ਦੇਸ਼ ਦੀਆਂ ਜਲਗਾਹਾਂ 'ਤੇ ਪਰਵਾਸੀ ਮਹਿਮਾਨਾਂ ਨੇ ਲਾਏ ਡੇਰੇ

ਏਜੰਸੀ

ਖ਼ਬਰਾਂ, ਪੰਜਾਬ

ਪੰਛੀ ਪ੍ਰੇਮੀਆਂ ਨੇ ਵੀ ਘੱਤੀਆਂ ਵਹੀਰਾਂ

file photo

ਤਲਵਾੜਾ : ਭਰ ਜੋਬਨ ਸਰਦੀ ਕਾਰਨ ਜਿੱਥੇ ਇਕ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਉਥੇ ਦੇਸ਼ ਅੰਦਰਲੀਆਂ ਜਲਗਾਹਾਂ 'ਚ ਪਰਵਾਸੀ ਮਹਿਮਾਨਾਂ ਦੀ ਚਹਿਲ-ਕਦਮੀ ਜ਼ੋਰਾਂ 'ਤੇ ਹੈ। ਇਨ੍ਹਾਂ ਜਲਗਾਹਾਂ 'ਚ ਪਰਵਾਸੀ ਪੰਛੀਆਂ ਦੇ ਆਉਣ ਦਾ ਸਿਲਸਿਲਾ ਹੁਣ ਲਗਪਗ ਸਿਖ਼ਰ 'ਤੇ ਪੁਜ ਚੁੱਕਾ ਹੈ। ਇਨ੍ਹਾਂ ਪੰਛੀਆਂ ਦੀ ਇਕ ਝਲਕ ਪਾਉਣ ਲਈ ਦੂਰੋਂ ਦੂਰੋਂ ਵਾਤਾਵਰਣ ਤੇ ਪੰਛੀ ਪ੍ਰੇਮੀ ਪੁਜ ਰਹੇ ਹਨ। ਉਹ ਦੂਰ ਦੁਰਾਡਿਓਂ ਪਰਵਾਸੀ ਪੰਛੀਆਂ ਦੇ ਪ੍ਰੇਮ 'ਚ ਬੱਝੇ ਸਵੇਰ ਨੂੰ ਇੱਥੇ ਆ ਕੇ ਸਾਰਾ ਦਿਨ ਇਨ੍ਹਾਂ ਪੰਛੀਆਂ ਨਾਲ ਬਿਤਾਣ ਬਾਅਦ ਸ਼ਾਮ ਨੂੰ ਅਪਣੇ ਟਿਕਾਣਿਆਂ 'ਤ ਪਰਤ ਜਾਂਦੇ ਹਨ। ਪੌਂਗ ਝੀਲ 'ਚ ਠੰਢ ਵਧਣ ਦੇ ਨਾਲ ਹੀ ਪਰਵਾਸੀ ਪੰਛੀਆਂ ਜਮਾਵੜਾ ਵੀ ਵਧਣਾ ਸ਼ੁਰੂ ਹੋ ਗਿਆ ਹੈ।

ਤਲਵਾੜਾ ਨੇੜਲੇ ਸ਼ਾਹ ਨਹਿਰ ਬੈਰਾਜ, ਸੰਸਾਰਪੁਰ ਟੈਰੇਸ ਤੇ ਬੀਬੀਐੱਮਬੀ ਦੇ ਸ਼ਿਵਾਲਿਕ ਸਦਨ ਗੈਸਟ ਹਾਊਸ ਦੇ ਆਸਪਾਸ ਦੇ ਇਲਾਕਿਆਂ 'ਚ ਪਿਛਲੇ ਕੁਝ ਦਿਨਾਂ ਤੋਂ ਹਰ ਸਾਲ ਆਉਂਦੇ ਵੱਡੀ ਗਿਣਤੀ ਪਰਵਾਸੀ ਪੰਛੀਆਂ ਦੀ ਚਹਿਲ ਪਹਿਲ ਵਧਦੀ ਹੀ ਜਾ ਰਹੀ ਹੈ। ਜਿਉਂ-ਜਿਉਂ ਏਸ਼ੀਆ ਮਹਾਦੀਪ ਦੇ ਉੱਪਰੀ ਹਿੱਸਿਆਂ ਚੀਨ, ਜਾਪਾਨ, ਕੈਨੇਡਾ, ਤਿੱਬਤ, ਸਾਈਬੇਰੀਆ 'ਚ ਸਰਦੀ ਕਾਰਨ ਬਰਫ਼ ਦੀ ਚਾਦਰ ਮੋਟੀ ਹੁੰਦੀ ਜਾ ਰਹੀ ਹੈ ਤੇ ਇਨ੍ਹਾਂ ਸਥਾਨਾਂ ਦੀਆਂ ਝੀਲਾਂ ਦਾ ਪਾਣੀ ਵੀ ਜੰਮਦਾ ਜਾ ਰਿਹਾ ਹੈ, ਤਿਉਂ-ਤਿਉਂ ਹੀ ਪੌਂਗ ਡੈਮ 'ਚ ਹਰ ਸਾਲ ਇੱਥੇ ਆਉਣ ਵਾਲੇ ਪਰਵਾਸੀ ਪੰਛੀਆਂ ਦੀ ਗਿਣਤੀ 'ਚ ਨਿਰੰਤਰ ਵਾਧਾ ਹੁੰਦਾ ਜਾ ਰਿਹਾ ਹੈ।

ਇਹ ਪਰਵਾਸੀ ਪੰਛੀ ਵਿਦੇਸ਼ੀ ਮਹਿਮਾਨ ਹਰ ਸਾਲ ਅਪਣਾ ਲਗਪਗ ਪੰਜ ਮਹੀਨੇ ਦਾ ਸਮਾਂ ਇਸ ਪੌਂਗ ਝੀਲ ਦੇ ਕਿਨਾਰੇ ਦੇ ਕੈਚਮੈਂਟ ਖੇਤਰ 'ਚ ਬਤੀਤ ਕਰਦੇ ਹਨ। ਇੱਥੇ ਇਨ੍ਹਾਂ ਨੂੰ ਰਹਿਣ ਸਹਿਣ ਲਈ ਢੁੱਕਵੇਂ ਸਥਾਨ ਦੇ ਨਾਲ ਨਾਲ ਖਾਣ ਲਈ ਭੋਜਨ ਵੀ ਭਰਪੂਰ ਮਾਤਰਾ 'ਚ ਆਸਾਨੀ ਨਾਲ ਮਿਲ ਜਾਂਦਾ ਹੈ। ਇਨ੍ਹਾਂ ਦਿਨਾਂ 'ਚ ਹਜ਼ਾਰਾਂ ਦੀ ਗਿਣਤੀ 'ਚ ਪਰਵਾਸੀ ਪੰਛੀ ਕਿਨਾਰਿਆਂ 'ਤੇ ਮੌਜ ਮਸਤੀ ਕਰਦੇ ਵੇਖੇ ਜਾ ਰਹੇ ਹਨ, ਜਿਨ੍ਹਾਂ ਨੂੰ ਵੇਖਣ ਲਈ ਪੰਛੀ ਪ੍ਰੇਮੀ ਸੈਲਾਨੀ ਵੱਡੀ ਗਿਣਤੀ 'ਚ ਪਹੁੰਚ ਰਹੇ ਹਨ।

ਵਿਭਾਗੀ ਮੁਲਾਜ਼ਮਾਂ ਮੁਤਾਬਕ ਇਸ ਸਮੇਂ ਪੌਂਗ ਝੀਲ 'ਚ ਵੱਖ ਵੱਖ ਪ੍ਰਜਾਤੀਆਂ ਦੇ ਇਕ ਲੱਖ ਤੋਂ ਜ਼ਿਆਦਾ ਪਰਵਾਸੀ ਪੰਛੀ ਪਹੁੰਚ ਚੁੱਕੇ ਪੰਛੀਆਂ 'ਚ ਕਾਮਨ ਕੂਟ, ਕਾਮਨ ਟੀਲ, ਏਪੋਚਾਰਡ, ਰੁਡੀ ਸ਼ੈਲਡਕ, ਬਾਰਹੈਡਿਡ ਗੀਜ, ਛੋਟੀ ਤੇ ਵੱਡੀ ਕੋਰਮੋਰੇਂਟ, ਈਗ੍ਰੇਟ, ਸਾਈਰਸ ਕ੍ਰੇਨ ਤੇ ਗ੍ਰੀਵ ਪ੍ਰਜਾਤੀ ਦੇ ਪੰਛੀ ਮੁੱਖ ਤੌਰ 'ਤੇ ਸ਼ਾਮਲ ਹਨ।

ਪੌਂਗ ਝੀਲ 307 ਵਰਗ ਕਿਲੋਮੀਟਰ ਲੰਬੀ ਹੈ ਤੇ ਵਣ ਰੇਂਜ ਧਮੇਟਾ, ਸੰਸਾਰਪੁਰ ਟੈਰੇਸ ਤੇ ਨਗਰੋਟਾ ਸੁਰਿਆਂ ਆਦਿ ਤਹਿਤ 85000 ਦੇ ਕਰੀਬ ਪਰਵਾਸੀ ਪੰਛੀਆਂ ਨੇ ਦਸਤਕ ਦਿਤੀ। ਖੇਤਰ ਦੇ ਅਧੀਨ ਪੈਂਦੇ ਪੌਂਗ ਡੈਮ ਝੀਲ ਦੇ ਆਸਪਾਸ ਦੇ ਖੇਤਰਾਂ ਦਾ ਤਾਪਮਾਨ ਜਿਵੇਂ-ਜਿਵੇਂ ਸਰਦੀ ਲੰਘਣ ਬਾਅਦ ਗਰਮ ਹੁੰਦਾ ਜਾਵੇਗਾ ਇਹ ਪੰਛੀ ਅਪਣੇ ਮੂਲ ਟਿਕਾਣਿਆਂ ਵੱਲ ਨੂੰ ਪਰਤ ਜਾਣਗੇ।