ਗੁਲਜ਼ਾਰ ਸਿੰਘ ਰਣੀਕੇ ਦੇ ਪੀ.ਏ ਸਮੇਤ 6 ਜਣਿਆਂ ਨੂੰ 6-6 ਸਾਲ ਦੀ ਕੈਦ
ਅਕਾਲੀ ਸਰਕਾਰ ਵਿਚ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਰਹੇ ਗੁਲਜ਼ਾਰ ਸਿੰਘ ਰਣੀਕੇ ਦੇ ਪੀ.ਏ ਸਰਬਦਿਆਲ ਸਿੰਗ, ਨਵੀਪਿੰਡ ਦੇ ਬੀਡੀਪੀਓ ਸਤਿੰਦਰ ਸਿੰਘ...
ਚੰਡੀਗੜ੍ਹ : ਅਕਾਲੀ ਸਰਕਾਰ ਵਿਚ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਰਹੇ ਗੁਲਜ਼ਾਰ ਸਿੰਘ ਰਣੀਕੇ ਦੇ ਪੀ.ਏ ਸਰਬਦਿਆਲ ਸਿੰਘ, ਨਵੀਪਿੰਡ ਦੇ ਬੀਡੀਪੀਓ ਸਤਿੰਦਰ ਸਿੰਘ, ਸਰਪੰਚ ਦਲੀਪ ਸਿੰਘ, ਸਰਪੰਚ ਅਮਰੀਕ ਸਿੰਘ, ਨਿੰਦਰ ਸਿੰਘ ਤੇ ਮੋਹਿਤ ਸਰੀਨ ਨੂੰ ਮੰਗਲਵਾਰ ਦੀ ਰਾਤ 6-6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼ਿਵ ਮੋਹਨ ਗਰਗ ਨੇ ਪੰਜ ਕਰੋੜ ਦੀ ਸਰਕਾਰੀ ਗਰਾਂਟ ਵਿਚ ਧੋਖਾਧੜੀ ਦੇ ਮਾਮਲੇ ਵਿਚ 7 ਮੁਲਜ਼ਮਾਂ ਉਤੇ ਦੋਸ਼ ਸਾਬਤ ਨਾ ਹੋਣ ਉਤੇ ਬਰੀ ਕਰ ਦਿੱਤਾ ਹੈ।
ਬਰੀ ਮਲਜ਼ਮਾਂ ਵਿਚ ਸਵਿੰਦਰ ਸਿੰਘ, ਹਰਦੇਵ ਸਿੰਘ, ਸੁਰਜੀਤ ਸਿੰਘ, ਮੇਜਰ ਸਿੰਘ, ਕੁਲਵੰਤ ਸਿੰਘ, ਹਰਵੰਤ ਸਿੰਘ ਅਤੇ ਸੁਸ਼ੀਲ ਕੁਮਾਰ ਦੇ ਨਾਂ ਹਨ। ਦੋਸ਼ੀ ਸਰਬਦਿਆਲ ਸਿੰਘ ਨੇ ਸਜ਼ਾ ਸੁਣਨ ਤੋਂ ਬਾਅਦ ਦੱਸਿਆ ਕਿ ਉਹ ਅਦਾਲਤ ਦੇ ਫ਼ੈਸਲੇ ਵਿਰੁੱਧ ਹਾਈਕੋਰਟ ਵਿਚ ਅਪੀਲ ਕਰਨਗੇ। ਫਿਲਹਾਲ ਸਾਰੇ 6 ਦੋਸ਼ੀਆਂ ਨੂੰ ਫਤਿਹਪੁਰ ਜੇਲ੍ਹ ਭੇਜ ਦਿੱਤਾ ਹੈ।
ਇਹ ਸੀ ਮਾਮਲਾ :- ਕੇਂਦਰ ਸਰਕਾਰ ਨੇ ਸਾਲ 2007-08 ਅਟਾਰੀ ਦੇ ਵਿਕਾਸ ਲਈ ਸਰਕਾਰ ਨੂੰ ਪੰਜ ਕਰੋੜ ਦੀ ਗਰਾਂਟ ਭੇਜੀ ਸੀ ਤਾਂ ਜੋ ਪਿੰਡਾਂ ਦਾ ਕਿਸੇ ਤਰ੍ਹਾਂ ਨਾਲ ਵਿਕਾਸ ਕਰਵਾਇਆ ਜਾ ਸਕੇ। ਪਰ ਮੁਲਜ਼ਮਾਂ ਨੇ ਗਰਾਂਟ ਦੀ ਸਹੀ ਵਰਤੋਂ ਕਰਨ ਦੀ ਬਜਾਏ ਉਸ ਨੂੰ ਖੁਰਦ-ਬੁਰਦ ਕਰ ਦਿੱਤਾ ਸੀ। ਘੁਟਾਲੇ ਨੂੰ ਲੈ ਕੇ ਸਭ ਤੋਂ ਪਹਿਲਾਂ ਅਖਬਾਰਾਂ 'ਚ ਇਸਦਾ ਐਲਾਨ ਹੋਇਆ ਸੀ।
ਇਸ ਤੋਂ ਬਾਅਦ ਜ਼ਿਲ੍ਹਾ ਪੁਲਿਸ ਹਰਕਤ 'ਚ ਆਈ ਤੇ 22 ਮਈ 2011 ਨੂੰ ਸਿਵਲ ਲਾਈਨੀ ਥਾਣੇ ਵਿਚ ਮੁਲਜ਼ਮਾਂ ਦੇ ਵਿਰੁੱਧ ਕੇਸ ਦਰਜ ਕਰ ਲਿਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਿਜੀਲੈਂਸ ਬਿਊਰੋ ਨੇ ਵੀ ਕੇਸ ਦੀ ਜਾਂਚ ਕੀਤੀ ਸੀ। ਜਾਂਚ ਦੌਰਾਨ ਤੱਥ ਸਾਹਮਣੇ ਆਏ ਸਨ ਕਿ ਮੰਤਰੀ ਦੇ ਪੀ.ਏ ਸਰਬਦਿਆਲ ਸਿੰਘ ਨੇ ਇਕ ਕਰੋੜ, 15 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ।