ਕਾਂਗਰਸ ਅਤੇ ਰਾਸ਼ਟਰਵਾਦ ਇਕੋ ਸਿੱਕੇ ਦੇ ਦੋ ਪਹਿਲੂ : ਸੁਨੀਲ ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਜਪਾ ਦੇਸ਼ ਦੇ ਸੰਵਿਧਾਨ ਦੇ ਮੂਲ ਸਰੂਪ ਨਾਲ ਖਿਲਵਾੜ ਕਰ ਰਹੀ ਹੈ

Fie Photo

ਹੁਸ਼ਿਆਰਪੁਰ  (ਨਿਰਮਲ ਸਿੰਘ ਸੰਘਾ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਦੇਸ਼ ਦੀ ਸੱਤਾ 'ਤੇ ਕਾਬਜ ਆਪੂ ਬਣੇ ਰਾਸ਼ਟਰਵਾਦੀਆਂ ਨੂੰ ਯਾਦ ਕਰਵਾਇਆ ਹੈ ਕਿ ਕਾਂਗਰਸ ਅਤੇ ਰਾਸ਼ਟਰਵਾਦ ਇਕੋ ਸਿੱਕੇ ਦੇ ਦੋ ਪਹਿਲੂ ਹਨ ਅਤੇ ਕਾਂਗਰਸ ਪਾਰਟੀ ਦਾ ਗੌਰਵਸ਼ਾਲੀ ਇਤਿਹਾਸ ਰਾਸ਼ਟਰਵਾਦ ਦੀ ਗਾਥਾ ਖ਼ੁਦ ਬਿਆਨ ਕਰਦਾ ਹੈ।

ਹੁਸ਼ਿਆਰਪੁਰ ਵਿਖੇ ਕਾਂਗਰਸ ਪਾਰਟੀ ਦੇ ਸਥਾਪਨਾ ਦਿਵਸ ਸਬੰਧੀ ਕਰਵਾਏ ਸਮਾਗਮ ਦੌਰਾਨ ਅਪਣੇ ਸੰਬੋਧਨ ਵਿਚ ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਦੇਸ਼ ਦੀ ਆਜ਼ਾਦੀ, ਲੋਕਾਂ ਨੂੰ ਵੋਟ ਦਾ ਅਧਿਕਾਰ ਲੈ ਕੇ ਦੇਣ ਅਤੇ ਦੇਸ਼ ਦੀ ਤਰੱਕੀ ਵਿਚ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦਾ ਇਤਿਹਾਸ ਰਾਸ਼ਟਰਵਾਦ ਦੀ ਸਭ ਤੋਂ ਉੱਤਮ ਉਦਾਹਰਨ ਹੈ ਅਤੇ ਇਸ ਪਾਰਟੀ ਨੇ ਕੁਰਬਾਨੀਆਂ ਰਾਹੀਂ ਇਸ ਦੇਸ਼ ਵਿਚ ਲੋਕਤੰਤਰ ਦੀ ਸਥਾਪਨਾ ਕੀਤੀ ਹੈ।

ਉਨ੍ਹਾਂ ਨੇ ਭਾਜਪਾ ਨੂੰ ਚੁਣੌਤੀ ਦਿਤੀ ਕਿ ਉਹ ਅਪਣੇ ਦਿੱਲੀ ਦੇ ਕੌਮੀ ਦਫ਼ਤਰ ਵਿਚ ਲੱਗੀਆਂ ਅਪਣੇ ਲੀਡਰਾਂ ਦੀਆਂ ਉਹ ਤਸਵੀਰਾਂ ਜਨਤਕ ਕਰੇ ਜਿੰਨ੍ਹਾਂ ਨੇ ਆਜ਼ਾਦੀ ਦੀ ਲੜਾਈ ਵਿਚ ਕੋਈ ਭੁਮਿਕਾ ਨਿਭਾਈ ਹੋਵੇ। ਉਨ੍ਹਾਂ ਨੇ ਕਿਹਾ ਕਿ ਜ਼ਿਨ੍ਹਾਂ ਦਾ ਅਪਣਾ ਦੇਸ਼ ਦੀ ਆਜ਼ਾਦੀ ਵਿਚ ਕੋਈ ਯੋਗਦਾਨ ਨਹੀਂ ਹੈ ਉਹ ਹੁਣ ਅਖੌਤੀ ਰਾਸ਼ਟਰਵਾਦੀ ਬਣੇ ਹੋਏ ਹਨ।

ਉਨ੍ਹਾਂ ਨੇ ਚੰਡੀਗੜ੍ਹ ਦੇ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ ਦੇ ਰੱਖਣ ਦੀ ਪੰਜਾਬੀਆਂ ਦੀ ਮੰਗ ਵਿਚ ਰੋੜੇ ਅਟਕਾਉਣ ਲਈ ਵੀ ਭਾਜਪਾ ਦੀ ਭੁਮਿਕਾ ਲੋਕਾਂ ਸਾਹਮਣੇ ਰੱਖੀ। ਜਾਖੜ ਨੇ ਕਿਹਾ ਕਿ ਦੂਜੇ ਪਾਸੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸੰਵਿਧਾਨ ਦੀ ਮੂਲ ਭਾਵਨਾ ਨਾਲ ਹੀ ਖਿਲਵਾੜ ਕਰ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਸੰਵਿਧਾਨ ਦੇ ਧਰਮ ਨਿਰਪੱਖ ਰਾਸ਼ਟਰ ਦੇ ਸਿਧਾਂਤ ਨੂੰ ਹੀ ਹਟਾਇਆ ਜਾ ਰਿਹਾ ਹੈ ਅਤੇ ਸਰਕਾਰ ਸੀ.ਏ.ਏ. ਅਤੇ ਐਨ.ਆਰ.ਸੀ. ਵਰਗੇ ਇਰਾਦਿਆਂ ਰਾਹੀਂ ਸਮਾਜ ਵਿਚ ਵੰਡੀਆਂ ਪਾ ਰਹੀ ਹੈ। ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਡੇ ਸੰਘਰਸ਼ਾਂ ਵਿਚ ਪੈਦਾ ਹੋਈ ਪਾਰਟੀ ਹੈ ਜ਼ੋ ਦੇਸ਼ ਦੇ ਅਵਾਮ ਨਾਲ ਜੁੜੀ ਹੋਈ ਹੈ।

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਗ਼ਰੀਬਾਂ, ਕਿਸਾਨਾਂ ਦੀ ਹਮਦਰਦ ਹੈ। ਇਸ ਮੌਕੇ ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਆਜ਼ਾਦੀ ਦੀ ਲੜਾਈ ਵਿਚ ਪਾਏ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ 90 ਫ਼ੀ ਸਦੀ ਤਕ ਕੁਰਬਾਨੀਆਂ ਕਰਨ ਵਾਲੇ ਪੰਜਾਬੀਆਂ ਵਿਚੋਂ ਕਦੇ ਕਿਸੇ ਇਕ ਨੇ ਵੀ ਅੰਗਰੇਜ਼ਾਂ ਤੋਂ ਮੁਆਫ਼ੀ ਨਹੀਂ ਮੰਗੀ ਸੀ।    

ਇਸ ਮੌਕੇ ਕੈਬਿਨਿਟ ਮੰਤਰੀ ਅਰੁਣਾ ਚੌਧਰੀ, ਸੁਖਜਿੰਦਰ ਸਿੰਘ ਰੰਧਾਵਾ, ਸੁੰਦਰ ਸ਼ਾਮ ਅਰੋੜਾ, ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਹਲਕਾ ਟਾਂਡਾ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ, ਵਿਧਾਇਕ ਪਵਨ ਕੁਮਾਰ ਆਦਿਆ, ਵਿਧਾਇਕ ਡਾ. ਰਾਜ ਕੁਮਾਰ, ਵਿਧਾਇਕ ਅਰੁਣ ਡੋਗਰਾ, ਵਿਧਾਇਕ ਇੰਦੂ ਬਾਲਾ, ਸਾਬਕਾ ਕੇਂਦਰੀ ਰਾਜ ਮੰਤਰੀ ਸੰਤੋਸ਼ ਚੌਧਰੀ

ਸਾਬਕਾ ਮੰਤਰੀ ਨਰੇਸ਼ ਠਾਕੁਰ, ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਜ਼ਿਲਾ ਕਾਂਗਰਸ ਪ੍ਰਧਾਨ ਡਾ. ਕੁਲਦੀਪ ਨੰਦਾ, ਰਜਨੀਸ਼ ਟੰਡਨ, ਸ਼ਹਿਰੀ ਕਾਂਗਰਸ ਪ੍ਰਧਾਨ ਮੁਕੇਸ਼ ਡਾਬਰ, ਕੈਪਟਨ ਕਰਮ ਚੰਦ, ਅਮਨਪ੍ਰੀਤ ਸਿੰਘ ਮੌਂਟੁ ਲਾਲੀ, ਮਹਿਲਾ ਕਾਂਗਰਸ ਜ਼ਿਲਾ ਪ੍ਰਧਾਨ ਤਰਨਜੀਤ ਕੌਰ ਸੇਠੀ ਆਦਿ ਵੀ ਹਾਜ਼ਰ ਸਨ।