ਮਾਮਲੇ ਦੇ ਚਲਦਿਆਂ ਅਕਾਲੀ ਦਲ ਚਾਰੇ ਪਾਸੇ ਤੋਂ ਬੁਰੀ ਤਰ੍ਹਾਂ ਘਿਰਿਆ ਹੋਇਆ ਹੈ।

ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲਿਖੀ ਚਿੱਠੀ ਵਿਚ ਅਪਣੀ ਮਾਨਸਿਕ ਅਤੇ ਸਰੀਰਕ ਤੌਰ 'ਤੇ ਸਿਆਸੀ ਪਾਰੀ ਮੁਕਾ ਲੈਣ ਦਾ ਅਹਿਸਾਸ ਹੋਣ ਦਾ ਹਵਾਲਾ ਦਿਤਾ ਹੈ ਪਰ ਸਮਝਿਆ ਇਹ ਜਾ ਰਿਹਾ ਹੈ ਕਿ ਲਗਾਤਾਰ ਹੋ ਰਹੇ ਅਕਾਲੀ ਦਲ ਦੇ ਵਿਰੋਧ ਕਾਰਨ ਉਨ੍ਹਾਂ ਨੇ ਇਹ ਫ਼ੈਸਲਾ ਲਿਆ ਹੈ ਕਿਉਂਕਿ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਗੋਲੀ ਕਾਂਡ ਨੂੰ ਲੈ ਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਅਕਾਲੀ ਨੇਤਾ ਅਪਣੇ ਆਪ ਨੂੰ ਕਸੂਤੀ ਸਥਿਤੀ ਵਿਚ ਫਸੇ ਹੋਏ ਮਹਿਸੂਸ ਕਰ ਰਹੇ ਹਨ।

ਭਾਵੇਂ ਕਿ ਢੀਂਡਸਾ ਉਂਝ ਪਾਰਟੀ ਦੇ ਸਧਾਰਨ ਮੈਂਬਰ ਬਣੇ ਰਹਿਣਗੇ ਪਰ ਇਸ ਤੋਂ ਪਹਿਲਾਂ ਜ਼ਿਲ੍ਹਾ ਪੱਧਰ 'ਤੇ ਕੁੱਝ ਅਕਾਲੀ ਨੇਤਾ ਪਾਰਟੀ ਤੋਂ ਹੀ ਅਸਤੀਫ਼ੇ ਦੇ ਚੁੱਕੇ ਹਨ। ਇਥੇ ਇਹ ਵੀ ਦਸਣਾ ਬਣਦਾ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਹੋਣ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦਾ ਬਚਾਅ ਕੀਤੇ ਜਾਣ ਨੂੰ ਲੈ ਕੇ ਵੀ ਢੀਂਡਸਾ ਨੂੰ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਅਜਿਹਾ ਮੰਨਿਆ ਜਾ ਰਿਹੈ ਕਿ ਢੀਂਡਸਾ ਇਹ ਸੱਭ ਕਰ ਕੇ ਅਪਣੇ ਆਪ ਨੂੰ ਬਚਾਉਣ ਦਾ ਯਤਨ ਕਰ ਰਹੇ ਹਨ। 

ਇਹ ਵੀ ਕਿਹਾ ਜਾ ਰਿਹਾ ਕਿ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਵਿਚ ਅਕਾਲੀ ਦਲ ਦਾ ਨਾਮ ਆਉਣ ਤੋਂ ਬਾਅਦ ਕਈ ਆਗੂ ਅੰਦਰੋ ਅੰਦਰੀ ਸੁਖਬੀਰ ਬਾਦਲ ਤੋਂ ਤੰਗ ਹੋਏ ਬੈਠੇ ਹਨ। ਸੂਤਰਾਂ ਮੁਤਾਬਕ ਮਾਝੇ ਦੇ ਗੁਰਦਾਸਪੁਰ ਜਿਲ੍ਹੇ ਨਾਲ ਸਬੰਧਤ ਇਕ ਵੱਡਾ ਆਗੂ ਵੀ ਅਸਤੀਫ਼ਾ ਦੇਣ ਲਈ ਤਿਆਰ ਬੈਠਾ ਦਸਿਆ ਜਾ ਰਿਹਾ ਹੈ।