ਪੰਜਾਬ ਸਰਕਾਰ ਦਾ ਵੱਡਾ ਉਪਰਾਲਾ: ਮਗਨਰੇਗਾ ਸਕੀਮ ਤਹਿਤ ਮੁਫਤ ਬਾਇਓ ਗੈਸ ਪਲਾਂਟ ਲਗਾ ਸਕਣਗੇ ਪਿੰਡ ਵਾਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਸਕੱਤਰ ਨੇ ਵਿੱਤ ਕਮਿਸ਼ਨਰ ਪੇਂਡੂ ਵਿਕਾਸ ਨਾਲ ਨਿਵੇਕਲੀ ਸਕੀਮ ਸ਼ੁਰੂ ਕਰਨ ਬਾਰੇ ਕੀਤੀ ਚਰਚਾ

Chief Secretary discusses unique initiative with Finance Commissioner Rural Development

 

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ  ਭਗਵੰਤ ਮਾਨ ਦੇ ਨਿਰਦੇਸ਼ਾਂ ਉਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਮਹਾਤਮਾ ਗਾਂਧੀ ਨਰੇਗਾ ਸਕੀਮ ਅਧੀਨ ਵੱਧ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਅਤੇ ਪਿੰਡ ਵਾਸੀਆਂ ਨੂੰ ਵਿਅਕਤੀਗਤ ਲਾਭ ਮੁਹੱਈਆ ਕਰਵਾਉਣ ਦੀਆਂ ਕੋਸ਼ਿਸ਼ਾਂ ਤਹਿਤ ਸੂਬਾ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਹੁਣ ਮਗਨਰੇਗਾ ਸਕੀਮ ਤਹਿਤ ਪਿੰਡ ਵਾਸੀ ਆਪਣੇ ਘਰਾਂ ਵਿੱਚ ਮੁਫਤ ਬਾਇਓ ਗੈਸ ਪਲਾਂਟ ਦਾ ਨਿਰਮਾਣ ਵੀ ਕਰਵਾ ਸਕਦੇ ਹਨ।

ਇਸ ਨਿਵੇਕਲੇ ਉਪਰਾਲੇ ਸੰਬੰਧੀ ਅੱਜ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਵੱਲੋਂ ਵਿੱਤ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇਤ ਕੇ ਸਿਵਾ ਪ੍ਰਸਾਦ ਨਾਲ ਮੀਟਿੰਗ ਕੀਤੀ ਜਿਸ ਵਿੱਚ ਇਹ ਗੱਲ ਉੱਤੇ ਵਿਚਾਰ ਚਰਚਾ ਹੋਈ ਕਿ ਮਗਨਰੇਗਾ ਲਾਭਪਾਤਰੀਆਂ ਨੂੰ ਜਿਥੇ ਇਸ ਸਕੀਮ ਤਹਿਤ ਬਾਇਓ ਗੈਸ ਪਲਾਂਟ ਦੇ ਨਿਰਮਾਣ ਲਈ ਦਿਹਾੜੀ ਦਿੱਤੀ ਜਾਵੇਗੀ ਉੱਥੇ ਹੀ ਬਾਇਓ ਗੈਸ ਪਲਾਂਟ ਦੇ ਨਿਰਮਾਣ ਲਈ ਰਾਸ਼ੀ ਵੀ ਮੁਹੱਈਆ ਕਰਵਾਈ ਜਾਵੇਗੀ। ਇਸ ਸਕੀਮ ਨਾਲ ਜਾਬਧਾਰਕਾਂ ਨੂੰ ਆਪਣੇ ਘਰ ਵਿੱਚ ਦਿਹਾੜੀਆਂ ਦੀ ਰਾਸ਼ੀ ਸਮੇਤ ਕੁੱਲ 38500 ਰੁਪਏ ਦੀ ਲਾਗਤ ਨਾਲ 1 ਕਿਊਬਕ ਮੀਟਰ ਦਾ ਬਾਇਓ ਗੈਸ ਪਲਾਂਟ ਬਣਾਕੇ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਲਾਭਪਾਤਰੀ ਬਾਇਓ ਗੈਸ ਨੂੰ ਖਾਣਾ ਬਣਾਉਣ ਲਈ ਵਰਤ ਸਕੇਗਾ।

ਮੁੱਖ ਸਕੱਤਰ ਜੰਜੂਆ ਨੇ ਕਿਹਾ ਕਿ ਇਸ ਬਾਇਉ ਗੈਸ ਇੱਕ ਸਾਫ, ਪ੍ਰਦੂਸ਼ਨ ਰਹਿਤ ਅਤੇ ਸਸਤਾ ਬਾਲਣ ਹੈ। ਇਹ ਨਵਿਉਣਯੋਗ ਊਰਜਾ ਦਾ ਸੋਮਾ ਹੈ ਜੋ ਕਿ ਪਸ਼ੂਆਂ ਦੇ ਗੋਹੇ, ਫਸਲਾ ਦੇ ਰਹਿੰਦ ਖੂੰਹਦ, ਸਬਜ਼ੀਆਂ ਦੇ ਛਿਲੜ, ਵਾਧੂ ਬਣੀਆਂ/ਖਰਾਬ ਹੋਈਆਂ ਸਬਜ਼ੀਆਂ ‘ਤੇ ਕਿਸੇ ਵੀ ਤਰ੍ਹਾਂ ਦੇ ਮਲ ਮੂਤਰ ਤੋਂ ਤਿਆਰ ਹੋ ਜਾਂਦੀ ਹੈ ਜਿਸ ਨਾਲ ਮਗਨਰੇਗਾ ਲਾਭਪਾਤਰੀਆਂ ਨੂੰ ਬਿਨਾਂ ਕਿਸੇ ਖਰਚੇ ਦੇ ਮੁਫਤ ਵਿੱਚ ਰਸੋਈ ਲਈ ਖਾਣਾ ਬਣਾਉਣ ਲਈ ਬਾਇਓ ਗੈਸ ਮਿਲ ਸਕੇਗੀ ਜੋ ਕਿ ਪ੍ਰਦੂਸ਼ਣ ਰਹਿਤ ਵੀ ਹੁੰਦੀ ਹੈ, ਇਸਦੇ ਨਾਲ ਹੀ ਬਾਇਓ ਗੈਸ ਪਲਾਂਟ ਦੀ ਰਹਿੰਦ ਖੂੰਹਦ ਨੂੰ ਖੇਤੀ ਲਈ ਖਾਦ ਵਜੋਂ ਵੀ ਵਰਤਿਆ ਜਾ ਸਕਦਾ ਹੈ ਜਿਸ ਵਿੱਚ ਕਿ ਰੂੜੀ ਦੀ ਖਾਦ ਦੇ ਮੁਕਾਬਲੇ ਵਧੇਰੇ ਗੁਣ ਹੁੰਦੇ ਹਨ। ਬਾਇਓ ਗੈਸ ਤਕਨੀਕ ਆਮ ਵਰਤੋਂ ਵਿੱਚ ਆਉਣ ਵਾਲੇ ਬਾਲਣ ਜਿਵੇਂ ਕਿ ਲੱਕੜ, ਮਿਟੀ ਦਾ ਤੇਲ ਅਤੇ ਐਲ.ਪੀ.ਜੀ. ਗੈਸ ਦੇ ਖਰਚੇ ਨੂੰ ਬਚਾਉਂਦੀ ਹੈ, ਇਸਦੇ ਨਾਲ ਹੀ ਲੱਕੜ, ਮਿੱਟੀ ਦੇ ਤੇਲ ਤੋਂ ਪੈਦਾ ਹੋਣ ਵਾਲੀਆਂ ਨੁਕਾਸਦਾਇਕ ਗੈਸਾਂ ਨਾਲ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਤੋਂ ਵੀ ਇਸਦੀ ਵਰਤੋਂ ਨਾਲ ਛੁਟਕਾਰਾ ਮਿਲਦਾ ਹੈ।

ਮੁੱਖ ਸਕੱਤਰ ਨੇ ਦੱਸਿਆ ਕਿ ਪੇਂਡੂ ਵਿਕਾਸ ਵਿਭਾਗ ਵੱਲੋਂ ਹਰ ਲੋੜਵੰਦ ਪਰਿਵਾਰ ਲਈ ਜਿਸਦਾ ਮਗਨੇਰਗਾ ਸਕੀਮ ਤਹਿਤ ਜੌਬ ਕਾਰਡ ਬਣਿਆ ਹੋਵੇ, ਨੂੰ ਸਕੀਮ ਤਹਿਤ ਰੋਜ਼ਗਾਰ ਦਿੰਦੇ ਹੋਏ ਬਾਇਓ ਗੈਸ ਪਲਾਂਟ ਦਾ ਨਿਰਮਾਣ ਮੁਫਤ ਕਰਵਾਕੇ ਦਿੱਤਾ ਜਾਵੇਗਾ। ਇਸ ਲਈ ਵਿਭਾਗ ਵੱਲੋਂ ਲੋਕਾਂ ਨੂੰ ਇਸ ਸਬੰਧੀ ਜਾਗਰੂਕਤਾ ਪ੍ਰਦਾਨ ਕਰਨ ਲਈ ਇੱਕ ਮੁਹਿੰਮ ਵੀ ਚਲਾਈ ਜਾਵੇਗੀ ਤਾਂ ਜੋ ਕਿ ਵੱਧ ਤੋਂ ਵੱਧ ਪੇਂਡੂ ਪਰਿਵਾਰ ਆਪਣੇ ਘਰਾਂ ਵਿੱਚ ਬਾਇਓ ਗੈਸ ਪਲਾਂਟ ਦਾ ਨਿਰਮਾਣ ਕਰਵਾ ਸਕਣ।