ਫਿਰੋਜ਼ਪੁਰ: ਜਵਾਈ ਨੇ ਕੀਤੀ ਖੁਦਕੁਸ਼ੀ, ਸਹੁਰੇ ਪਰਿਵਾਰ ਨੇ ਕੁੱਟਮਾਰ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਕੀਤੀ ਅਪਲੋਡ, 4 ਖਿਲਾਫ ਮਾਮਲਾ ਦਰਜ
ਪੁਲਿਸ ਨੇ ਮੁਲਜ਼ਮ ਨੂੰਹ ਪਲਵਿੰਦਰ ਕੌਰ, ਦਿਲਬਾਗ ਸਿੰਘ, ਪਿੱਪਲ ਸਿੰਘ ਅਤੇ ਕਰਮਜੀਤ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ
ਫ਼ਿਰੋਜ਼ਪੁਰ : ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਇੱਕ ਨੌਜਵਾਨ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਹੈ। ਇਹ ਇਲਜ਼ਾਮ ਮ੍ਰਿਤਕਾ ਦੇ ਸਹੁਰਾ ਪਰਿਵਾਰ 'ਤੇ ਲਾਏ ਗਏ ਹਨ। ਥਾਣਾ ਲੱਖੋਕੇ ਬਹਿਰਾਮ ਦੀ ਪੁਲਿਸ ਨੇ ਸ਼ਨੀਵਾਰ ਨੂੰ 4 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਆਪਣੀ ਕੁੱਟਮਾਰ ਦੀ ਵੀਡੀਓ ਦੇਖ ਕੇ ਮ੍ਰਿਤਕ ਨੇ ਮੌਤ ਨੂੰ ਗਲੇ ਲਗਾ ਲਿਆ।
ਮ੍ਰਿਤਕ ਦੀ ਪਛਾਣ ਕਿਲੀ ਪਿੰਡ ਵਾਸੀ ਸੌਰਵ ਵਜੋਂ ਹੋਈ ਹੈ। ਸਵਿੰਦਰ ਕੌਰ ਨੇ ਪੁਲੀਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਹ ਅਤੇ ਉਸ ਦੀ ਲੜਕੀ ਮੋਨਾ, ਪੁੱਤਰ ਸੌਰਵ ਅਤੇ ਸੱਸ ਬੀਬਾ ਰਾਣੀ ਘਰ ਰੋਟੀ ਖਾ ਕੇ ਬੈਠੇ ਸਨ। ਨੂੰਹ ਪਲਵਿੰਦਰ ਕੌਰ ਨੇ ਆਪਣੇ ਰਿਸ਼ਤੇਦਾਰ ਦਿਲਬਾਗ ਸਿੰਘ ਤੇ ਹੋਰਨਾਂ ਨੂੰ ਫੋਨ ਕੀਤਾ ਸੀ, ਪਰ ਕਾਰਨ ਨਹੀਂ ਦੱਸਿਆ।
ਸਵਿੰਦਰ ਅਨੁਸਾਰ ਮੁਲਜ਼ਮਾਂ ਨੇ ਆਉਂਦੇ ਹੀ ਸੌਰਵ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਸੌਰਵ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਮਮਦੋਟ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਚੈੱਕਅਪ ਤੋਂ ਬਾਅਦ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਕਿਸੇ ਹੋਰ ਹਸਪਤਾਲ ਲਈ ਰੈਫਰ ਕਰ ਦਿੱਤਾ।
ਸਵਿੰਦਰ ਕੌਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਸੌਰਵ ਦੀ ਕੁੱਟਮਾਰ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾ ਦਿੱਤੀ। ਜਦੋਂ ਸੌਰਵ ਨੇ ਵੀਡੀਓ ਦੇਖਿਆ ਤਾਂ ਉਹ ਆਪਣੀ ਬੇਇੱਜ਼ਤੀ ਬਰਦਾਸ਼ਤ ਨਹੀਂ ਕਰ ਸਕਿਆ। ਉਸ ਨੇ ਮਮਦੋਟ ਹਸਪਤਾਲ ਤੋਂ ਬਾਹਰ ਆਉਂਦੇ ਹੀ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਉਸ ਦੀ ਹਾਲਤ ਕਾਫੀ ਗੰਭੀਰ ਹੋ ਗਈ।
ਸਵਿੰਦਰ ਅਨੁਸਾਰ ਉਸ ਨੂੰ ਗੁਰੂਹਰਸਹਾਏ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਚੈੱਕ ਕਰਕੇ ਫਰੀਦਕੋਟ ਦੇ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ, ਪਰ ਉਸ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਥਾਣਾ ਲੱਖੋਕੇ ਬਹਿਰਾਮ ਦੀ ਪੁਲਿਸ ਨੇ ਮੁਲਜ਼ਮ ਨੂੰਹ ਪਲਵਿੰਦਰ ਕੌਰ, ਦਿਲਬਾਗ ਸਿੰਘ, ਪਿੱਪਲ ਸਿੰਘ ਅਤੇ ਕਰਮਜੀਤ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਾਰੇ ਮੁਲਜ਼ਮ ਫਰਾਰ ਹਨ।