ਕਿਸਾਨਾਂ ਖਿਲਾਫ਼ ਤੁਗਲਕੀ ਫੁਰਮਾਨ ਦੇ ਰਹੀ ਹੈ ਭਾਜਪਾ ਸਰਕਾਰ- ਸੁਖਜਿੰਦਰ ਰੰਧਾਵਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਦੀ ਸਬ ਕਮੇਟੀ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨਾਲ ਕੀਤੀ ਬੈਠਕ

Sukhjinder Randhawa

ਚੰਡੀਗੜ੍ਹ (ਚਰਨਜੀਤ ਸਿੰਘ ਸੁਰਖ਼ਾਬ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਤਿੰਨ ਮੰਤਰੀਆਂ ਦੀ ਸਬ ਕਮੇਟੀ ਨਾਲ ਬੈਠਕ ਕੀਤੀ ਗਈ। ਇਸ ਕਮੇਟੀ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਕੈਪਟਨ ਸੰਦੀਪ ਸੰਧੂ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਕੁਲਜੀਤ ਨਾਗਰਾ ਵੀ ਸ਼ਾਮਲ ਸਨ।

ਇਸ ਬੈਠਕ ਤੋਂ ਬਾਅਦ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਕਿਸਾਨਾਂ ਨੇ ਉਹਨਾਂ ਨੂੰ ਦੱਸਿਆ ਹੈ ਕਿ ਕਿਸਾਨ ਜਥੇਬੰਦੀਆਂ ਨੇ ਕੋਈ ਰੇਲਵੇ ਟਰੈਕ ਨਹੀਂ ਰੋਕੇ ਬਲਕਿ ਉਹਨਾਂ ਨੇ ਨਿੱਜੀ ਥਰਮਲ ਪਲਾਂਟ ਅੰਦਰ ਜਾਂਦੇ ਟਰੈਕ ਹੀ ਰੋਕੇ ਹਨ।

ਰੰਧਾਵਾ ਨੇ ਦੱਸਿਆ ਕਿ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਤੋਂ ਬਾਅਦ ਹੀ ਕਿਸਾਨਾਂ ਨੇ ਰੇਲਵੇ ਟਰੈਕ ਖਾਲੀ ਕਰ ਦਿੱਤੇ ਸਨ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਸੂਬੇ ਵਿਚ ਸ਼ਾਂਤਮਈ ਪ੍ਰਦਰਸ਼ਨ ਕੀਤੇ ਜਾ ਰਹੇ ਹਨ।  ਕੇਂਦਰ ਸਰਕਾਰ ਵੱਲੋਂ ਲਏ ਫੈਸਲਿਆਂ 'ਤੇ ਰੰਧਾਵਾ ਨੇ ਕਿਹਾ ਕਿ ਸਰਕਾਰ ਨੂੰ ਇੰਨਾ ਸਖ਼ਤ ਨਹੀਂ ਹੋਣਾ ਚਾਹੀਦਾ। ਉਹਨਾਂ ਕਿਹਾ ਜੇਕਰ ਪੰਜਾਬ ਵਿਚ ਜੇਕਰ ਪੰਜਾਬ ਵਿਚ ਮਾਲ ਗੱਡੀਆਂ ਨਹੀਂ ਆਉਂਦੀਆਂ ਤਾਂ ਪੰਜਾਬ ਦਾ ਨਹੀਂ, ਬਲਕਿ ਪੂਰੇ ਦੇਸ਼ ਦਾ ਨੁਕਸਾਨ ਹੈ।

ਪ੍ਰਦੂਸ਼ਣ ਸਬੰਧੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਆਰਡੀਨੈਂਸ ਸਬੰਧੀ ਬੋਲਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਭਾਜਪਾ ਸਰਕਾਰ ਕਿਸਾਨਾਂ ਖਿਲਾਫ਼ ਤੁਗਲਕੀ ਫੁਰਮਾਨ ਦੇ ਰਹੀ ਹੈ, ਇਹ ਪੂਰੇ ਦੇਸ਼ ਲਈ ਨੁਕਸਾਨਦਾਇਕ ਹਨ। ਰੰਧਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾ ਨੂੰ ਲੈ ਕੇ ਅਜਿਹੇ ਫ਼ੈਸਲੇ ਲੈਣਾ ਕੋਈ ਚੰਗਾ ਸੰਕੇਤ ਨਹੀਂ ਹੈ। ਰੰਧਾਵਾ ਨੇ ਕਿਹਾ ਕਿ ਜੀਐਸਟੀ ਅਤੇ ਆਰਟੀਐਫ ਤੋਂ ਬਾਅਦ ਹੁਣ ਕੇਂਦਰ ਸਰਕਾਰ ਪੰਜਾਬ ਸਰਕਾਰ ਖਿਲਾਫ਼ ਵੀ ਸਖ਼ਤ ਕਦਮ ਚੁੱਕ ਸਕਦੀ ਹੈ। 

ਕੇਂਦਰ ਸਰਕਾਰ ਦੇ ਫੁਰਮਾਨ ਨੂੰ ਕਿਸਾਨ ਅਤੇ ਕਿਸਾਨ ਹਿਤੈਸ਼ੀ ਸਰਕਾਰਾਂ ਬਰਦਾਸ਼ਤ ਨਹੀਂ ਕਰਨਗੀਆਂ- ਕੁਲਜੀਤ ਨਾਗਰਾ 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਜੀਤ ਨਾਗਰਾ ਨੇ ਕਿਹਾ ਕਿ ਹੋਰ ਪ੍ਰਦੂਸ਼ਣ ਸਬੰਧੀ ਕਦੀ ਵੀ ਅਜਿਹਾ ਫਰਮਾਨ ਨਹੀਂ ਆਇਆ। ਉਹਨਾਂ ਕਿਹਾ ਕਿ ਇਹ ਭਾਜਪਾ ਅਤੇ ਮੋਦੀ ਸਰਕਾਰ ਦੀ ਕਿਸਾਨਾਂ ਖਿਲਾਫ਼ ਸੋਚੀ ਸਮਝੀ ਸਾਜ਼ਿਸ਼ ਹੈ। ਨਾਗਰਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫੁਰਮਾਨ ਨੂੰ ਨਾ ਕਿਸਾਨ ਬਰਦਾਸ਼ਤ ਕਰਨਗੇ ਤੇ ਨਾ ਹੀ ਕਿਸਾਨ ਹਿਤੈਸ਼ੀ ਸਰਕਾਰਾਂ। ਇਸ ਦਾ ਖਾਮਿਆਜ਼ਾ ਭਾਜਪਾ ਨੂੰ ਭੁਗਤਣਾ ਪਵੇਗਾ।