ਰੁਜ਼ਗਾਰ ਦੇ ਮਾਮਲੇ 'ਚ ਹਰਿਆਣਾ ਤੋਂ ਪਛੜਿਆ ਪੰਜਾਬ, ਪੰਜਾਬ ਟਾਪ-10 'ਚੋਂ ਬਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਚ ਪਿਛਲੇ ਸਾਲ ਦੇ ਮੁਕਾਬਲੇ ਬੇਰੁਜ਼ਗਾਰਾਂ ਦੀ ਗਿਣਤੀ ਵਿਚ 14 ਫੀਸਦੀ ਵਾਧਾ ਹੋਇਆ ਹੈ ਜੋ ਕਿ ਬੇਹੱਦ ਚਿੰਤਾ ਦਾ ਵਿਸ਼ਾ ਹੈ। ਚਿੰਤਾ ਦੀ ਗੱਲ ਇਹ....

ਬੇਰੁਜ਼ਗਾਰ

ਚੰਡੀਗੜ੍ਹ (ਭਾਸ਼ਾ) : ਦੇਸ਼ ਵਿਚ ਪਿਛਲੇ ਸਾਲ ਦੇ ਮੁਕਾਬਲੇ ਬੇਰੁਜ਼ਗਾਰਾਂ ਦੀ ਗਿਣਤੀ ਵਿਚ 14 ਫੀਸਦੀ ਵਾਧਾ ਹੋਇਆ ਹੈ ਜੋ ਕਿ ਬੇਹੱਦ ਚਿੰਤਾ ਦਾ ਵਿਸ਼ਾ ਹੈ। ਚਿੰਤਾ ਦੀ ਗੱਲ ਇਹ ਵੀ ਹੈ ਕਿ ਇਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਵਿਚੋਂ ਜ਼ਿਆਦਾਤਰ ਨੌਜਵਾਨ ਇੰਜਨੀਰਿੰਗ ਦੇ ਵਿਦਿਆਰਥੀ ਹਨ। ਇਹ ਖ਼ੁਲਾਸਾ ਇੰਡੀਆ ਸਕਿਲ ਰਿਪੋਰਟ 2019 ਦੇ ਸਰਵੇਖਣ ਵਿਚ ਵਿਚ ਹੋਇਆ ਹੈ। ਜਿਸ ਨੇ ਸਰਕਾਰਾਂ ਦੇ ਰੁਜ਼ਗਾਰ ਦੇਣ ਦੇ ਦਾਅਵਿਆਂ ਦੀ ਫੂਕ ਕੱਢ ਕੇ ਰੱਖ ਦਿਤੀ ਹੈ। ਪੰਜਾਬ ਸਰਕਾਰ ਵੀ ਭਾਵੇਂ ਰੁਜ਼ਗਾਰ ਮੇਲੇ ਲਗਾ ਕੇ ਬਹੁਤ ਸਾਰੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਆਖ ਰਹੀ ਹੈ।

ਪਰ ਇਸ ਸਰਵੇਖਣ ਮੁਤਾਬਕ ਪੰਜਾਬ ਟੌਪ-10 ਵਿਚੋਂ ਵੀ ਬਾਹਰ ਹੋ ਗਿਆ ਹੈ। ਜਦਕਿ ਸਿਖਰਲੇ 10 ਸੂਬਿਆਂ ਵਿਚੋਂ ਬਾਹਰ ਚੱਲ ਰਿਹਾ ਹਰਿਆਣਾ ਲੰਮੀ ਛਾਲ ਮਾਰ ਕੇ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ। ਮੱਧ ਪ੍ਰਦੇਸ਼ ਅਤੇ ਪੀਐਮ ਮੋਦੀ ਦਾ ਗ੍ਰਹਿ ਰਾਜ ਗੁਜਰਾਤ ਵੀ ਟੌਪ-10 'ਚੋਂ ਵੀ ਬਾਹਰ ਹੋ ਗਏ ਹਨ। ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਦੇ ਮਾਮਲੇ ਵਿਚ ਪਹਿਲਾ ਸਥਾਨ ਆਂਧਰਾ ਪ੍ਰਦੇਸ਼ ਨੂੰ ਹਾਸਲ ਹੋਇਆ ਹੈ ਜਦਕਿ ਰਾਜਸਥਾਨ ਇਸ ਮਾਮਲੇ ਵਿਚ ਦੂਜੇ ਨੰਬਰ 'ਤੇ ਹੈ। 

15 ਜੁਲਾਈ ਤੋਂ 30 ਅਕਤੂਬਰ 2018 ਤਕ ਕੀਤੇ ਇਸ ਸਰਵੇਖਣ ਨੂੰ ਪੀਪਲ ਸਟ੍ਰਾਂਗ, ਵੀਬਾਕਸਚ ਤੇ ਸੀਆਈਆਈ ਨੇ ਆਲ ਇੰਡੀਆ ਕਾਊਂਸਲਿੰਗ ਫਾਰ ਟੈਕਨੀਕਲ ਐਜੂਕੇਸ਼ਨ, ਯੂਐਨਡੀਪੀ ਤੇ ਐਸੋਸੀਏਸ਼ਨ ਆਫ ਯੂਨੀਵਰਸਿਟੀਜ਼ ਦੇ ਸਹਿਯੋਗ ਨਾਲ ਤਿਆਰ ਕੀਤਾ ਹੈ।ਜਿਸ ਵਿਚ 29 ਸੂਬਿਆਂ ਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 3 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਭਾਵੇਂ ਕਿ ਇਸ ਸਾਲ 64 ਫ਼ੀਸਦੀ ਕੰਪਨੀਆਂ ਦੇ ਸਕਰਾਤਮਕ ਰੁਖ਼ ਨੂੰ ਦੇਖਦਿਆਂ ਰੁਜ਼ਗਾਰ ਵਿਚ ਵਾਧੇ ਦੀ ਉਮੀਦ ਕੀਤੀ ਜਾ ਰਹੀ ਹੈ, ਪਰ ਇਹ ਉਦੋਂ ਹੀ ਹੋਵੇਗਾ ਜਦੋਂ ਬੇਰੁਜ਼ਗਾਰ ਘੁੰਮ ਰਹੇ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਜਾਵੇਗਾ।