ਸੰਯੁਕਤ ਕਿਸਾਨ ਮੋਰਚਾ ਵੱਲੋਂ ਭਲਕੇ ਕੀਤਾ ਜਾਵੇਗਾ ਚੱਕਾ ਜਾਮ, ਇਹਨਾਂ ਮੰਗਾਂ ਨੂੰ ਲੈ ਕੇ ਦਿੱਤਾ ਜਾਵੇਗਾ ਧਰਨਾ
ਇਹ ਚੱਕਾ ਜਾਮ 10 ਨੈਸ਼ਨਲ ਹਾਈ ਵੇਅ ਪੁਆਇੰਟਾਂ ’ਤੇ ਲਾਇਆ ਜਾਵੇਗਾ।
ਚੰਡੀਗੜ੍ਹ: ਆਪਣੀਆਂ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਵੱਲੋਂ ਭਲਕੇ (30 ਸਤੰਬਰ) ਨੂੰ ਪੰਜਾਬ ਵਿਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਚੱਕਾ ਜਾਮ 10 ਨੈਸ਼ਨਲ ਹਾਈ ਵੇਅ ਪੁਆਇੰਟਾਂ ’ਤੇ ਲਾਇਆ ਜਾਵੇਗਾ। ਇਸ ਦੌਰਾਨ ਸਵੇਰੇ 11 ਵਜੇ ਤੋਂ ਮਾਝਾ, ਮਾਲਵਾ, ਦੋਆਬਾ ਵਿਚ ਸਰਹਿੰਦ ਪੁਲਿਸ ਥਾਣੇ ਕੋਲ, ਧਾਲੀਵਾਲ ਚੌਂਕ ਜਾਂ ਬਾਈਪਾਸ ਕੋਲ, ਫਿਰੋਜ਼ਪੁਰ ਚੂੰਗੀ ਨੰ.7, ਤਪਾ ਮੰਡੀ, ਮਲੋਟ ਦਾਣਾ ਮੰਡੀ ਕੋਲ, ਮੁਕੇਰੀਆਂ, ਹਰੀਕੇ, ਫਾਜ਼ਿਲਕਾ, ਬੁਘੀਪੁਰ ਚੌਂਕ ਮੋਗਾ ਵਿਖੇ ਜਾਮ ਕੀਤਾ ਜਾਵੇਗਾ।
ਦਰਅਸਲ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ’ਚ ਭਿਆਨਕ ਬੀਮਾਰੀ ਨਾਲ ਇਕ ਲੱਖ ਏਕੜ ਝੋਨੇ ਦੀ ਫਸਲ ਖਰਾਬ ਹੋ ਚੁੱਕੀ ਹੈ, ਜਿਸ ਦੀ ਸਰਕਾਰ ਗਿਰਦਾਵਰੀ ਨਹੀਂ ਕਰਵਾ ਸਕੀ। ਸਰਕਾਰ ਨੂੰ ਤੁਰੰਤ ਗਿਰਦਾਵਰੀ ਕਰਵਾ ਮੁਆਵਜ਼ਾ ਦੇਣਾ ਚਾਹੀਦਾ ਹੈ। ਦੂਜੇ ਪਾਸੇ ਲੰਪੀ ਸਕਿਨ ਬੀਮਾਰੀ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਪਰਾਲੀ ਨਾ ਸਾੜਨ ਬਦਲੇ ਮੁਆਵਜ਼ੇ ਦੀ ਮੰਗ ਅਤੇ ਗੰਨੇ ਦੇ ਬਕਾਇਆ ਸਬੰਧੀ ਪ੍ਰਦਰਸ਼ਨ ਕੀਤਾ ਜਾਵੇਗਾ।