ਅਬੋਹਰ 'ਚ ਟਰੈਕਟਰ-ਟਰਾਲੀ ਦੀ ਲਪੇਟ 'ਚ ਆਉਣ ਨਾਲ ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੋਸਤ ਨਾਲ ਸਾਈਕਲ 'ਤੇ ਜਾ ਰਿਹਾ ਸੀ ਮਾਸੂਮ

photo

 

ਅਬੋਹਰ: ਅਬੋਹਰ 'ਚ ਬੀਤੀ ਸ਼ਾਮ ਪਿੰਡ ਰਾਮਪੁਰਾ ਨਰਾਇਣਪੁਰਾ 'ਚ ਟਰੈਕਟਰ-ਟਰਾਲੀ ਦੀ ਲਪੇਟ 'ਚ ਆਉਣ ਨਾਲ ਇਕ ਘਰ ਦਾ ਇਕਲੌਤਾ ਚਿਰਾਗ ਬੁਝ ਗਿਆ। ਬੇਸਹਾਰਾ ਪਸ਼ੂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਟਰੈਕਟਰ ਚਾਲਕ ਕੰਟਰੋਲ ਗੁਆ ਬੈਠਾ। ਜਿਸ ਕਾਰਨ ਸਾਈਕਲ ਦੇ ਪਿੱਛੇ ਬੈਠ ਕੇ ਜਾ ਰਹੇ 8 ਸਾਲਾ ਮਾਸੂਮ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ। ਇੱਥੇ ਥਾਣਾ ਬਹਾਵਵਾਲਾ ਦੀ ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਬੱਚੇ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ। ਇਸ ਦੇ ਨਾਲ ਹੀ ਟਰੈਕਟਰ-ਟਰਾਲੀ ਚਾਲਕ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: CM ਹਾਊਸ ਚੰਡੀਗੜ੍ਹ 'ਚ ਕਮਾਂਡੋ ਵਜੋਂ ਤਾਇਨਾਤ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਜਾਣਕਾਰੀ ਮੁਤਾਬਕ 8 ਸਾਲਾ ਅਭਿਮਨਿਊ ਪੁੱਤਰ ਅਨਿਲ ਕੁਮਾਰ ਆਪਣੇ 13 ਸਾਲਾ ਗੁਆਂਢੀ ਸੁਦਰਸ਼ਨ ਨਾਲ ਸਾਈਕਲ ਦੇ ਪਿੱਛੇ ਬੈਠਾ ਪਿੰਡ 'ਚ ਕਿਤੇ ਜਾ ਰਿਹਾ ਸੀ। ਇਸ ਦੌਰਾਨ ਸਾਹਮਣੇ ਤੋਂ ਇੱਕ ਟਰੈਕਟਰ-ਟਰਾਲੀ ਆ ਰਹੀ ਸੀ। ਗੱਡੀ ਦੇ ਸਾਹਮਣੇ ਆਏ ਬੇਸਹਾਰਾ ਪਸ਼ੂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਅਚਾਨਕ ਡਰਾਈਵਰ ਕੰਟਰੋਲ ਗੁਆ ਬੈਠਾ। ਜਿਸ ਕਾਰਨ ਦੋਵੇਂ ਸਾਈਕਲ ਸਵਾਰ ਮਾਸੂਮ ਟਰੈਕਟਰ-ਟਰਾਲੀ ਨਾਲ ਟਕਰਾ ਗਏ।

ਇਹ ਵੀ ਪੜ੍ਹੋ: ਤਰਨਤਾਰਨ ਦੀ ਗੋਇੰਦਵਾਲ ਜੇਲ੍ਹ 'ਚ ਹਵਾਲਾਤੀ ਨੇ ਬੈਰਕ 'ਚ ਕੀਤੀ ਖ਼ੁਦਕੁਸ਼ੀ 

ਟੱਕਰ ਤੋਂ ਬਾਅਦ ਸੁਦਰਸ਼ਨ ਸੜਕ ਕਿਨਾਰੇ ਡਿੱਗ ਗਿਆ। ਜਦਕਿ ਸਾਈਕਲ ਦੇ ਪਿੱਛੇ ਬੈਠਾ ਅਭਿਮਨਿਊ ਟਰਾਲੀ ਦੀ ਲਪੇਟ 'ਚ ਆਉਣ ਨਾਲ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧੀ ਥਾਣਾ ਬਹਾਵਵਾਲਾ ਦੇ ਹੌਲਦਾਰ ਜਗਜੀਤ ਸਿੰਘ ਨੇ ਬੱਚੇ ਦੇ ਪਿਤਾ ਦੇ ਬਿਆਨਾਂ ’ਤੇ ਅਣਪਛਾਤੇ ਟਰੈਕਟਰ-ਟਰਾਲੀ ਚਾਲਕ ਖ਼ਿਲਾਫ਼ ਆਈਪੀਸੀ ਦੀ ਧਾਰਾ 304ਏ ਤਹਿਤ ਕੇਸ ਦਰਜ ਕਰ ਲਿਆ ਹੈ।