BBMB ਦੇ ਸੇਵਾਮੁਕਤ ਸੁਪਰਡੈਂਟ ਇੰਜੀਨੀਅਰ ਨੇ ਕੀਤੀ ਖ਼ੁਦਕੁਸ਼ੀ
ਚੰਡੀਗੜ੍ਹ ਦੇ ਬਿਰਧ ਆਸ਼ਰਮ 'ਚ ਰਹਿ ਰਹੇ ਸਨ , ਪੁੱਤਰ ਹਾਲ ਹੀ 'ਚ ਆਸਟ੍ਰੇਲੀਆ ਤੋਂ ਆਇਆ ਵਾਪਸ
ਜ਼ੀਰਕਪੁਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਬੀ.ਬੀ.ਐਮ.ਬੀ. ਦੇ ਸੇਵਾਮੁਕਤ ਇੰਜੀਨੀਅਰ ਨੇ 7ਵੀਂ ਮੰਜ਼ਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਪੁਸ਼ਪਿੰਦਰ ਸਿੰਘ ਤੁਲਸੀ (78) (Pushpinder Singh Tulsi) ਵਜੋਂ ਹੋਈ, ਜੋ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐੱਮ.ਬੀ.) 'ਚ ਸੁਪਰਡੈਂਟ ਇੰਜੀਨੀਅਰ ਵਜੋਂ ਸੇਵਾਮੁਕਤ ਹੋਏ ਸਨ।
ਉਨ੍ਹਾਂ ਨੇ ਜ਼ੀਰਕਪੁਰ 'ਚ ਰਾਇਲ ਅਸਟੇਟ ਸੁਸਾਇਟੀ ਦੇ ਟਾਵਰ ਨੰਬਰ 21 'ਚ ਫਲੈਟ ਲਿਆ ਸੀ। ਉਹ ਚੰਡੀਗੜ੍ਹ ਦੇ ਬਿਰਧ ਆਸ਼ਰਮ 'ਚ ਰਹਿੰਦੇ ਸਨ । ਉਹ ਆਪਣੇ ਫਲੈਟ 'ਚ ਪਲੰਬਿੰਗ ਦਾ ਕੰਮ ਕਰਵਾਉਣ ਦੀ ਗੱਲ ਕਹਿ ਕੇ ਫਲੈਟ 'ਚ ਗਏ ਸਨ। ਉਨ੍ਹਾਂ ਨੇ ਸੁਸਾਇਟੀ ਦੇ ਟਾਵਰ 'ਤੇ ਚੜ੍ਹ ਕੇ ਛਾਲ ਮਾਰ ਦਿੱਤੀ। ਪੁਲਿਸ ਮੌਕੇ 'ਤੇ ਪਹੁੰਚੀ ਤੇ ਖ਼ੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਸ਼ੁਰੂ ਕੀਤੀ।
ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਪਤਨੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਤੇ ਆਪ ਉਹ ਇਕੱਲੇ ਰਹਿ ਗਏ। ਇਸ ਲਈ ਉਹ ਚੰਡੀਗੜ੍ਹ ਦੇ ਬਿਰਧ ਆਸ਼ਰਮ 'ਚ ਰਹਿਣ ਲੱਗ ਪਏ। ਪੁੱਤਰ ਨਵਦੀਪ ਸਿੰਘ ਹਾਲ ਹੀ 'ਚ ਆਸਟ੍ਰੇਲੀਆ ਤੋਂ ਆਇਆ ਸੀ। ਘਟਨਾ ਵਾਲੇ ਦਿਨ ਪੁਸ਼ਪਿੰਦਰ ਨੇ ਪੁੱਤਰ ਨੂੰ ਦੱਸਿਆ ਸੀ ਕਿ ਉਹ ਉਨ੍ਹਾਂ ਦੇ ਫਲੈਟ 'ਤੇ ਪਲੰਬਿੰਗ ਦਾ ਕੰਮ ਕਰਵਾਉਣ ਜਾ ਰਿਹਾ ਹੈ।