ਆਟੋ ਚਾਲਕ ਦਾ 18 ਹਜ਼ਾਰ ਰੁਪਏ ਦਾ ਕੱਟਿਆ ਚਲਾਨ, ਸਦਮੇ ਕਾਰਨ ਹੋਈ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਆਟੋ ਦਾ ਪਰਮਿਟ ਅਤੇ ਡਰਾਈਵਿੰਗ ਲਾਈਸੈਂਸ ਨਹੀਂ ਸੀ। ਪ੍ਰਦੂਸ਼ਣ ਸਰਟੀਫ਼ਿਕੇਟ ਦੀ ਵੀ ਮਿਆਦ ਖ਼ਤਮ ਹੋ ਚੁੱਕੀ ਸੀ।

Traffic police issued Challan of 18 thousand rupees, auto driver died

ਜੌਨਪੁਰ : ਕੇਂਦਰ ਸਰਕਾਰ ਨੇ ਟ੍ਰੈਫ਼ਿਕ ਵਿਵਸਥਾ ਨੂੰ ਸੁਧਾਰਨ ਲਈ ਨਵਾਂ ਕਾਨੂੰਨ ਬਣਾਇਆ ਹੈ, ਜੋ 1 ਸਤੰਬਰ ਤੋਂ ਪੂਰੇ ਦੇਸ਼ 'ਚ ਲਾਗੂ ਹੋ ਚੁੱਕਾ ਹੈ। ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋਣ ਤੋਂ ਬਾਅਦ ਹੁਣ ਲੋਕਾਂ ਨੂੰ ਟ੍ਰੈਫ਼ਿਕ ਨਿਯਮ ਤੋੜਨ 'ਤੇ ਭਾਰੀ ਜੁਰਮਾਨਾ ਚੁਕਾਉਣਾ ਪੈ ਰਿਹਾ ਹੈ। ਕਈ ਵਾਰ ਚਲਾਨ ਦੀ ਰਕਮ ਵੇਖ ਲੋਕ ਘਬਰਾ ਜਾਂਦੇ ਹਨ। ਕੁਝ ਅਜਿਹਾ ਹੀ ਮਾਮਲਾ ਉਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ 'ਚ ਸਾਹਮਣੇ ਆਇਆ ਹੈ, ਜਿਥੇ ਇਕ ਆਟੋ ਰਿਕਸ਼ਾ ਚਾਲਕ ਚਲਾਨ ਦੀ ਰਕਮ ਵੇਖ ਇੰਨਾ ਪ੍ਰੇਸ਼ਾਨ ਹੋ ਗਿਆ ਕਿ ਉਸ ਦੀ ਮੌਤ ਹੋ ਗਈ। ਘਟਨਾ ਉੱਤਰ ਪ੍ਰਦੇਸ਼ ਦੇ ਜੌਨਪੁਰ ਦੇ ਬਕਸਾ ਥਾਣਾ ਖੇਤਰ ਦੇ ਅਲੀਗੰਜ ਬਾਜ਼ਾਰ ਦੀ ਹੈ।

ਦਰਅਸਲ ਬੀਤੀ 31 ਅਗਸਤ ਨੂੰ ਕਲੀਚਾਬਾਦ ਪਿੰਡ ਦੇ ਰਹਿਣ ਵਾਲੇ ਆਟੋ ਚਾਲਕ ਗਣੇਸ਼ ਅਗ੍ਰਹਰਿ ਦਾ ਜੌਨਪੁਰ ਦੇ ਆਰਟੀਓ ਵਿਭਾਗ ਨੇ ਚਲਾਨ ਕੀਤਾ ਸੀ। ਗਣੇਸ਼ ਕੋਲ ਆਟੋ ਦਾ ਪਰਮਿਟ ਅਤੇ ਡਰਾਈਵਿੰਗ ਲਾਈਸੈਂਸ ਨਹੀਂ ਸੀ। ਪ੍ਰਦੂਸ਼ਣ ਸਰਟੀਫ਼ਿਕੇਟ ਦੀ ਵੀ ਮਿਆਦ ਖ਼ਤਮ ਹੋ ਚੁੱਕੀ ਸੀ। ਇਸ ਤੋਂ ਇਲਾਵਾ ਕਈ ਹੋਰ ਕਮੀਆਂ ਮਿਲਣ 'ਤੇ ਆਵਾਜਾਈ ਵਿਭਾਗ ਦੀ ਅਧਿਕਾਰੀ ਸਮਿਤਾ ਵਰਮਾ ਨੇ ਆਟੋ ਰਿਕਸ਼ਾ ਦਾ 18,500 ਰੁਪਏ ਦਾ ਚਲਾਨ ਕੱਟ ਦਿੱਤਾ।

ਪਰਵਾਰ ਦਾ ਦੋਸ਼ ਹੈ ਕਿ ਚਲਾਨ ਕੱਟਣ ਤੋਂ ਬਾਅਦ ਗਣੇਸ਼ ਸਦਮੇ 'ਚ ਜਾਣ ਕਾਰਨ ਬੀਮਾਰ ਹੋ ਗਿਆ। ਉਸ ਨੂੰ ਸਥਾਨਕ ਡਾਕਟਰਾਂ ਨੂੰ ਵਿਖਾਇਆ ਗਿਆ ਪਰ ਠੀਕ ਨਾ ਹੋਣ 'ਤੇ ਵਾਰਾਣਸੀ ਲੈ ਗਏ, ਜਿਥੇ 23 ਸਤੰਬਰ ਨੂੰ ਇਕ ਨਿੱਜੀ ਹਸਪਤਾਲ 'ਚ ਉਸ ਦੀ ਮੌਤ ਹੋ ਗਈ। ਇਸ ਮਾਮਲੇ 'ਚ ਚਲਾਨ ਕੱਟਣ ਵਾਲੀ ਸਮਿਤਾ ਵਰਮਾ ਨੇ ਦੱਸਿਆ ਕਿ ਆਟੋ ਰਿਕਸ਼ਾ ਦਾ ਪੁਰਾਣੇ ਮੋਟਰ ਵਹੀਕਲ ਐਕਟ ਤਹਿਤ ਚਲਾਨ ਕੱਟਿਆ ਗਿਆ ਸੀ। ਸਮਿਤਾ ਨੇ ਦੱਸਿਆ ਕਿ ਬੀਤੀ 31 ਅਗਸਤ ਨੂੰ ਜਾਂਚ ਦੌਰਾਨ ਆਟੋ ਚਾਲਕ ਦੀਆਂ 6 ਕਮੀਆਂ ਮਿਲੀਆਂ ਸਨ।