ਕੈਪਟਨ ਅਮਰਿੰਦਰ ਚਾਹੁੰਦੇ ਸਨ ਪਾਕਿਸਤਾਨ ਨਾ ਜਾਵੇ ਨਵਜੋਤ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਲਾਂਘੇ ਦੇ ਨੀਂਹ...

Captain Amarinder Singh

ਚੰਡੀਗੜ੍ਹ (ਸਸਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਲਈ ਪਾਕਿਸਤਾਨ ਜਾਣ ਦੇ ਫ਼ੈਸਲੇ ‘ਤੇ ਮੁੜ ਵਿਚਾਰ ਕਰਨ ਨੂੰ ਕਿਹਾ ਸੀ। ਹਾਲਾਂਕਿ ਉਨ੍ਹਾਂ ਨੇ ਸਿੱਧੂ ਦੀ ਬੇਨਤੀ ਨੂੰ ਇਸ ਲਈ ਮਨਜ਼ੂਰੀ ਦੇ ਦਿਤੀ ਕਿਉਂਕਿ ਉਹ ਕਿਸੇ ਦੀ ਵਿਅਕਤੀਗਤ ਯਾਤਰਾ ਨੂੰ ਰੋਕਣ ਦੇ ਪੱਖ ਵਿਚ ਨਹੀਂ ਹਨ।

ਮੰਗਲਵਾਰ ਨੂੰ ਪੱਤਰਕਾਰਾਂ ਨਾਲ ਰਸਮੀ ਗੱਲਬਾਤ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਫ਼ੈਸਲੇ ਉਤੇ ਮੁੜ ਵਿਚਾਰ ਕਰਨ ਨੂੰ ਕਿਹਾ ਤਾਂ ਸਿੱਧੂ ਮੱਧ ਪ੍ਰਦੇਸ਼ ਵਿਚ ਸਨ। ਸਿੱਧੂ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਪਹਿਲਾਂ ਤੋਂ ਹੀ ਅਪਣੇ ਆਪ ਨੂੰ ਜਾਣ ਲਈ ਤਿਆਰ ਕਰ ਚੁੱਕੇ ਹਨ। ਇਹ ਉਨ੍ਹਾਂ ਦੀ ਵਿਅਕਤੀਗਤ ਯਾਤਰਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਕਿਸੇ ਨੂੰ ਵੀ ਨਿਜੀ ਯਾਤਰਾ ਉਤੇ ਕਿਤੇ ਵੀ ਜਾਣ ਤੋਂ ਨਹੀਂ ਰੋਕਦਾ। ਸਿੱਧੂ ਦੀ ਇਹ ਅਧਿਕਾਰਿਕ ਯਾਤਰਾ ਨਹੀਂ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੀ ਯਾਤਰਾ ਉਤੇ ਨਾ ਜਾਣ ਦੇ ਅਪਣੇ ਫ਼ੈਸਲੇ ਨੂੰ ਠੀਕ ਦੱਸਦੇ ਹੋਏ ਕਿਹਾ ਕਿ ਉਹ ਜੋ ਮਹਿਸੂਸ ਕਰਦੇ ਹਨ, ਉਸ ਨੂੰ ਕਹਿ ਦੇਣ ਵਿਚ ਵਿਸ਼ਵਾਸ ਰੱਖਦੇ ਹਨ। ਇਸ ਮੁੱਦੇ ‘ਤੇ ਮੇਰੀਆਂ ਮਜ਼ਬੂਤ ਭਾਵਨਾਵਾਂ ਹਨ। ਮੇਰਾ ਫ਼ੌਜ ਦੇ ਨਾਲ ਮਜ਼ਬੂਤ ਸਬੰਧ ਹੈ ਅਤੇ ਮੈਂ ਮੇਰੇ ਲੋਕਾਂ ਨੂੰ ਮਾਰਨ ਵਾਲਿਆਂ ਦੇ ਨਾਲ ਖੜਾ ਨਹੀਂ ਹੋ ਸਕਦਾ। ਕਾਂਗਰਸ ਹਮੇਸ਼ਾ ਅਤਿਵਾਦ ਦੇ ਖਿਲਾਫ਼ ਖੜੀ ਰਹੀ ਹੈ ਅਤੇ ਕਿਸੇ ਨੂੰ ਵੀ ਦੇਸ਼ ਦੀ ਸ਼ਾਂਤੀ ਅਤੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਆਗਿਆ ਨਹੀਂ ਦਿਤੀ ਜਾਵੇਗੀ।

 ਪਾਕਿਸਤਾਨ ਵਿਚ ਹਾਲਾਤਾਂ ਨੂੰ ਬਹੁਤ ਅਨਿਸ਼ਚਿਤ ਦੱਸਦੇ ਹੋਏ ਕੈਪਟਨ ਨੇ ਕਿਹਾ ਕਿ ਕੋਈ ਨਹੀਂ ਜਾਣਦਾ ਕਿ ਉਥੇ ਸਰਕਾਰ ਕੌਣ ਚਲਾ ਰਿਹਾ ਹੈ ਜਾਂ ਉਸ ਦੇਸ਼ ਵਿਚ ਕੀ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਇਮਰਾਨ ਖ਼ਾਨ ਸਰਕਾਰ ਚਲਾ ਰਹੇ ਹਨ ਤਾਂ ਉਨ੍ਹਾਂ ਨੂੰ ਲਗਾਮ (ਪਾਕਿ ਫੌਜ ਅਤੇ ਅਤਿਵਾਦੀ ਸਮੂਹਾਂ ਉਤੇ ) ਕੱਸਣੀ ਚਾਹੀਦੀ ਹੈ। ਜੇਕਰ ਉਹ ਅਜਿਹਾ ਨਹੀਂ ਕਰ ਸਕਦੇ ਤਾਂ ਫਿਰ ਉਨ੍ਹਾਂ ਦੇ ਹੱਥਾਂ ਵਿਚ ਕੁੱਝ ਵੀ ਨਹੀਂ ਹੈ।

ਕੈਪਟਨ ਨੇ ਅੱਗੇ ਕਿਹਾ, ‘ਮੇਰਾ ਸੁਨੇਹਾ ਬਹੁਤ ਸਪੱਸ਼ਟ ਹੈ ਕਿ ਪੰਜਾਬ ਦੇ ਨਾਲ ਛੇੜਛਾੜ ਨਾ ਕਰੋ।’ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 400ਵੇਂ ਵਰ੍ਹੇ ਗੰਢ  ਦੇ ਮੌਕੇ ‘ਤੇ ਲਾਂਘੇ ਦੇ ਮੁੱਦੇ ਨੂੰ ਉਨ੍ਹਾਂ ਨੇ ਅਤੇ ਡਾ. ਮਨਮੋਹਨ ਸਿੰਘ ਨੇ ਪਾਕਿਸਤਾਨੀ ਨੇਤਾ ਪਰਵੇਜ਼ ਮੁਸ਼ੱਰਫ ਅਤੇ ਪਰਵੇਜ਼ ਇਲਾਹੀ ਦੇ ਸਾਹਮਣੇ ਚੁੱਕਿਆ ਸੀ। ਉਹ ਪੂਰੀ ਤਰ੍ਹਾਂ ਲਾਂਘੇ  ਦੇ ਪੱਖ ਵਿਚ ਸਨ ਕਿਉਂਕਿ ਉਹ ਪਾਕਿਸਤਾਨ ਦੇ ਨਾਲ ਵਪਾਰ ਵਾਧੇ ਦੇ ਨਾਲ ਸ਼ਾਂਤੀ ਚਾਹੁੰਦੇ ਸਨ।

ਕੈਪਟਨ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਵਿਚ ਪਾਕਿਸਤਾਨ ਉਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਕਰਤਾਰਪੁਰ ਕਾਰਿਡੋਰ ਦੇ ਮੁੱਦੇ ਉਤੇ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਹਰ ਪੰਜਾਬੀ ਇਸ ਤੋਂ ਬਹੁਤ ਖੁਸ਼ ਹੈ ਅਤੇ ਇਸ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਲਾਂਘੇ ਨਾਲ ਅਤਿਵਾਦੀਆਂ ਨੂੰ ਭਾਰਤ ਵਿਚ ਐਂਟਰ ਕਰਨ ਦਾ ਮੌਕਾ ਮਿਲ ਸਕੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਕਿਸੇ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਲਾਂਘੇ ਦੀ ਉੱਚ ਪੱਧਰ ‘ਤੇ ਸੁਰੱਖਿਆ ਵਿਵਸਥਾ ਹੋਵੇਗੀ।

ਪੰਜਾਬ ਵਿਚ ਅਤਿਵਾਦ ਨੂੰ ਕਿਸੇ ਵੀ ਕੀਮਤ ‘ਤੇ ਵਾਪਸੀ ਦੀ ਆਗਿਆ ਨਾ ਦੇਣ ਦੀ ਗੱਲ ਉਤੇ ਕਾਇਮ ਮੁੱਖ ਮੰਤਰੀ ਨੇ ਕਿਹਾ ਕਿ ਸਮਾਂ ਬਦਲ ਚੁੱਕਿਆ ਹੈ। ਉਸ ਸਮੇਂ ਪੰਜਾਬ ਦੇ ਕੋਲ 20,000 ਤੋਂ ਵੀ ਘੱਟ ਪੁਲਿਸ ਬਲ ਸੀ। ਹੁਣ 81,000 ਪੁਲਿਸ ਬਲ ਸੁਰੱਖਿਆ ਕਰਨ ਵਿਚ ਸਮਰੱਥਾਵਾਨ ਹਨ। ਫਿਰ ਵੀ ਜੇਕਰ ਹਾਲਾਤ ਹੱਥਾਂ ਵਿਚੋਂ ਨਿਕਲੇ, ਤਾਂ ਭਾਰਤੀ ਫੌਜ ਹੈ। ਫੌਜ ਦੇਸ਼ ਦੇ ਕਿਸੇ ਵੀ ਖ਼ਤਰੇ ਨਾਲ ਨਿੱਬੜਨ ਨੂੰ ਤਿਆਰ ਹੈ।

Related Stories