ਵਿਧਾਨ ਸਭਾ 'ਚ ਐੱਸ.ਸੀ ਵਿਦਿਆਰਥੀਆਂ ਦੇ ਵਜ਼ੀਫ਼ੇ ਅਤੇ ਸਰਟੀਫਿਕੇਟ ਨੂੰ ਲੈ ਕੇ ਪਾਸ ਹੋਇਆ ਮਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਕਾਲਰਸ਼ਿਪ ਦੇ ਕਾਰਨ ਕਿਸੇ ਵੀ ਵਿਦਿਆਰਥੀ ਦੀ ਡਿਗਰੀ ਨੂੰ ਰੋਕਿਆ ਨਹੀਂ ਜਾਵੇਗਾ।

Punjab Vidhan Sabha

 

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਇਜਲਾਸ ਦੌਰਾਨ ਦੂਜੇ ਦਿਨ ਦੀ ਕਾਰਵਾਈ ਵੀ ਹੰਗਾਮੇ ਨਾਲ ਸ਼ੁਰੂ ਹੋਈ। 'ਆਪ' ਨੇ ਮੁੱਖ ਤੌਰ 'ਤੇ ਪੰਜਾਬ ਦੇ ਦਲਿਤ ਬੱਚਿਆਂ ਦੇ ਵਜ਼ੀਫੇ, ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੁਆਰਾ ਉਹਨਾਂ ਦੇ ਸਰਟੀਫਿਕੇਟ ਰੋਕਣ ਬਾਰੇ ਚਰਚਾ ਕੀਤੀ। ਇਸ ਦੌਰਾਨ 'ਆਪ' ਦੇ ਵੱਖ-ਵੱਖ ਵਿਧਾਇਕਾਂ ਨੇ ਆਪਣੇ ਵਿਚਾਰ ਦਿੱਤੇ ਅਤੇ ਸਦਨ 'ਚ ਚਰਚਾ ਵੀ ਹੋਈ ਪਰ ਸਦਨ ਦਾ ਸਿਫਰ ਕਾਲ ਖਤਮ ਹੋਣ ਤੱਕ 'ਆਪ' ਨੂੰ ਕਾਂਗਰਸ ਅਤੇ ਭਾਜਪਾ ਦੇ ਜ਼ੋਰਦਾਰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਸਦਨ ਦੀ ਕਾਰਵਾਈ ਵਿਚ ਹਿੱਸਾ ਨਹੀਂ ਲਿਆ।

ਇਸ ਦੌਰਾਨ ਐਸ.ਸੀ ਵਿਦਿਆਰਥੀਆਂ ਦੇ ਸਰਟੀਫਿਕੇਟਾਂ ਅਤੇ ਵਜ਼ੀਫ਼ਿਆਂ ਸਬੰਧੀ ਮਤਾ ਪਾਸ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵਿਦਿਅਕ ਸੰਸਥਾਵਾਂ ਵੱਲੋਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਵਜ਼ੀਫੇ ਅਤੇ ਸਰਟੀਫਿਕੇਟ ਸਮੇਂ ਸਿਰ ਨਾ ਦਿੱਤੇ ਜਾਣ ਸਬੰਧੀ ਵਿਧਾਨ ਸਭਾ ਵਿਚ ਲੋੜੀਂਦੇ ਕਦਮ ਚੁੱਕਣ ਲਈ ਮਤਾ ਪਾਸ ਕੀਤਾ ਗਿਆ ਹੈ।

ਵਿਧਾਇਕ ਸਰਬਜੀਤ ਕੌਰ ਮਾਣੂੰਕੇ ਵੱਲੋਂ ਉਠਾਏ ਗਏ ਮੁੱਦੇ 'ਤੇ ਚਰਚਾ ਕਰਨ ਉਪਰੰਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਸ ਦਿਸ਼ਾ ਵਿੱਚ ਵਿਸ਼ੇਸ਼ ਕਦਮ ਚੁੱਕਣ ਦੇ ਆਦੇਸ਼ ਦਿੱਤੇ ਜਾਂਦੇ ਹਨ। ਸਕਾਲਰਸ਼ਿਪ ਦੇ ਕਾਰਨ ਕਿਸੇ ਵੀ ਵਿਦਿਆਰਥੀ ਦੀ ਡਿਗਰੀ ਨੂੰ ਰੋਕਿਆ ਨਹੀਂ ਜਾਵੇਗਾ।

ਅਨੁਸੂਚਿਤ ਜਾਤੀ ਦੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਅਤੇ ਉਹਨਾਂ ਨੂੰ ਮਿਲਣ ਵਾਲੇ ਵਜ਼ੀਫ਼ਾ ਦਾ ਮੁੱਦਾ ਚੁੱਕਦਿਆਂ  ‘ਆਪ’ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਜ਼ਿਆਦਾਤਰ ਬੱਚਿਆਂ ਨੂੰ ਆਨਲਾਈਨ ਪ੍ਰਕਿਰਿਆ ਬਾਰੇ ਜਾਣਕਾਰੀ ਨਹੀਂ ਹੈ, ਇਸ ਕਾਰਨ ਕੁਝ ਢਿੱਲ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕਾਂਗਰਸ ਦੇ ਰਾਜ ਵਿਚ 4 ਲੱਖ ਬੱਚੇ ਸਰਟੀਫਿਕੇਟ ਲੈਣ ਤੋਂ ਵਾਂਝੇ ਰਹਿ ਗਏ। ਕਾਂਗਰਸ ਸਰਕਾਰ ਦੇ ਰਾਜ ਵਿਚ 2016 ਤੋਂ 2020 ਤੱਕ ਬੱਚਿਆਂ ਦਾ ਵਜੀਫਾ ਨਹੀਂ ਦਿੱਤਾ ਗਿਆ। ਵਿਧਾਇਕ ਨੇ ਕਿਹਾ ਕਿ ਕਾਂਗਰਸ ਦੇ ਮੰਤਰੀ ਨੇ ਪੈਸੇ ਖਾ ਲਏ ਅਤੇ ਉਹਨਾਂ ਨੂੰ ਕਲੀਨ ਚਿੱਟ ਵੀ ਦੇ ਦਿੱਤੀ ਗਈ। ਉਹਨਾਂ ਸਵਾਲ ਕੀਤਾ ਕਿ ਜਦੋਂ ਪੰਜਾਬ ਦੇ ਲੋਕ ਭੁੱਖ ਹੜਤਾਲ 'ਤੇ ਸਨ ਤਾਂ ਕਾਂਗਰਸ ਕਿੱਥੇ ਸੀ।

ਸਦਨ ਦੀ ਕਾਰਵਾਈ ਖਤਮ ਹੋਣ ਤੱਕ ਕਾਂਗਰਸੀ ਵਿਧਾਇਕ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਰਹੇ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਂ ਨੂੰ ਬਰਖਾਸਤ ਕਰਕੇ ਉਹਨਾਂ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਉਠਾਈ। ਦੁਪਹਿਰ 2 ਵਜੇ ਤੋਂ ਲੈ ਕੇ ਸਦਨ ਦੀ ਕਾਰਵਾਈ ਖ਼ਤਮ ਹੋਣ ਤੱਕ ਵਿਰੋਧੀ ਪਾਰਟੀ ਦੇ ਵਿਧਾਇਕ ਸਦਨ ​​ਵਿਚ ਨਾਅਰੇਬਾਜ਼ੀ ਕਰਦੇ ਰਹੇ। ਵਿਧਾਨ ਸਭਾ ਦੇ ਸਪੀਕਰ ਨੇ ਕਾਂਗਰਸੀ ਵਿਧਾਇਕਾਂ ਨੂੰ ਉਹਨਾਂ ਦਾ ਨਾਂ ਲੈ ਕੇ ਸੰਬੋਧਿਤ ਕਰਦੇ ਹੋਏ ਸ਼ਾਂਤ ਰਹਿਣ ਦੀ ਅਪੀਲ ਵੀ ਕੀਤੀ ਇਸ ਦੇ ਬਾਵਜੂਦ ਸਦਨ ਦੀ ਕਾਰਵਾਈ ਦੌਰਾਨ ਨਾਅਰੇਬਾਜ਼ੀ ਜਾਰੀ ਰਹੀ।