ਨੀਂਹ ਪੱਥਰ 'ਤੇ ਬਾਦਲਾਂ ਦੇ ਨਾਮ ਕਿਸ ਨੇ ਲਿਖਵਾਏ, ਸੁਖਜਿੰਦਰ ਰੰਧਾਵਾ ਵਲੋਂ ਆਰਟੀਆਈ ਦਾਇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੇਰਾ ਬਾਬਾ ਨਾਨਕ ‘ਚ 26 ਨਵੰਬਰ ਨੂੰ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਨੀਂਹ ਪੱਥਰ ਸਮਾਰੋਹ ‘ਚ ਨੀਂਹ ਪੱਥਰ ‘ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ....

RTI

ਚੰਡਗੜ੍ਹ (ਭਾਸ਼ਾ) : ਡੇਰਾ ਬਾਬਾ ਨਾਨਕ ‘ਚ 26 ਨਵੰਬਰ ਨੂੰ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਨੀਂਹ ਪੱਥਰ ਸਮਾਰੋਹ ‘ਚ ਨੀਂਹ ਪੱਥਰ ‘ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਾਮ  ਲਿਖੇ ਜਾਣ ਦੇ ਮੁੱਦੇ ‘ਤੇ ਸੂਬੇ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਨਾਰਾਜ਼ਗੀ ਘੱਟ ਨਹੀਂ ਹੋਈ। ਹਾਲਾਂਕਿ ਉਹਨਾਂ ਨੇ ਇਸ ਨੀਂਹ ਪੱਥਰ ‘ਤੇ ਕਾਂਗਰਸੀ ਨੇਤਾਵਾਂ ਦੇ ਨਾਮਾਂ ਉਤੇ ਕਾਲੀ ਟੇਪ ਚਿਪਕਾ ਕੇ ਅਪਣਾ ਵਿਰੋਧ ਪ੍ਰਗਟ ਕੀਤਾ ਸੀ ਪਰ ਹੁਣ ਉਹਨਾਂ ਨੇ ਪੂਰੇ ਮਾਮਲੇ ‘ਚ ਕੇਂਦਰ ਸਰਕਾਰ ਤੋਂ ਆਰਟੀਆਈ ਦੇ ਤਹਿਤ ਜਾਣਕਾਰੀ ਮੰਗ ਲਈ ਹੈ।

ਕੇਂਦਰ ਟ੍ਰਾਂਸਪੋਰਟ ਅਤੇ ਹਾਈਵੇ ਮੰਤਰਾਲਾ ਨੂੰ ਆਨਲਾਈਨ ਭੇਜੀ ਆਰਟੀਆਈ ਵਿਚ ਰੰਧਾਵਾ ਨੇ ਨੀਂਹ ਪੱਥਰ ਸਮਾਰੋਹ ਦੇ ਪ੍ਰਬੰਧਨ ਲਈ ਜਿੰਮੇਵਾਰ ਅਧਿਕਾਰੀਆਂ ਦੇ ਨਾਮ ਪੁਛਣ ਦੇ ਨਾਲ ਹੀ ਸੰਬੰਧਿਤ ਵਿਭਾਗ ਦਾ ਨਾਮ ਅਤੇ ਇਸ ਤਰ੍ਹਾਂ ਦੇ ਪ੍ਰਬੰਧਨਾਂ ਸੰਬੰਧੀ ਸਰਕਾਰ ਦੀ ਪਾਲਿਸੀ ਦੀ ਅਧਿਕਾਰਕ ਕਾਪੀ ਉਪਲਬਧ ਕਰਾਉਣ ਦੀ ਮੰਗ ਕੀਤੀ ਹੈ। ਖ਼ਾਸ ਗੱਲ ਇਹ ਹੈ ਕਿ ਰੰਧਾਵਾ ਨੇ ਆਰਟੀਆਈ ਦੇ ਤਹਿਤ ਜਾਣਨਾ ਚਾਹਿਆ ਹੈ ਕਿ ਪੱਥਰ ਉਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੇ ਨਾਮ ਕਿਸ ਦੇ ਆਦੇਸ਼ ‘ਤੇ ਲਿਖੇ ਗਏ ਹਨ।

ਕਰਤਾਰਪੁਰ ਸਾਹਿਬ ਕਾਰੀਡੋਰ ਮਾਮਲੇ ਉਤੇ ਵੀ ਸੁਖਜਿੰਦਰ ਰੰਧਾਵਾ ਨੇ ਅਕਾਲੀ ਦਲ ਉਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਨੇ ਕਿਹਾ ਕਿ ਨੀਂਹ ਪੱਥਰ ਸਮਾਰੋਹ ਦੇ ਦੌਰਾਨ ਫੇਡਰਲ ਢਾਂਚੇ ਦੇ ਪ੍ਰਤੀ ਅਪਣੇ ਕਥਿਤ ਪਿਆਰ ਦਾ ਇਜ਼ਹਾਰ ਕਰਨ ਵਾਲੇ ਅਕਾਲੀ ਦਲ ਦਾ ਅਸਲੀ ਚੇਹਰਾ ਬੇਨਕਾਬ ਹੋ ਗਿਆ ਹੈ। ਜਾਰੀ ਪ੍ਰੈਸ ਬਿਆਨ ਵਿਚ ਰੰਧਾਵਾ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਦੇ ਸਮਾਰੋਹ ਦੇ ਦੌਰਾਨ ਅਕਾਲੀ ਦਲ ਨੇ ਕੇਂਦਰ ਵਿਚ ਸਹਿਯੋਗੀ ਭਾਜਪਾ ਦੇ ਨਾਲ ਮਿਲ ਕੇ ਧਾਰਮਿਕ ਸਮਾਰੋਹ ਦਾ ਸਿਆਸੀਕਰਨ ਕਰਦੇ ਹੋਏ ਗੈਰਕਾਨੂੰਨੀ ਤੌਰ ‘ਤੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਉਪ ਮੁੱਖ ਮੰਤਰੀ ਦੇ ਨਾਮ ਨੀਂਹ ਪੱਥਰ ਉਤੇ ਲਿਖਵਾਏ।

ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਚੁਣੀ ਹੋਈ ਸਰਕਾਰ ਦੇ ਨੁਮਾਇੰਦਿਆਂ ਦੀ ਅਣਗਹਿਲੀ ਕਰਕੇ ਬਾਦਲ ਪਰਵਾਰ ਨੇ ਔਛੀ ਰਾਜਨੀਤੀ ਕੀਤੀ ਹੈ, ਅਤੇ ਪ੍ਰੋਟੋਕਾਲ ਦੀ ਵੀ ਉਲੰਘਣਾ ਕੀਤੀ ਹੈ।