Punjab Air Quality: ਪੰਜਾਬ ਵਿਚ ਹਵਾ ਗੁਣਵੱਤਾ ’ਤੇ ਦੇਖਣ ਨੂੰ ਮਿਲਿਆ ਬਦਲਦੇ ਮੌਸਮ ਦਾ ਅਸਰ; ਸਾਫ ਹੋਈ ਸੂਬੇ ਦੀ ਹਵਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਹਰਾਂ ਅਨੁਸਾਰ ਹਲਕੀ ਬਾਰਸ਼ ਕਾਰਨ ਵਾਯੂਮੰਡਲ ਵਿਚੋਂ ਜ਼ਹਿਰੀਲੇ ਕਣਾਂ ਦੇ ਬਾਹਰ ਨਿਕਲਣ ਕਾਰਨ ਹਵਾ ਵਿਚ ਸੁਧਾਰ ਹੋਇਆ ਹੈ।

Punjab Air Quality News (Image PTI)

Punjab Air Quality: ਪੰਜਾਬ 'ਚ ਬਦਲਦੇ ਮੌਸਮ ਦਾ ਅਸਰ ਹਵਾ ਗੁਣਵੱਤਾ ਸੂਚਕਾਂਕ 'ਤੇ ਸਾਫ ਦਿਖਾਈ ਦੇ ਰਿਹਾ ਹੈ। ਪੂਰੇ ਸੂਬੇ 'ਚ ਕਈ ਥਾਵਾਂ 'ਤੇ ਬੱਦਲ ਛਾਏ ਰਹਿਣ ਅਤੇ ਤੇਜ਼ ਹਵਾਵਾਂ ਦੇ ਨਾਲ ਕਾਰਨ ਵੱਡੀ ਰਾਹਤ ਮਿਲੀ ਹੈ। ਐਤਵਾਰ ਨੂੰ ਬਠਿੰਡਾ ਦਾ AQI 359 ਯਾਨੀ ਰੈੱਡ ਜ਼ੋਨ 'ਤੇ ਦਰਜ ਕੀਤਾ ਗਿਆ ਸੀ, ਜੋ ਸੋਮਵਾਰ ਨੂੰ 299 ਅੰਕਾਂ 'ਤੇ ਯਾਨੀ ਆਰੇਂਜ ਕੈਟਾਗਰੀ ਵਿਚ ਆ ਗਿਆ ਹੈ।

ਪੀਪੀਸੀਬੀ ਦੇ ਮਾਹਰਾਂ ਅਨੁਸਾਰ ਹਲਕੀ ਬਾਰਸ਼ ਕਾਰਨ ਵਾਯੂਮੰਡਲ ਵਿਚੋਂ ਜ਼ਹਿਰੀਲੇ ਕਣਾਂ ਦੇ ਬਾਹਰ ਨਿਕਲਣ ਕਾਰਨ ਹਵਾ ਵਿਚ ਸੁਧਾਰ ਹੋਇਆ ਹੈ। ਦੂਜੇ ਪਾਸੇ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਮੰਗਲਵਾਰ ਨੂੰ ਪੰਜਾਬ ਦੇ ਛੇ ਜ਼ਿਲ੍ਹਿਆਂ ਵਿਚ ਪਰਾਲੀ ਸਾੜਨ ਦੇ 18 ਮਾਮਲੇ ਸਾਹਮਣੇ ਆਏ ਹਨ। ਸੀਜ਼ਨ ਦੌਰਾਨ ਪਰਾਲੀ ਸਾੜਨ ਦਾ ਅੰਕੜਾ 36 ਹਜ਼ਾਰ 632 ਹੋ ਗਿਆ ਹੈ।

ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਦੇਸ਼ ਦੇ ਕਈ ਸੂਬਿਆਂ ਵਿਚ ਮੌਸਮ ਨੇ ਇਕ ਵਾਰ ਫਿਰ ਕਰਵਟ ਲੈ ਲਈ ਹੈ। ਬੀਤੇ ਦਿਨ ਪੰਜਾਬ ਅਤੇ ਚੰਡੀਗੜ੍ਹ ਦੇ ਜ਼ਿਆਦਾਤਰ ਇਲਾਕਿਆਂ ਵਿਚ ਬੱਦਲਵਾਈ ਰਹੀ। ਵੈਸਟਰਨ ਡਿਸਟਰਬੈਂਸ ਕਾਰਨ ਮੌਸਮ 'ਚ ਬਦਲਾਅ ਆਇਆ ਹੈ, ਜਿਸ ਕਾਰਨ ਮੀਂਹ ਨੇ ਇਕ ਵਾਰ ਫਿਰ ਦਸਤਕ ਦੇ ਦਿਤੀ ਹੈ। ਮੌਸਮ ਵਿਭਾਗ ਮੁਤਾਬਕ ਅੱਜ ਦਿਨ ਭਰ ਬੱਦਲ ਛਾਏ ਰਹਿਣ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ।

(For more news apart from Punjab Air Quality News, stay tuned to Rozana Spokesman)