ਬਾਦਲ ਪਰਿਵਾਰ ਨੂੰ ਲੋਕ ਹਮੇਸ਼ਾ ਲਈ ਤਿਆਗ ਦੇਣਗੇ : ਰਵੀਇੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵੋਟਾਂ ਲਈ ਬੇਅਦਬੀ ਕਰਵਾਉਣਾ ਬਾਦਲਾਂ ਦਾ ਤੌਰ ਤਰੀਕਾ ਬਹੁਤ ਪੁਰਾਣਾ ਹੈ, ਇਸ ਲਈ ਸਿੱਖ ਭਾਈਚਾਰੇ ਨੂੰ ਚਾਹੀਦਾ ਹੈ ਕਿ ਦੁਨਿਆਵੀ ਅਦਾਲਤਾਂ ਤੋਂ ਸਜ਼ਾ ...

ਰਵੀਇੰਦਰ ਸਿੰਘ

ਵੋਟਾਂ ਲਈ ਬੇਅਦਬੀ ਕਰਵਾਉਣਾ ਬਾਦਲਾਂ ਦਾ ਤੌਰ ਤਰੀਕਾ ਬਹੁਤ ਪੁਰਾਣਾ ਹੈ, ਇਸ ਲਈ ਸਿੱਖ ਭਾਈਚਾਰੇ ਨੂੰ ਚਾਹੀਦਾ ਹੈ ਕਿ ਦੁਨਿਆਵੀ ਅਦਾਲਤਾਂ ਤੋਂ ਸਜ਼ਾ ਦਿਵਾਉਣ ਦੀ ਜੱਦੋ-ਜਹਿਦ ਕਰਨ ਤੋਂ ਇਲਾਵਾ ਉਹ ਇਸ ਟੱਬਰ ਦਾ ਹਮੇਸਾਂ ਲਈ ਭਾਂਡਾ ਵੀ ਤਿਆਗ ਦੇਣ। ਇਹ ਸੱਦਾ ਅਖੰਡ ਅਕਾਲੀ ਦਲ ਦੇ ਪ੍ਰਧਾਨ ਸ੍ਰ: ਰਵੀਇੰਦਰ ਸਿੰਘ ਨੇ ਦਿੱਤਾ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਬਲਵੰਤ ਸਿੰਘ ਨੰਦਗੜ ਦੀ ਮੌਜੂਦਗੀ ਵਿੱਚ ਸਥਾਨਕ ਪ੍ਰੈਸ ਕਲੱਬ 'ਚ ਇੱਕ ਪੱਤਰਕਾਰ ਵਾਰਤਾ ਦੌਰਾਨ ਵੈਟਰਨ ਅਕਾਲੀ ਲੀਡਰ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਭ ਤੋਂ ਪਹਿਲੀ ਬੇਅਦਬੀ ਉਦੋਂ ਹੋਈ ਸੀ।

ਜਦ 1977 ਵਿੱਚ ਦੂਜੀ ਵਾਰ ਮੁੱਖ ਮੰਤਰੀ ਬਣਨ ਉਪਰੰਤ ਸ੍ਰ: ਬਾਦਲ ਦੀ ਹਕੂਮਤ ਨੇ ਪਿੰਡ ਸਰਾਏ ਨਾਗਾ ਵਿਖੇ ਇੱਕ ਮਮੂਲੀ ਝਗੜੇ ਦੇ ਚਲਦਿਆਂ ਨਿਹੰਗ ਸਿੰਘਾਂ ਨੂੰ ਪਾਵਨ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਗੁਰੂ ਘਰ ਵਿਖੇ ਗੋਲੀਆਂ ਨਾਲ ਛੱਲੀ ਕੀਤਾ ਸੀ। ਇੱਕ ਬੇਲਦਾਰ ਤੋਂ ਅਧਿਆਤਮਕ ਆਗੂ ਬਣੇ ਪਿਆਰਾ ਸਿੰਘ ਭਨਿਆਰਾ ਵਾਲੇ ਦਾ ਹਵਾਲਾ ਦਿੰਦਿਆਂ ਰਵੀ ਇੰਦਰ ਨੇ ਦੱਸਿਆ ਕਿ ਆਪਣੇ ਇੱਕ ਕਰੀਬੀ ਡੀ ਆਈ ਜੀ ਦੀ ਮੱਦਦ ਨਾਲ ਸੀਨੀਅਰ ਬਾਦਲ ਨੇ 1997 ਵਿੱਚ ਤੀਜੀ ਵਾਰ ਮੁੱਖ ਮੰਤਰੀ ਬਣਨ ਉਪਰੰਤ ਉਸਨੂੰ ਇਸ ਲਈ ਉਭਾਰਿਆ ਸੀ, ਤਾਂ ਕਿ ਉਸ ਜ਼ਰੀਏ ਦਲਿਤ ਭਾਈਚਾਰੇ ਦੀਆਂ ਵੋਟਾਂ ਹਾਸਲ ਕੀਤੀਆਂ ਜਾ ਸਕਣ।

ਉਹਨਾਂ ਦਿਨਾਂ 'ਚ ਮੋਰਿੰਡਾ ਲਾਗੇ ਰਤਨਗੜ ਤੇ ਘੜੂੰਆਂ ਵਰਗੇ ਪੰਜ ਪਿੰਡਾਂ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ, ਲੇਕਿਨ ਮਹੌਲ ਦੇ ਖ਼ਰਾਬ ਹੋਣ ਦੇ ਡਰ ਕਾਰਨ ਸਥਾਨਕ ਲੋਕਾਂ ਨੇ ਅੰਦੋਲਨ ਕਰਨ ਦੀ ਬਜਾਏ ਸਿਰਫ਼ ਅਰਦਾਸ ਤੱਕ ਸੀਮਤ ਰਹਿਣਾ ਹੀ ਮੁਨਾਸਿਬ ਸਮਝਿਆ।ਸਾਬਕਾ ਸਪੀਕਰ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਬਾਈਕਾਟ ਦੇ ਫੈਸਲੇ ਦੇ ਬਾਵਜੂਦ ਪ੍ਰਕਾਸ਼ ਸਿੰਘ ਬਾਦਲ ਤੇ ਉਸਦਾ ਪਰਿਵਾਰ ਵੋਟਾਂ ਹਾਸਲ ਕਰਨ ਲਈ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਗੁਰਮੀਤ ਸਿੰਘ ਸਾਹਮਣੇ ਨਤਮਸਤਕ ਹੀ ਨਹੀਂ ਹੁੰਦਾ ਰਿਹਾ।

ਬਲਕਿ ਸਿੰਘ ਸਾਹਿਬਾਨ ਜ਼ਰੀਏ ਉਸ ਨੂੰ ਬਿਨ ਮੰਗਿਆਂ ਮੁਆਫ਼ੀ ਵੀ ਦੁਆ ਦਿੱਤੀ ਸੀ। ਇੱਥੇ ਹੀ ਬੱਸ ਨਹੀਂ ਜਦ ਸਿੱਖ ਪੰਥ ਨੇ ਅਜਿਹੀ ਮੁਆਫ਼ੀ ਨੂੰ ਰੱਦ ਕਰ ਦਿੱਤਾ ਤਾਂ ਉਸਨੂੰ ਪ੍ਰਵਾਨ ਕਰਵਾਉਣ ਵਾਸਤੇ ਗੁਰੂ ਕੀ ਗੋਲਕ ਚੋਂ 90 ਲੱਖ ਤੋਂ ਵੱਧ ਦੇ ਇਸਤਿਹਾਰ ਅਖ਼ਬਾਰਾਂ ਦੇ ਨਾਂ ਜਾਰੀ ਕਰਵਾ ਦਿੱਤੇ।ਇਹ ਸਪਸ਼ਟ ਹੋਣ ਦੇ ਬਾਵਜੂਦ ਕਿ ਬੁਰਜ ਜਵਾਹਰ ਸਿੰਘ ਵਾਲਾ ਤੋਂ ਲੈ ਕੇ ਬਰਗਾੜੀ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜੋ ਘਟਨਾਂ ਕ੍ਰਮ ਵਾਪਰਿਆ ਹੈ, ਉਸ ਵਿੱਚ ਸਿਰਸੇ ਵਾਲਿਆਂ ਦੀ ਸਰਗਰਮ ਭੂਮਿਕਾ ਸੀ, ਬਾਦਲ ਬਾਪ ਬੇਟੇ ਨੇ ਕਿਸੇ ਵੀ ਦੋਸ਼ੀ ਖਿਲਾਫ ਕਾਰਵਾਈ ਕਰਨੀ ਮੁਨਾਸਿਬ ਨਾ ਸਮਝੀ।

ਉਲਟਾ ਹੋਇਆ ਇਹ ਕਿ ਰੋਸ ਪ੍ਰਗਟ ਕਰਨ ਵਾਲਿਆਂ ਨੂੰ ਹੀ ਕਹਿਰਾਂ ਦਾ ਤਸੱਦਦ ਝੱਲਣਾ ਪਿਆ ਤੇ ਬਹਿਬਲ ਕਲਾਂ ਵਿਖੇ ਪੁਲਿਸ ਗੋਲੀ ਨਾਲ ਦੋ ਜਣੇ ਮਾਰੇ ਗਏ। ਏਨਾ ਕੁਝ ਵਾਪਰਨ ਦੇ ਬਾਵਜੂਦ ਵੀ ਬਾਦਲ ਪਰਿਵਾਰ ਦੇ ਕੰਨ ਤੇ ਜੂੰ ਨਾ ਸਰਕੀ। ਵੱਖ ਵੱਖ ਟਕਸਾਲੀ ਆਗੂਆਂ ਵੱਲੋਂ ਅਹੁਦਿਆਂ ਤੋਂ ਦਿੱਤੇ ਜਾ ਰਹੇ ਅਸਤੀਫਿਆਂ ਦਾ ਜਿਕਰ ਕਰਦਿਆਂ ਸ੍ਰੀ ਰਵੀਇੰਦਰ ਨੇ ਕਿਹਾ ਕਿ ਉਹਨਾਂ ਨੂੰ ਸੀਨੀਅਰ ਬਾਦਲ ਉੱਪਰ ਅਥਾਹ ਮਾਣ ਸੀ, ਲੇਕਿਨ ਗਿ: ਗੁਰਮੁਖ ਸਿੰਘ ਦੇ ਪ੍ਰਗਟਾਵਿਆਂ ਤੇ ਜਸਟਿਸ ਰਣਜੀਤ ਸਿੰਘ ਕਮਿਸਨ ਰਿਪੋਰਟ ਨੇ ਜਦ ਸਭ ਕੁੱਝ ਬੇਨਕਾਬ ਕਰਕੇ ਰੱਖ ਦਿੱਤਾ ਤਾਂ ਉਹਨਾਂ ਲੋਕਾਂ ਨੇ ਆਪਣੇ ਆਪ ਨੂੰ ਬਾਦਲ ਪਰਿਵਾਰ ਨਾਲੋਂ ਅਲਾਹਿਦਾ ਕਰਨਾ ਸੁਰੂ ਕਰ ਦਿੱਤਾ।

ਬਰਗਾੜੀ ਵਿਖੇ ਚੱਲ ਰਹੇ ਇਨਸਾਫ ਮੋਰਚੇ ਵੱਲੋਂ ਸਜ਼ਾ ਦੀ ਕੀਤੀ ਜਾ ਰਹੀ ਮੰਗ ਨੂੰ ਨਾ ਕਾਫ਼ੀ ਸਮਝਦਿਆਂ ਸ੍ਰੀ ਰਵੀਇੰਦਰ ਨੇ ਕਿਹਾ ਕਿ ਅਦਾਲਤੀ ਸਜ਼ਾਵਾਂ ਦੀ ਮੰਗ ਦੇ ਨਾਲ ਨਾਲ ਸਿੱਖ ਸੰਗਤਾਂ ਨੂੰ ਚਾਹੀਦਾ ਹੈ ਕਿ ਉਹ ਉਸ ਬਾਦਲ ਪਰਿਵਾਰ ਦਾ ਹਮੇਸਾਂ ਲਈ ਭਾਂਡਾ ਤਿਆਗ ਦੇਣ, ਜਿਸ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿਵਾਇਆ ਹੈ। ਇਸ ਮੌਕੇ ਪਰਗਟ ਸਿੰਘ ਭੋਡੀਪੁਰਾ ਤੇ ਤੇਜਿੰਦਰ ਸਿੰਘ ਪੰਨੂ ਵੀ ਮੌਜੂਦ ਸਨ।