ਸ੍ਰੀ ਹੇਮਕੁੰਟ ਸਾਹਿਬ ਜਾ ਰਹੇ ਮੋਹਾਲੀ ਦੇ 6 ਸ਼ਰਧਾਲੂਆਂ ਦੀ ਹਾਦਸੇ ’ਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟੈਂਪੋ–ਟ੍ਰੈਵਲਰ 'ਚ ਮੋਹਾਲੀ ਸ਼ਹਿਰ ਦੇ 10 ਨੌਜਵਾਨ ਸਵਾਰ ਸਨ।

6 pilgrims of Mohali killed in an accident

ਮੋਹਾਲੀ : ਮੋਹਾਲੀ ਤੋਂ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਛੇ ਸ਼ਰਧਾਲੂਆਂ ਦੀ ਰਿਸ਼ੀਕੇਸ਼–ਬਦਰੀਨਾਥ ਹਾਈਵੇਅ ’ਤੇ ਤੀਨਧਾਰਾ ਨੇੜੇ ਇਕ ਹਾਦਸੇ ’ਚ ਮੌਤ ਹੋ ਗਈ। ਸਨਿਚਰਵਾਰ ਨੂੰ ਵਾਪਰੇ ਹਾਦਸੇ ਵਿਚ ਚਾਰ ਜਣੇ ਗੰਭੀਰ ਜ਼ਖ਼ਮੀ ਹਨ। ਚਸ਼ਮਦੀਦ ਗਵਾਹਾਂ ਮੁਤਾਬਕ ਟੈਂਪੋ–ਟ੍ਰੈਵਲਰ ਉੱਤੇ ਇਕ ਵੱਡੀ ਚੱਟਾਨ ਡਿੱਗ ਗਈ, ਜਿਸ ਕਾਰਨ ਇਹ ਮੰਦਭਾਗੀ ਘਟਨਾ ਵਾਪਰ ਗਈ।

ਦਰਅਸਲ, ਮੀਂਹ ਪੈਣ ਕਾਰਨ ਪਹਾੜੀ ਇਲਾਕਿਆਂ ਵਿਚ ਢਿੱਗਾਂ ਦਾ ਡਿੱਗਣਾ ਆਮ ਗੱਲ ਹੈ। ਟੀਹਰੀ ਜ਼ਿਲ੍ਹੇ ਦੇ ਡੀਐਸਪੀ ਪ੍ਰਮੋਦ ਸ਼ਾਹ ਨੇ ਦਸਿਆ ਕਿ ਭਾਰੀ ਚੱਟਾਨ ਦੇ ਟੈਂਪੋ–ਟ੍ਰੈਵਲਰ ਉੱਤੇ ਡਿੱਗ ਪੈਣ ਕਾਰਨ ਪੰਜ ਜਣਿਆਂ ਦੀ ਮੌਕੇ 'ਤੇ ਮੌਤ ਹੋ ਗਈ,  ਜਦਕਿ ਇਕ ਨੇ ਰਿਸ਼ੀਕੇਸ਼ ਸਥਿਤ ਏਮਜ਼ 'ਚ ਦਮ ਤੋੜਿਆ। ਜਾਣਕਾਰੀ ਮੁਤਾਬਕ ਟੈਂਪੋ–ਟ੍ਰੈਵਲਰ 'ਚ ਮੋਹਾਲੀ ਸ਼ਹਿਰ ਦੇ 10 ਨੌਜਵਾਨ ਸਵਾਰ ਸਨ। ਇਹ ਸਾਰੇ ਦੋਸਤ ਸਨ ਅਤੇ ਉਹ ਮੱਥਾ ਟੇਕਣ ਲਈ ਸ੍ਰੀ ਹੇਮਕੁੰਟ ਸਾਹਿਬ ਜਾ ਰਹੇ ਸਨ। ਡਰਾਈਵਰ ਸਣੇ ਬਾਕੀ ਜ਼ਖ਼ਮੀਆਂ ਨੂੰ ਰਿਸ਼ੀਕੇਸ਼ ਦੇ ਏਮਜ਼ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਚੌਕੀ ਬਚੇਲੀਖਾਲ ਦੇ ਖੇਤਰ ਵਿਚ ਪੈਂਦੇ ਖੇਤਰ ਵਿਚ ਜ਼ਮੀਨ ਖਿਸਕ ਗਈ ਅਤੇ ਇਕ ਵੱਡਾ ਪੱਥਰ ਪਹਾੜੀ ਤੋਂ ਡਿੱਗ ਪਿਆ। ਇਹ ਪਹਾੜੀ ਦਾ ਹਿੱਸਾ ਹੇਠੋਂ ਆ ਰਹੇ ਨੌਜਵਾਨਾਂ ਦੇ ਟੈਂਪੂ ਟਰੈਵਲਰ 'ਤੇ ਡਿੱਗਾ। ਇਸ ਕਾਰਨ ਟੈਂਪੂ ਟਰੈਵਲਰ 'ਚ ਸਵਾਰ ਲੋਕ ਹੇਠਾਂ ਦੱਬੇ ਗਏ। ਹਾਦਸੇ ਤੋਂ ਬਾਅਦ ਰਾਹਤ ਬਚਾਅ ਟੀਮਾਂ ਨੂੰ ਸੂਚਿਤ ਕੀਤਾ ਗਿਆ।

ਸਥਾਨਕ ਪੁਲਿਸ ਤੇ ਰਾਹਤ ਬਚਾਅ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਟੈਂਪੂ ਦੇ ਹੇਠਾਂ ਫਸੇ ਨੌਜਵਾਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਕੁਝ ਸਮੇਂ ਬਾਅਦ ਜੇਸੀਬੀ ਮਸ਼ੀਨਾਂ ਲਾ ਕੇ ਚੱਟਾਨ ਨੂੰ ਚੁੱਕਿਆ ਗਿਆ ਤੇ ਟੈਂਪੂ ਟਰੈਵਲਰ ਨੂੰ ਬਾਹਰ ਖਿੱਚਿਆ ਗਿਆ। ਬਚੇਲੀਖਾਲ ਚੌਕੀ ਇੰਚਾਰਜ ਨੇ ਦਸਿਆ ਕਿ ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚ ਕੇ ਪਤਾ ਲੱਗਿਆ ਕਿ ਟੈਂਪੂ (ਪੀਬੀ-01 ਏ7524) ਮੋਹਾਲੀ ਜ਼ਿਲ੍ਹੇ ਤੋਂ ਸ੍ਰੀ ਹੇਮਕੁੰਟ ਸਾਹਿਬ ਜਾ ਰਿਹਾ ਸੀ।

ਹਾਦਸੇ ਵਿਚ ਗੁਰਦੀਪ (35) ਪੁੱਤਰ ਬਚਨਾ ਰਾਮ ਵਾਸੀ ਜੈਤੀਮਜਰੀ ਮੋਹਾਲੀ, ਗੁਰਪ੍ਰੀਤ ਸਿੰਘ (33) ਪੁੱਤਰ ਗੁਰੂ ਨਾਮ ਵਾਸੀ ਸਿਰ ਸੈਨੀ, ਜਤਿੰਦਰਪਾਲ ਸਿੰਘ (34) ਪੁੱਤਰ ਸਤਨਾਮ ਸਿੰਘ ਵਾਸੀ 3156 ਪੈਰਾਡਾਈਜ਼ ਇਨਕਲੇਵ ਚੰਡੀਗੜ੍ਹ, ਤਜਿੰਦਰ ਸਿੰਘ (43) ਪੁੱਤਰ ਜਸਪਾਲ ਵਾਸੀ 2430-C ਮੁੰਡੀ ਖਰੜ ਕੰਪਲੈਕਸ ਮੋਹਾਲੀ, ਸੁਰਿੰਦਰ ਸਿੰਘ (35) ਪੁੱਤਰ ਦੇਵਰਾਜ ਵਾਸੀ ਨਵਾਂਗਾਉਂ ਗੁਰੂ ਜੈਨ (37) ਅਤੇ ਲਵਲੀ ਪੁੱਤਰ ਕਿਸ਼ੋਰੀਲਾਲ ਵਾਸੀ ਪੰਚਕੂਲਾ ਦੀ ਮੌਤ ਹੋ ਗਈ।