ਕੈਪਟਨ ਅਮਰਿੰਦਰ ਦੇ ਬਰੀ ਹੋਣ ਤੋਂ ਪਹਿਲਾਂ ਸੁਮੇਧ ਸੈਣੀ ਨੇ ਫਸਾਇਆ ਪੇਚ
ਲੁਧਿਆਣਾ ਸਿਟੀ ਸੈਂਟਰ ਮਾਮਲੇ ਵਿਚ ਉਸ ਵੇਲੇ ਇਕ ਨਵਾਂ ਮੋੜ ਆ ਗਿਆ, ਜਦੋਂ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਜ਼ਿਲ੍ਹਾ ਤੇ ਸੈਸ਼ਨ...
ਚੰਡੀਗੜ੍ਹ (ਭਾਸ਼ਾ) : ਲੁਧਿਆਣਾ ਸਿਟੀ ਸੈਂਟਰ ਮਾਮਲੇ ਵਿਚ ਉਸ ਵੇਲੇ ਇਕ ਨਵਾਂ ਮੋੜ ਆ ਗਿਆ, ਜਦੋਂ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਸਾਹਮਣੇ ਅਪਣਾ ਬਿਆਨ ਦਿੰਦੇ ਹੋਏ ਇਹ ਆਖ ਦਿਤਾ ਕਿ ਮੁਲਜ਼ਮਾਂ ਵਿਰੁੱਧ ਇਹ ਮਾਮਲਾ ਰੱਦ ਕਰਨ ਦੇ ਹੁਕਮ ਦੇਣ ਤੋਂ ਪਹਿਲਾਂ ਉਨ੍ਹਾਂ ਦੀ ਗੱਲ ਨੂੰ ਜ਼ਰੂਰ ਸੁਣਿਆ ਜਾਵੇ। ਸੈਣੀ ਦਾ ਕਹਿਣੈ ਕਿ ਇਸ ਮਾਮਲੇ ਦੇ ਮੁਲਜ਼ਮ ਵੱਡੀਆਂ ਤੋਪਾਂ ਹਨ ਤੇ ਸਾਰੇ ਹੀ ਪੈਸੇ ਤੇ ਅਸਰ-ਰਸੂਖ਼ ਵਾਲੇ ਹਨ। ਇਸ ਲਈ ਉਹ ਅਦਾਲਤ ਦੇ ਸਾਹਮਣੇ ਇਕ ਸੀਲਬੰਦ ਲਿਫ਼ਾਫ਼ੇ ਵਿਚ ਬਹੁਤ ਹੀ ਅਹਿਮ ਸਮੱਗਰੀ ਪੇਸ਼ ਕਰਨੀ ਚਾਹੁੰਦੇ ਹਨ।
ਜੋ ਇਸ ਮਾਮਲੇ ਦੀ ਨਿਆਂਪੂਰਨ ਜਾਂਚ ਲਈ ਬਹੁਤ ਜ਼ਰੂਰੀ ਹੈ, ਅਤੇ ਉਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿਤੀ ਜਾਵੇ। ਇਸ ਤੋਂ ਇਲਾਵਾ ਸੈਣੀ ਨੇ ਅਪਣੀ ਅਰਜ਼ੀ ਵਿਚ ਇਹ ਵੀ ਦਲੀਲ ਦਿਤੀ ਹੈ ਕਿ ਅਦਾਲਤ ਸਾਹਮਣੇ ਜਦੋਂ ਦੋਸ਼-ਪੱਤਰ ਆਇਦ ਕੀਤੇ ਗਏ ਸਨ, ਉਦੋਂ ਉਹ ਵਿਜੀਲੈਂਸ ਬਿਊਰੋ ਦੇ ਮੁਖੀ ਸਨ। ਉਨ੍ਹਾਂ ਇਸ ਮਾਮਲੇ ਨੂੰ ਰੱਦ ਕਰਨ ਦੀ ਰਿਪੋਰਟ ਨੂੰ ਆਪਾ-ਵਿਰੋਧੀ ਦੱਸਿਆ ਅਤੇ ਇਸ ਵਿਚ ਕੁਝ ਬੇਲੋੜੀ ਦੇਰੀ ਲੱਗਣ ਦੀ ਗੱਲ ਵੀ ਆਖੀ ਹੈ। ਦਸ ਦਈਏ ਕਿ ਇਸ ਮਾਮਲੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਮੁੱਖ ਮੁਲਜ਼ਮ ਹਨ।
ਜਿਨ੍ਹਾਂ 'ਤੇ ਸਰਕਾਰ ਨੂੰ ਵੱਡਾ ਮਾਲੀ ਨੁਕਸਾਨ ਪਹੁੰਚਾਉਣ ਦੇ ਦੋਸ਼ ਹਨ। ਇਹ ਮਾਮਲਾ ਲੁਧਿਆਣਾ ਸਿਟੀ ਸੈਂਟਰ ਨੂੰ ਕੰਟਰੈਕਟ ਆਧਾਰ 'ਤੇ ਦਿੱਲੀ ਦੀ ਇਕ ਨਿਰਮਾਣ ਫ਼ਰਮ ਹਵਾਲੇ ਕਰਨ ਨਾਲ ਸਬੰਧਤ ਹੈ। ਹੁਣ ਜਦੋਂ ਅਦਾਲਤ ਵਿਚ ਇਸ ਮਾਮਲੇ ਨੂੰ ਰੱਦ ਕਰਨ ਸਬੰਧੀ ਫ਼ੈਸਲਾ ਦੇਣ ਦੀ ਤਿਆਰੀ ਵਿਚ ਸੀ ਤਾਂ ਸੁਮੇਧ ਸੈਣੀ ਨੇ ਅਪਣਾ ਪੇਚ ਫਸਾ ਦਿਤਾ ਹੈ। ਜਿਸ ਨਾਲ ਇਸ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਫਿਲਹਾਲ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 7 ਦਸੰਬਰ ਤੈਅ ਕੀਤੀ ਹੈ, 7 ਦਸੰਬਰ ਨੂੰ ਹੀ ਪਤਾ ਚੱਲੇਗਾ ਕਿ ਸੁਮੇਧ ਸੈਣੀ ਅਦਾਲਤ ਸਾਹਮਣੇ ਕਿਹੜੀ ਅਹਿਮ ਸਮੱਗਰੀ ਪੇਸ਼ ਕਰਦੇ ਹਨ?