ਕਿਸਾਨਾਂ ਲਈ ਲਾਏ ਧਰਨੇ 'ਚ ਕਿਸਾਨਾਂ ਨਾਲ ਭਿੜੇ ਅਕਾਲੀ ਵਰਕਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਦਾਸਪੁਰ 'ਚ ਅਕਾਲੀਆਂ ਵਲੋਂ ਕਿਸਾਨਾਂ ਦੇ ਹੱਕ 'ਚ ਲਗਾਏ ਧਰਨੇ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਧਰਨੇ ਵਿਚ ਮੌਜੂਦ ਅਕਾਲੀ ਵਰਕਰ....

ਧਰਨੇ 'ਤੇ ਬੈਠੇ ਕਿਸਾਨ

ਗੁਰਦਾਸਪੁਰ (ਭਾਸ਼ਾ) : ਗੁਰਦਾਸਪੁਰ 'ਚ ਅਕਾਲੀਆਂ ਵਲੋਂ ਕਿਸਾਨਾਂ ਦੇ ਹੱਕ 'ਚ ਲਗਾਏ ਧਰਨੇ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਧਰਨੇ ਵਿਚ ਮੌਜੂਦ ਅਕਾਲੀ ਵਰਕਰ ਕਿਸਾਨਾਂ ਨਾਲ ਹੀ ਭਿੜ ਗਏ। ਦਰਅਸਲ ਅਕਾਲੀ ਦਲ ਨੇ ਗੰਨੇ ਦੀ ਬਕਾਇਆ ਅਦਾਇਗੀ ਵਿਚ ਹੋ ਰਹੀ ਦੇਰੀ ਨੂੰ ਲੈ ਕੇ ਇੱਥੇ ਧਰਨਾ ਲਗਾਇਆ ਹੋਇਆ ਸੀ, ਜਿਸ ਵਿਚ ਅਕਾਲੀ ਵਰਕਰਾਂ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਕਿਸਾਨ ਵੀ ਪੁੱਜੇ ਹੋਏ ਸਨ। ਜਾਣਕਾਰੀ ਅਨੁਸਾਰ ਇਸ ਦੌਰਾਨ ਇਕ ਦੂਜੇ ਤੋਂ ਅੱਗੇ ਬੈਠਣ ਦੀ ਹੋੜ ਨੂੰ ਲੈ ਕੇ ਅਕਾਲੀ ਵਰਕਰਾਂ ਅਤੇ ਕਿਸਾਨਾਂ ਵਿਚਕਾਰ ਵਿਵਾਦ ਖੜ੍ਹਾ ਹੋ ਗਿਆ। 

ਅਤੇ ਸਟੇਜ 'ਤੇ ਬੈਠੇ ਸੁਖਬੀਰ ਬਾਦਲ ਦੇ ਸਾਹਮਣੇ ਹੀ ਉਹ ਇਕ ਦੂਜੇ ਨਾਲ ਭਿੜ ਗਏ। ਇਸ ਤੋਂ ਬਾਅਦ ਮਾਮਲਾ ਜ਼ਿਆਦਾ ਵਧਦਾ ਦੇਖ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਸਾਰਿਆਂ ਨੂੰ ਹੱਥ ਜੋੜ ਕੇ ਮਾਮਲਾ ਸ਼ਾਂਤ ਕਰਨ ਲਈ ਆਖਿਆ, ਪਰ ਇਸ ਦੇ ਬਾਵਜੂਦ ਕਈ ਕਿਸਾਨ ਉਠ ਕੇ ਅਪਣੇ ਘਰਾਂ ਨੂੰ ਜਾਣੇ ਸ਼ੁਰੂ ਹੋ ਗਏ। ਇਹ ਧਰਨਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦੀ ਅਗਵਾਈ ਵਿਚ ਦਿਤਾ ਜਾ ਰਿਹਾ ਸੀ।

ਉਧਰ ਵਿਰੋਧੀਆਂ ਦਾ ਕਹਿਣੈ ਕਿ ਭਾਵੇਂ ਅਕਾਲੀ ਦਲ ਨੇ ਇਹ ਧਰਨਾ ਸਰਕਾਰ ਨੂੰ ਘੇਰਨ ਦੇ ਮੰਤਵ ਨਾਲ ਲਗਾਇਆ ਸੀ ਪਰ ਧਰਨੇ ਦੌਰਾਨ ਹੋਏ ਝਗੜੇ ਕਾਰਨ ਅਕਾਲੀ ਦਲ ਖ਼ੁਦ ਹੀ ਮਜ਼ਾਕ ਦਾ ਪਾਤਰ ਬਣ ਗਿਆ।