ਪੰਜਾਬੀ ਗੱਭਰੂ 'ਤੇ ਆਇਆ ਸਪੇਨ ਦੀ ਮੁਟਿਆਰ ਦਾ ਦਿਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰ ਮਰਿਆਦਾ ਨਾਲ ਕਰਵਾਇਆ ਵਿਆਹ

Photo

ਅੰਮ੍ਰਿਤਸਰ: ਪੰਜਾਬੀ ਗੱਭਰੂ ਅਤੇ ਸਪੇਨ ਦੀ ਮੁਟਿਆਰ ਦਾ ਪਿਆਰ ਉਸ ਸਮੇਂ ਪ੍ਰਵਾਨ ਚੜ੍ਹ ਗਿਆ, ਜਦੋਂ ਦੋਹਾਂ ਨੇ ਇਕੱਠੇ ਜ਼ਿੰਦਗੀ ਬਿਤਾਉਣ ਲਈ ਫ਼ੈਸਲੇ ਨੂੰ ਸਿੱਖ ਮਰਿਆਦਾ ਨਾਲ ਲਾਵਾਂ-ਫੇਰੇ ਲੈ ਕੇ ਪੂਰਾ ਕੀਤਾ। ਇਕ ਸਾਲ ਪਹਿਲਾਂ ਗੁਰੂ ਕੀ ਵਡਾਲੀ ਦੇ ਰਹਿਣ ਵਾਲੇ ਰਣਜੀਤ ਸਿੰਘ ਦੀ ਮੁਲਾਕਾਤ ਸਪੇਨ ਦੀ ਮੁਟਿਆਰ ਸਾਂਦਰਾ ਨਾਲ ਸ੍ਰੀ ਹਰਿਮੰਦਰ ਸਾਹਿਬ 'ਚ ਹੋਈ ਸੀ।

ਦੋਹਾਂ ਨੇ ਆਪਸ 'ਚ ਅਪਣਾ ਮੋਬਾਈਲ ਨੰਬਰ ਬਦਲਿਆ ਅਤੇ ਇਕ-ਦੂਜੇ ਨਾਲ ਫ਼ੇਸਬੁੱਕ 'ਤੇ ਦੋਸਤੀ ਕਰ ਲਈ। ਰਣਜੀਤ ਅਤੇ ਸਾਂਦਰਾ ਨੂੰ ਤਦ ਇਹ ਨਹੀਂ ਪਤਾ ਸੀ ਕਿ ਕਦੋਂ ਇਕ ਸਾਲ ਬੀਤ ਜਾਵੇਗਾ ਅਤੇ ਦੋਹਾਂ 'ਚ ਇਸ ਕਦਰ ਪਿਆਰ ਹੋ ਜਾਵੇਗਾ ਕਿ ਉਹ ਇਕ-ਦੂਜੇ ਤੋਂ ਬਿਨਾਂ ਰਹਿ ਨਹੀਂ ਪਾਉਣਗੇ ਅਤੇ ਇਕੱਠੇ ਜੀਵਨ ਗੁਜ਼ਾਰਨ ਦਾ ਫ਼ੈਸਲਾ ਲੈਣਗੇ।

ਕਦੋਂ ਇਕ ਸਾਲ ਬੀਤ ਗਿਆ, ਦੋਹਾਂ ਨੂੰ ਪਤਾ ਨਹੀਂ ਲੱਗਾ ਅਤੇ ਇਸ ਅਰਸੇ 'ਚ ਦੋਵਾਂ ਵਿਚ ਇਸ ਕਦਰ ਨਜ਼ਦੀਕੀਆਂ ਵੱਧ ਗਈਆਂ ਕਿ ਅੱਜ ਸਾਂਦਰਾ ਨੇ ਛੇਹਰਟਾ ਸਥਿਤ ਗੁਰਦੁਆਰੇ 'ਚ ਰਣਜੀਤ ਸਿੰਘ ਨਾਲ ਵਿਆਹ ਕਰਵਾ ਲਿਆ, ਜਿਥੇ ਰਣਜੀਤ ਸਿੰਘ ਨੇ ਦਸਿਆ ਕਿ ਜੋ ਵਾਹਿਗੁਰੂ ਨੂੰ ਮਨਜ਼ੂਰ ਹੁੰਦਾ ਹੈ, ਉਹੀ ਹੁੰਦਾ ਹੈ। ਦੋਵੇਂ ਦੋਸਤ ਬਣੇ ਸਨ ਅਤੇ ਅੱਜ ਜੀਵਨ ਸਾਥੀ ਬਣ ਗਏ ਹਨ।

ਸਾਂਦਰਾ ਨੇ ਕਿਹਾ ਕਿ ਉਸ ਨੇ ਰਣਜੀਤ ਲਈ ਹੌਲੀ-ਹੌਲੀ ਪੰਜਾਬੀ ਵੀ ਸਿੱਖ ਲਈ ਹੈ ਅਤੇ ਉਸ ਦੇ ਪਿਆਰ 'ਚ ਇਸ ਕਦਰ ਗੁਆਚ ਚੁੱਕੀ ਸੀ ਕਿ ਇਕੱਲੀ ਵਿਆਹ ਲਈ ਆਈ ਹੈ। ਰਣਜੀਤ ਅਤੇ ਸਾਂਦਰਾ ਵਿਚ ਅੱਜ ਵਿਆਹ ਗੁਰ-ਮਰਿਆਦਾ ਅਨੁਸਾਰ ਹੋਇਆ, ਜਿਥੇ ਰਣਜੀਤ ਦੇ ਸਾਰੇ ਰਿਸ਼ਤੇਦਾਰ ਅਤੇ ਸਾਕ-ਸਬੰਧੀ ਮੌਜੂਦ ਸਨ ਅਤੇ ਸਾਂਦਰਾ ਨੂੰ ਇਕ ਪਲ ਵੀ ਅਜਿਹਾ ਨਹੀਂ ਲੱਗ ਰਿਹਾ ਸੀ ਕਿ ਉਹ ਅਜਨਬੀਆਂ ਵਿਚ ਹੈ।