ਬੇਅਦਬੀ ਕਾਂਡ 'ਚ ਡਾ. ਚੀਮਾ ਦਾ ਬਾਦਲਾਂ ਨਾਲੋਂ ਵੀ ਵੱਡਾ ਰੋਲ : ਅਮਨ ਅਰੋੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਹੈ ਕਿ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਬਾਦਲ ਦਲ ਦਾ ਮਾਸਟਰ ਮਾਈਂਡ ਹੈ.........

Aman Arora

ਮੋਹਾਲੀ : ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਹੈ ਕਿ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਬਾਦਲ ਦਲ ਦਾ ਮਾਸਟਰ ਮਾਈਂਡ ਹੈ ਅਤੇ ਜੇ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੁਆਰਾ ਚੀਮਾ ਨੂੰ ਗ੍ਰਿਫ਼ਤਾਰ ਕਰ ਕੇ ਡੂੰਘਾਈ ਨਾਲ ਪੁੱਛ-ਪੜਤਾਲ ਕੀਤੀ ਜਾਵੇ ਤਾਂ ਕਈ ਵੱਡੇ ਪ੍ਰਗਟਾਵੇ ਹੋਣਗੇ। ਅਰੋੜਾ 'ਆਪ' ਵਿਧਾਇਕ ਅਮਰਜੀਤ ਸਿੰਘ ਸੰਦੋਆ ਨਾਲ, ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਅਰੋੜਾ ਨੇ ਕਿਹਾ ਕਿ ਇਕ ਮਹੀਨਾ ਪਹਿਲਾਂ ਸੰਦੋਆ ਨੇ ਡੀ ਜੀ ਪੀ ਨੂੰ ਸ਼ਿਕਾਇਤ ਦਿਤੀ ਸੀ ਕਿ ਬੇਅਦਬੀ ਜਾਂਚ ਵਿਚ ਚੀਮਾ ਨੂੰ ਸ਼ਾਮਲ ਕਰ ਕੇ ਉਸ ਵਿਰੁਧ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਡੀ ਜੀ ਪੀ ਵਲੋਂ ਇਹ ਸ਼ਿਕਾਇਤ ਸਿਟ ਦੇ ਮੈਂਬਰ ਆਈ ਜੀ ਕੁੰਵਰ ਪ੍ਰਤਾਪ ਸਿੰਘ ਕੋਲ ਭੇਜ ਦਿਤੀ ਗਈ ਜਿਸ ਤਹਿਤ ਉਹ ਬਿਆਨ ਦਰਜ ਕਰਵਾ ਕੇ ਆਏ ਹਨ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਸਮੇਂ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਦੋ ਨੌਜਵਾਨਾਂ ਨੂੰ ਸ਼ਹੀਦ ਕੀਤੇ ਜਾਣ ਵਿਚ ਬਾਦਲ ਪਰਵਾਰ ਤੋਂ ਵੀ ਵੱਡਾ ਰੋਲ ਡਾ. ਚੀਮਾ ਦਾ ਹੈ, ਇਸ ਲਈ ਡਾ. ਚੀਮਾ ਨੂੰ ਜਾਂਚ ਵਿਚ ਸ਼ਾਮਲ ਕੀਤਾ ਜਾਵੇ।  

ਉਨ੍ਹਾਂ ਕਿਹਾ ਕਿ ਜਲੰਧਰ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਵੀ ਕੁੱਝ ਸਮਾਂ ਪਹਿਲਾਂ ਇਹ ਪ੍ਰਗਟਾਵਾ ਕੀਤਾ ਸੀ ਕਿ ਜਦ ਉਹ ਅਕਾਲੀ ਦਲ ਵਿਚ ਸਨ, ਉਸ ਵੇਲੇ ਇਕ ਦਿਨ ਅਕਾਲੀ ਦਲ ਦੇ 10 ਵਿਧਾਇਕ ਬੈਠੇ ਸਨ ਤਾਂ ਉਥੇ ਚੀਮਾ ਆਏ ਅਤੇ ਉਨ੍ਹਾਂ ਕਿਹਾ ਕਿ ਉਹ ਅਕਾਲ ਤਖ਼ਤ ਸਾਹਿਬ ਤੋਂ ਡੇਰਾ ਸਿਰਸਾ ਨੂੰ ਮੁਆਫ਼ੀਨਾਮਾ ਲਿਖਵਾ ਕੇ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਚੀਮਾ ਦੀ ਸੁਖਬੀਰ ਬਾਦਲ ਦੀ ਫ਼ਿਲਮ ਕਲਾਕਾਰ ਅਕਸ਼ੇ ਕੁਮਾਰ ਦੇ ਘਰ ਡੇਰਾ ਸਿਰਸਾ ਮੁਖੀ ਨਾਲ ਮੁਲਾਕਾਤ ਕਰਵਾਉਣ ਵਿਚ ਵੀ ਅਹਿਮ ਭੂਮਿਕਾ ਸੀ।

ਉਨ੍ਹਾਂ ਕਿਹਾ ਕਿ ਡਾ. ਚੀਮਾ ਬਾਦਲ ਪਰਵਾਰ ਦੇ ਮਾਸਟਰ ਮਾਈਂਡ ਹਨ ਅਤੇ ਬੇਅਦਬੀ ਮਾਮਲੇ ਵਿਚ ਉਹ ਬਾਦਲਾਂ ਨਾਲੋਂ ਵੀ ਵੱਡੇ ਦੋਸ਼ੀ ਹਨ।   ਜੇ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਤਾਂ ਡਾ. ਚੀਮਾ ਤੋਂ ਕਈ ਅਹਿਮ ਪ੍ਰਗਟਾਵੇ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿਟ ਇਸ ਕਾਂਡ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਜਿਸ ਤੋਂ ਆਸ ਬਣ ਗਈ ਹੈ ਕਿ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਦੋ ਨੌਜਵਾਨਾਂ ਨੂੰ ਸ਼ਹੀਦ ਕਰਨ ਦੇ ਦੋਸ਼ੀਆਂ ਨੂੰ ਹੁਣ ਜ਼ਰੂਰ ਸਜ਼ਾ ਮਿਲੇਗੀ।