Wife murdered husband Samana News: ਪਟਿਆਲਾ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੇ ਸਦਰ ਸਮਾਣਾ ਅਧੀਨ ਪੈਂਦੇ ਪਿੰਡ ਕੁਲਾਰਾਂ ਵਿਚ ਇਕ ਪਤਨੀ ਨੇ ਅੱਧੀ ਰਾਤ ਵੇਲੇ ਗਲਾ ਘੁੱਟ ਕੇ ਆਪਣੇ ਪਤੀ ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਆਤਮਾ ਸਿੰਘ (38) ਵਜੋਂ ਹੋਈ ਹੈ।
ਮਾਮਲੇ ਦੇ ਜਾਂਚ ਮੁਖੀ ਸਹਾਇਕ ਬਾਣਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਆਤਮਾ ਸਿੰਘ (38) ਦੇ ਪਿਤਾ ਹੰਸਾ ਸਿੰਘ ਅਨੁਸਾਰ ਉਸ ਦੇ ਲੜਕੇ ਦਾ ਵਿਆਹ 3 ਸਾਲ ਪਹਿਲਾਂ ਰਾਣੀ ਕੌਰ ਨਿਵਾਸੀ ਪਿੰਡ ਸ਼ਾਹਪੁਰ ਨਾਲ ਹੋਇਆ ਸੀ। ਰਾਣੀ ਕੌਰ ਦਾ ਇਹ ਦੂਜਾ ਵਿਆਹ ਸੀ ਅਤੇ ਪਹਿਲੇ ਵਿਆਹ ਤੋਂ ਉਸ ਦਾ ਇਕ ਪੁੱਤਰ ਹੈ।
ਪਿਤਾ ਅਨੁਸਾਰ ਇਲੈਕਟ੍ਰਿਕ ਆਟੋ ਰਿਕਸ਼ਾ ਚਲਾਉਣ ਵਾਲੀ ਨੂੰਹ ਰਾਣੀ ਕੌਰ ਅਕਸਰ ਉਸ ਦੇ ਪੁੱਤਰ ਨਾਲ ਝਗੜਾ ਕਰਦੀ ਰਹਿੰਦੀ ਸੀ। ਸ਼ਨਿਚਰਵਾਰ ਦੇਰ ਰਾਤ ਜਦੋਂ ਘਰ ਵਿਚੋਂ ਰੌਲਾ ਸੁਣ ਕੇ ਹੰਸਾ ਸਿੰਘ ਅੰਦਰ ਗਿਆ ਤਾਂ ਉਸ ਨੇ ਦੇਖਿਆ ਕਿ ਰਾਣੀ ਕੌਰ ਕਮਰੇ ਵਿਚ ਡਰੀ ਹੋਈ ਖੜ੍ਹੀ ਸੀ, ਜਦੋਂ ਕਿ ਉਸ ਦਾ 14 ਸਾਲਾ ਪੁੱਤਰ ਸੁੱਤਾ ਪਿਆ ਸੀ। ਜਦੋਂ ਉਸ ਨੇ ਆਤਮਾ ਸਿੰਘ ਨੂੰ ਦੇਖਿਆ ਤਾਂ ਉਹ ਮਰ ਚੁੱਕਿਆ ਸੀ।
ਪਿਤਾ ਅਨੁਸਾਰ ਉਸ ਦੀ ਨੂੰਹ ਨੇ ਕਬੂਲ ਕੀਤਾ ਕਿ ਉਸ ਨੇ ਹੀ ਆਤਮਾ ਸਿੰਘ ਨੂੰ ਮਾਰਿਆ ਹੈ। ਅਧਿਕਾਰੀ ਅਨੁਸਾਰ ਪੁਲਿਸ ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।