ਜੜ੍ਹ ਹਿੱਲਣ ਮਗਰੋਂ ਦਰੱਖ਼ਤ ਦੇ ਡਿੱਗਣ ਵਿਚ ਦੇਰ ਨਹੀਂ ਲਗਦੀ : ਢੀਂਡਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਾਨਾਸ਼ਾਹ ਸੁਖਬੀਰ ਸਿੰਘ ਬਾਦਲ ਦਾ ਹਸ਼ਰ ਵੀ ਅਜਿਹਾ ਹੀ ਹੋਣ ਵਾਲਾ ਹੈ

Photo

ਤਪਾ ਮੰਡੀ  (ਬੰਟੀ ਦੀਕਸ਼ਿਤ/ਜਗਮੇਲ ਢੱਡਵਾਲ): ਜਦ ਜੜ੍ਹ ਹਿੱਲ ਜਾਂਦੀ ਹੈ ਤਦ ਵੱਡੇ ਤੋਂ ਵੱਡੇ ਦਰੱਖ਼ਤ ਨੂੰ ਡਿਗਦਿਆਂ ਸਮਾਂ ਨਹੀਂ ਲੱਗਦਾ ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਿਰੁਧ ਪਾਰਟੀ ਅੰਦਰ ਬੈਠੇ 80 ਫ਼ੀ ਸਦੀ ਤੋਂ ਵੱਧ ਆਗੂ ਭੁਗਤਣ ਦੀ ਤਿਆਰੀ ਵਿਚ ਹਨ ਜੋ ਇਕ ਵਧੀਆ ਮੌਕੇ ਦੀ ਤਾਕ ਵੇਖਦੇ ਹੀ ਪਾਰਟੀ ਦੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਪਾਰਟੀ ਦੀ ਮਜ਼ਬੂਤੀ ਅਤੇ ਪੰਥਕ ਸਿਧਾਂਤਾਂ ਦੀ ਮੁੜ ਬਹਾਲੀ ਲਈ ਚੁੱਕੇ ਕਦਮ ਦੀ ਪ੍ਰੋੜ੍ਹਤਾ ਕਰਨਗੇ ਅਤੇ ਤਾਨਸ਼ਾਹ ਸੁਖਬੀਰ ਬਾਦਲ ਨੂੰ ਪਾਰਟੀ ਦੇ ਪ੍ਰਧਾਨਗੀ ਪਦ ਤੋਂ ਲਾਂਭੇ ਕਰ ਦੇਣਗੇ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਅਤੇ ਅਕਾਲੀ ਦਲ ਤੋਂ ਬਾਗ਼ੀ ਹੋਏ ਪਰਮਿੰਦਰ ਸਿੰਘ ਢੀਂਡਸਾ ਨੇ ਇਕ ਸਮਾਜਕ ਸਮਾਗਮ ਵਿਚ ਹਿੱਸਾ ਲੈਣ ਉਪਰੰਤ ਪੱਤਰਕਾਰਾਂ ਦੀ ਭਰਵੀਂ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।

ਸ.ਢੀਂਡਸਾ ਨੇ ਅਕਾਲੀ ਦਲ ਨੂੰ ਘੇਰਦਿਆਂ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ 'ਤੇ ਅਕਾਲੀ ਦਲ ਦੋਹਰੇ ਮਾਪਦੰਡ ਅਪਣਾ ਰਿਹਾ ਹੈ ਜਦਕਿ ਸੀ.ਏ.ਏ ਦੇ ਵਿਰੋਧ ਵਿਚ ਸੰਸਦ ਅੰਦਰ ਵੋਟ ਪਾਉਣ ਵਾਲੀ ਭਾਜਪਾ ਦੀ ਭਾਈਵਾਲ ਪਾਰਟੀ ਨਾਲ ਤਾਂ ਭਾਜਪਾ ਦਾ ਸਮਝੌਤਾ ਹੋ ਗਿਆ ।

ਪਰ ਸੀ.ਏ.ਏ ਦੇ ਹੱਕ ਵਿਚ ਵੋਟ ਪਾਉਣ ਵਾਲੇ ਅਕਾਲੀ ਦਲ ਨੂੰ ਭਾਜਪਾ ਨੇ ਦਿੱਲੀ ਚੋਣਾਂ ਵਿਚੋਂ ਨਕਾਰ ਕੇ ਸਾਬਤ ਕਰ ਦਿਤਾ ਹੈ ਕਿ ਅਕਾਲੀ ਦਲ ਹੁਣ ਬੀਤੇ ਜ਼ਮਾਨੇ ਦੀ ਪਾਰਟੀ ਬਣ ਗਿਆ ਹੈ ਪਰ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਅਪਣੀ ਧਰਮਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਵਜ਼ੀਰੀ ਤੋਂ ਕਦੇ ਵੀ ਵਾਪਸ ਨਹੀਂ ਬੁਲਾਉਣਗੇ ਕਿਉਕਿ ਬਾਦਲ ਪਰਵਾਰ ਕੁਰਸੀ ਨਾਲ ਚਿੰਬੜ ਕੇ ਰਹਿਣ ਵਾਲਾ ਪਰਵਾਰ ਹੈ।

ਢੀਂਡਸਾ ਨੇ ਸਪੱਸਟ ਕੀਤਾ ਕਿ ਸੁਖਬੀਰ ਨੂੰ ਕੌੜੀ ਤੇ ਸੱਚੀ ਗੱਲ ਚੁਭਦੀ ਹੈ ਜਦਕਿ ਉਨ੍ਹਾਂ ਦੇ ਪਿਤਾ ਨੇ ਬਹਿਬਲ ਗੋਲੀ ਕਾਂਡ ਲਈ ਅਕਾਲੀ ਦਲ ਨੂੰ ਕੋਰ ਕਮੇਟੀ ਦੀ ਮੀਟਿੰਗ ਵਿਚ ਮਾਫ਼ੀ ਮੰਗਣ ਦੇ ਨਾਲ ਉਸ ਵੇਲੇ ਦੇ ਡੀ.ਜੀ.ਪੀ ਨੂੰ ਬਦਲਣ ਦੀ ਮੰਗ ਵੀ ਰੱਖੀ ਸੀ ਪਰ ਤਾਨਸ਼ਾਹ ਰਵਈਏ ਵਾਲੇ ਸੁਖਬੀਰ ਨੇ ਸੱਭ ਦੀ ਅਣਦੇਖੀ ਕੀਤੀ।

ਸ. ਢੀਂਡਸਾ ਨੇ ਇਹ ਵੀ ਕਿਹਾ ਕਿ ਸਾਡਾ ਮੰਤਵ ਸੱਤਾ ਪ੍ਰਾਪਤੀ ਨਹੀਂ ਬਲਕਿ ਪੰਜਾਬ ਅਤੇ ਪੰਥ ਦੇ ਹੱਕ ਵਿਚ ਨਿਤਰਣਾ ਹੈ ਜਿਸ ਕਾਰਨ ਅਗਲੀ ਰਣਨੀਤੀ ਵੀ ਪੰਜਾਬੀਆਂ ਦਾ ਇੱਕਠ ਕਰ ਕੇ ਉਨ੍ਹਾਂ ਵਲੋਂ ਦਿਤੀ ਸਲਾਹ ਤੋਂ ਬਾਅਦ ਹੀ ਉਲੀਕਿਆ ਜਾਵੇਗਾ। ਉਨ੍ਹਾਂ ਸੰਗਰੂਰ ਵਿਖੇ ਹੋ ਰਹੀ ਰੈਲੀ ਸਬੰਧੀ ਕਿਹਾ ਕਿ ਪੂਰੇ ਪੰਜਾਬ ਵਿਚੋਂ ਬਾਦਲ ਭੀੜ ਇੱਕਠੀ ਕਰ ਰਹੇ ਹਨ ਜਦਕਿ ਰਾਜ ਸਭਾ ਮੈਂਬਰ ਢੀਂਡਸਾ ਦੇ ਇਕ ਸੱਦੇ 'ਤੇ ਲੋਕ ਵਹੀਰਾਂ ਘੱਤ ਕੇ ਚਲ ਪੈਂਦੇ ਹਨ।

 

ਇਸ ਮੌਕੇ ਅਮਨਦੀਪ ਸਿੰਘ ਜੋਨੀ ਧੂਰਕੋਟ, ਹਰਦੀਪ ਸਿੰਘ ਘੁੰਨਸ ਸੀਨੀਅਰ ਆਗੂ, ਜਥੇਦਾਰ ਚਮਕੌਰ ਸਿੰਘ ਤਾਜੋਕੇ, ਰੂਬਲ ਗਿੱਲ ਯੂਥ ਪ੍ਰਧਾਨ, ਮੋਹਨ ਸਿੰਘ ਸਣੇ ਵੱਡੀ ਗਿਣਤੀ ਵਿਚ ਢੀਂਡਸਾ ਹਮਾਇਤੀ ਹਾਜ਼ਰ ਸਨ।