ਪੰਜਾਬ ਤੋਂ ਨਾਰਾਜ਼ ਨਹੀਂ, ਪਰ ਪੈਦਲ ਘਰ ਜਾਣ ਨੂੰ ਮਜ਼ਬੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ 21 ਦਿਨਾਂ ਦਾ ਲੌਕਡਾਊਨ ਕੀਤਾ ਗਿਆ ਹੈ

Photo

ਚੰਡੀਗੜ੍ਹ: ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ 21 ਦਿਨਾਂ ਦਾ ਲੌਕਡਾਊਨ ਕੀਤਾ ਗਿਆ ਹੈ, ਜਿਸ ਦੇ ਕਾਰਨ ਹਰ ਕਿਸੇ ਦਾ ਕਾਰੋਬਾਰ ਬੰਦ ਹੋ ਗਿਆ ਹੈ, ਦੁਕਾਨਾਂ, ਫੈਕਰੀਆਂ ਆਦਿ ਨੂੰ ਤਾਲੇ ਲੱਗ ਗਏ ਹਨ। ਪ੍ਰਵਾਸੀ ਮਜ਼ਦੂਰਾਂ ਨੂੰ ਕੰਮ ਨਹੀਂ ਮਿਲਾ ਰਿਹਾ, ਜਿਸ ਕਾਰਨ ਉਹਨਾਂ ਦੀ ਰੋਜ਼ੀ ਰੋਟੀ ‘ਤੇ ਖਤਰਾ ਮੰਡਰਾ ਰਿਹਾ ਹੈ। 

ਇਹੀ ਕਾਰਨ ਹੈ ਕਿ ਪ੍ਰਵਾਸੀ ਮਜ਼ਦੂਰ ਨਿਰਾਸ਼ ਹੋ ਕੇ ਅਪਣੇ ਗ੍ਰਹਿ ਰਾਜਾਂ ਨੂੰ ਪਰਤ ਰਹੇ ਹਨ। ਲੌਕਡਾਊਨ ਕਾਰਨ ਆਵਾਜਾਈ ਵੀ ਠੱਪ ਹੈ ਪਰ ਇਹ ਮਜ਼ਦੂਰ ਪੈਦਲ ਹੀ ਅਪਣੇ ਘਰਾਂ ਨੂੰ ਨਿਕਲ ਪਏ ਹਨ। ਦਿੱਲੀ ਤੋਂ ਇਲਾਵਾ ਪੰਜਾਬ ਦੇ ਪ੍ਰਵਾਸੀ ਮਜ਼ਦੂਰਾਂ ਨੇ ਵੀ ਅਪਣੇ ਗ੍ਰਹਿ ਰਾਜਾਂ ਦਾ ਰਾਹ ਫੜ ਲਿਆ ਹੈ। ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਇਹਨਾਂ ਨਿਰਾਸ਼ ਮਜ਼ਦੂਰਾਂ ਨਾਲ ਗੱਲਬਾਤ ਕੀਤੀ।

ਇਹ ਮਜਦੂਰ ਖਰੜ ਵਿਚ ਦਿਹਾੜੀ ਦਾ ਕੰਮ ਕਰਦੇ ਸੀ ਪਰ ਲੌਕਡਾਊਨ ਕਾਰਨ ਇਹ ਅਪਣੇ ਘਰਾਂ ਨੂੰ ਜਾ ਰਹੇ ਹਨ। ਇਕ ਮਜ਼ਦੂਰ ਨੇ ਦੱਸਿਆ ਕਿ ਉਹ ਨੇ ਮੁਰਾਦਾਬਾਦ ਜਾਣਾ ਹੈ ਜੋ ਕਿ ਇੱਥੋਂ 400 ਕਿਲੋਮੀਟਰ ਦੂਰ ਹੈ ਅਤੇ ਉਹ ਪੈਦਲ ਹੀ ਜਾ ਰਹੇ ਹਨ। ਉਹਨਾਂ ਦੱਸਿਆ ਕਿ ਉਹ ਅਪਣੇ ਸਾਥੀਆਂ ਨਾਲ ਹੋਲੀ ‘ਤੇ ਘਰ ਗਏ ਸੀ ਅਤੇ ਅਪਣੀ ਸਾਰੀ ਕਮਾਈ ਘਰ ਦੇ ਆਏ ਸੀ ਪਰ ਹੋਲੀ ਤੋਂ ਬਾਅਦ ਕੋਰੋਨਾ ਕਾਰਨ ਉਹਨਾਂ ਦਾ ਕੰਮ ਬੰਦ ਹੋ ਗਿਆ ਤੇ ਉਹ ਹੁਣ ਵੇਹਲੇ ਹਨ ਅਤੇ ਉਹਨਾਂ ਕੋਲ ਪੈਸਿਆਂ ਦੀ ਵੀ ਕਮੀ ਹੈ।

ਮਜ਼ਦੂਰਾਂ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਉਹਨਾਂ ਨੂੰ ਵਾਪਿਸ ਬੁਲਾ ਰਹੇ ਹਨ ਕਿਉਂਕਿ ਉਹਨਾਂ ਕੋਲ ਕਈ ਕੰਮ ਨਹੀਂ ਹੈ ਤੇ ਉਹਨਾਂ ਦੇ ਮਕਾਨ ਮਾਲਕ ਵੀ ਉਹਨਾਂ ਨੂੰ ਘਰ ਖਾਲੀ ਕਰਨ ਲਈ ਕਹਿ ਰਹੇ ਹਨ। ਉਹਨਾਂ ਦੱਸਿਆ ਕਿ ਉਹਨਾਂ ਦੇ ਗ੍ਰਹਿ ਰਾਜਾਂ ਵਿਚ ਉਹ ਖੇਤੀ ਕਰਦੇ ਹਨ, ਜਿਸ ਨਾਲ ਉਹਨਾਂ ਦਾ ਦੋ ਵਕਤ ਦੀ ਰੋਟੀ ਦਾ ਗੁਜ਼ਾਰਾ ਹੋ ਜਾਂਦਾ ਹੈ ਪਰ ਇੱਥੇ ਆ ਕੇ ਦਿਹਾੜੀਆਂ ਕਰਨੀਆਂ ਵੀ ਉਹਨਾਂ ਦੀ ਮਜ਼ਬੂਰੀ ਹੈ।

ਉਹਨਾਂ ਦੱਸਿਆ ਕਿ ਜਿੰਨੇ ਦਿਨ ਉਹ ਪੰਜਾਬ ਵਿਚ ਰਹੇ, ਓਨੇ ਦਿਨ ਉਹਨਾਂ ਨੂੰ ਖਾਣ-ਪੀਣ ਵਿਚ ਕੋਈ ਮੁਸ਼ਕਿਲ ਨਹੀਂ ਆਈ। ਇਸ ਮੌਕੇ ਉੱਥੇ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਮੌਜੂਦ ਸਨ, ਜੋ ਕਿ ਰਾਧਾ ਸੁਆਮੀ ਸਤਿਸੰਗ ਵੱਲੋਂ ਕੀਤੀ ਜਾ ਰਹੀ ਲੰਗਰ ਦੀ ਸੇਵਾ ਦੌਰਾਨ ਲੋਕਾਂ ਨੂੰ ਖਾਣਾ ਦੇ ਰਹੇ ਸੀ। ਉਹਨਾਂ ਦੱਸਿਆ ਕਿ ਜਿਸ ਨੂੰ ਵੀ ਖਾਣੇ ਦੀ ਲੋੜ ਹੁੰਦੀ ਹੈ, ਉਹ ਉਹਨਾਂ ਨੂੰ ਫੌਨ ਕਰਦਾ ਹੈ ਤੇ ਉਹ ਉਹਨਾਂ ਤੱਕ ਖਾਣਾ ਪਹੁੰਚਾ ਦਿੰਦੇ ਹਨ।

ਉਹਨਾਂ ਦੱਸਿਆ ਕਿ ਉਹ ਰਾਸਤੇ ‘ਚ ਜਾ ਰਹੇ ਮਜ਼ਦੂਰਾਂ ਨੂੰ ਸਫਰ ਲਈ ਵੀ ਖਾਣਾ ਦਿੰਦੇ ਹਨ ਤਾਂ ਜੋ ਉਹਨਾਂ ਨੂੰ ਰਾਸਤੇ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਲਈ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਜ਼ਮੀਨੀ ਪੱਧਰ ‘ਤੇ ਕੰਮ ਕੀਤੇ ਜਾ ਰਹੇ ਹਨ।ਇਸ ਤੋਂ ਬਾਅਦ ਮਜ਼ਦੂਰਾਂ ਨੇ ਕਿਹਾ ਕਿ ਹਾਲਾਤ ਠੀਕ ਹੋਣ ਤੋਂ ਬਾਅਦ ਉਹ ਪੰਜਾਬ ਵਾਪਿਸ ਆਉਣਗੇ ਅਤੇ ਉਹ ਪੰਜਾਬ ਤੋਂ ਨਿਰਾਸ਼ ਨਹੀਂ ਹਨ।