ਪ੍ਰਵਾਸੀ ਪੰਛੀਆਂ ਦੀ ਹਿਫ਼ਾਜ਼ਤ 'ਚ ਜੁਟਿਆ ਪੰਜਾਬ ਦਾ ਜੰਗਲਾਤ ਵਿਭਾਗ
ਹਰੀਕੇ ਬਰਡ ਸੈਂਚੁਰੀ 'ਚ ਪ੍ਰਵਾਸੀ ਪੰਛੀਆਂ ਲਈ ਅਲਰਟ, ਸਾਂਭਰ ਝੀਲ 'ਚ 17 ਹਜ਼ਾਰ ਪੰਛੀਆਂ ਦੀ ਹੋ ਚੁੱਕੀ ਮੌਤ
ਹਰੀਕੇ ਪੱਤਣ- ਵਿਸ਼ਵ ਪ੍ਰਸਿੱਧ ਹਰੀਕੇ ਬਰਡ ਸੈਂਚਰੀ ਵਿਚ ਪੰਜਾਬ ਦੇ ਜੰਗਲਾਤ ਵਿਭਾਗ ਵੱਲੋਂ ਇਕ ਅਲਰਟ ਜਾਰੀ ਕੀਤਾ ਗਿਆ ਹੈ ਜੋ ਉਨ੍ਹਾਂ ਪ੍ਰਵਾਸੀ ਪੰਛੀਆਂ ਨੂੰ ਲੈ ਕੇ ਕੀਤਾ ਗਿਆ ਜੋ ਸਾਈਬੇਰੀਆ, ਰੂਸ, ਤਜਾਕਿਸਤਾਨ ਸਮੇਤ ਹੋਰ ਕਈ ਮੁਲਕਾਂ ਤੋਂ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਇਸ ਬਰਡ ਸੈਂਚਰੀ ਵਿਚ ਪੁੱਜਦੇ ਹਨ। ਭਾਰਤ ਦੇ ਇਨ੍ਹਾਂ ਮਹਿਮਾਨ ਪੰਛੀਆਂ ਲਈ ਜੰਗਲਾਤ ਵਿਭਾਗ ਵੱਲੋਂ ਅਲਰਟ ਕਿਉਂ ਜਾਰੀ ਕੀਤਾ ਗਿਆ ਹੈ। ਦਰਅਸਲ ਪਿਛਲੇ ਦਿਨੀਂ ਰਾਜਸਥਾਨ ਦੀ ਸਾਂਭਰ ਝੀਲ ਵਿਚ ਕਰੀਬ 8 ਦਿਨਾਂ ਦੌਰਾਨ 17 ਹਜ਼ਾਰ ਪ੍ਰਵਾਸੀ ਪੰਛੀਆਂ ਦੀ ਮੌਤ ਹੋ ਚੁੱਕੀ ਹੈ ਜੋ ਬੋਟੁਲਿਜ਼ਮ ਨਾਂ ਦੀ ਬਿਮਾਰੀ ਦੇ ਕਾਰਨ ਹੋਈ ਹੈ।
ਬੋਟੂਲਿਜ਼ਮ ਦਾ ਅਰਥ ਹੈ ਮ੍ਰਿਤਕ ਪੰਛੀਆਂ ਦੇ ਜੀਵਾਣੂਆਂ ਨਾਲ ਪੰਛੀਆਂ ਵਿਚ ਪਣਪੀ ਅਪੰਗਤਾ। ਪੰਜਾਬ ਦੀ ਹਰੀਕੇ ਝੀਲ ਵਾਂਗ ਇਸ ਰਾਜਸਥਾਨ ਦੀ ਸਾਂਭਰ ਝੀਲ ਵਿਚ ਵੀ ਵਿਦੇਸ਼ਾਂ ਤੋਂ ਵੱਖ-ਵੱਖ ਪ੍ਰਜਾਤੀਆਂ ਦੇ ਪੰਛੀ ਆਉਂਦੇ ਹਨ। ਜਿਹੜੀਆਂ ਪ੍ਰਜਾਤੀਆਂ ਦੇ ਪੰਛੀਆਂ ਦੀ ਮੌਤ ਹੋਈ ਹੈ। ਉਨ੍ਹਾਂ ਵਿਚ ਨਾਰਥਨ ਸ਼ੋਵਰਲਜ਼, ਰੂਡੀ ਸ਼ੇਲਡਕ, ਪਲੋਵਰਜ਼, ਏਵੋਸੇਟਸ ਸਮੇਤ ਹੋਰ ਕਈ ਪ੍ਰਜਾਤੀਆਂ ਦੇ ਪੰਛੀ ਸ਼ਾਮਲ ਹਨ।
ਇਸੇ ਭਿਆਨਕ ਬਿਮਾਰੀ ਨੂੰ ਦੇਖਦਿਆਂ ਪੰਜਾਬ ਦੇ ਜੰਗਲਾਤ ਵਿਭਾਗ ਵੱਲੋਂ ਹਰੀਕੇ ਪੱਤਣ ਵਿਖੇ ਆਉਣ ਵਾਲੇ ਪ੍ਰਵਾਸੀ ਪੰਛੀਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਪੰਛੀਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਤਾਂ ਜੋ ਪ੍ਰਵਾਸੀ ਪੰਛੀਆਂ ਦਾ ਕਾਲ ਬਣ ਰਹੀ ਬੋਟੂਲਿਜ਼ਮ ਨਾਂਅ ਦੀ ਨਾਮੁਰਾਦ ਬਿਮਾਰੀ ਇੱਥੇ ਵੀ ਨਾ ਫੈਲ ਜਾਵੇ। ਕਰੀਬ 86 ਲੱਖ ਸਕੇਅਰ ਮੀਟਰ ਵਿਚ ਫੈਲੀ ਇਹ ਬਰਡ ਸੈਂਚਰੀ ਨਾਰਥ ਇੰਡੀਆ ਦੀ ਸਭ ਤੋਂ ਵੱਡੀ ਬਰਡ ਸੈਂਚਰੀ ਹੈ। ਦਰਅਸਲ ਸਾਈਬੇਰੀਆ, ਰੂਸ, ਤਜਾਕਿਸਤਾਨ ਤੋਂ ਇਲਾਵਾ ਹੋਰ ਮੁਲਕਾਂ ਵਿਚ ਠੰਡ ਅਤੇ ਬਰਫ਼ਬਾਰੀ ਜ਼ਿਆਦਾ ਹੋਣ ਕਾਰਨ ਇਹ ਪੰਛੀ ਇਨ੍ਹਾਂ ਦਿਨਾਂ ਵਿਚ ਉਥੋਂ ਪ੍ਰਵਾਸ ਕਰਕੇ ਇੱਥੇ ਆਉਂਦੇ ਹਨ
ਅਤੇ ਇਨ੍ਹਾਂ ਪੰਛੀਆਂ ਦੀ ਆਮਦ ਨੂੰ ਦੇਖਦੇ ਹੋਏ ਹਰੀਕੇ ਬਰਡ ਸੈਂਚਰੀ ਵਿਚ ਸੈਲਾਨੀਆਂ ਦੀ ਆਮਦ ਵਿਚ ਵੀ ਵਾਧਾ ਹੋ ਜਾਂਦਾ ਹੈ ਜੋ ਭਾਰਤ ਦੇ ਇਨ੍ਹਾਂ ਮਹਿਮਾਨ ਪੰਛੀਆਂ ਨੂੰ ਦੇਖਣ ਲਈ ਆਉਂਦੇ ਹਨ। ਫਿਲਹਾਲ ਇਸ ਵਾਰ ਹਾਲੇ ਤਕ 50 ਹਜ਼ਾਰ ਦੇ ਕਰੀਬ ਪ੍ਰਵਾਸੀ ਪੰਛੀ ਵੱਖ-ਵੱਖ ਦੇਸ਼ਾਂ ਤੋਂ ਹਰੀਕੇ ਬਰਡ ਸੈਂਚਰੀ ਵਿਚ ਪਹੁੰਚ ਚੁੱਕੇ ਹਨ। ਇਕ ਅੰਦਾਜ਼ੇ ਦੇ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਇਹ ਗਿਣਤੀ ਵਧ ਕੇ ਡੇਢ ਲੱਖ ਦੇ ਕਰੀਬ ਹੋ ਜਾਵੇਗੀ ਕਿਉਂਕਿ ਜਿਹੜੇ ਮੁਲਕਾਂ ਤੋਂ ਇਹ ਪੰਛੀ ਆਉਂਦੇ ਨੇ ਉਥੇ ਹੋਰ ਜ਼ਿਆਦਾ ਠੰਡ ਵਧ ਜਾਵੇਗੀ ਜੋ ਕਿ ਭਾਰਤ ਦੇ ਮੁਕਾਬਲੇ ਬਹੁਤ ਜ਼ਿਆਦਾ ਹੁੰਦੀ ਹੈ। ਸੋ ਪੰਜਾਬ ਦੇ ਜੰਗਲਾਤ ਵਿਭਾਗ ਵੱਲੋਂ ਅਲਰਟ ਜਾਰੀ ਕਰਦੇ ਹੋਏ ਇਨ੍ਹਾਂ ਮਹਿਮਾਨ ਪੰਛੀਆਂ ਦੀ ਹਿਫ਼ਾਜ਼ਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।