ਸਥਾਨਕ ਸਰਕਾਰਾਂ ਵਿਭਾਗ ਵਲੋਂ ਇਕ ਸੁਪਰਡੈਂਟ ਤੇ ਦੋ ਜੇ.ਈਜ਼ ਮੁਅੱਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ੀਰਕਪੁਰ ਦੇ ਪੀਰ ਮੁਛੱਲਾ ਖੇਤਰ ਵਿਚ ਇੰਮਪੀਰੀਅਲ ਗਾਰਡਨ ਵਿਖੇ ਨਿਰਮਾਣ ਅਧੀਨ ਬਹੁਮੰਜ਼ਿਲਾਂ ਬਿਲਡਿੰਗ ਡਿੱਗਣ ਦੇ ਮਾਮਲੇ ਵਿਚ ਸਥਾਨਕ ਸਰਕਾਰਾਂ ਵਿਭਾਗ...

Navjot Singh Sidhu

ਜ਼ੀਰਕਪੁਰ, : ਜ਼ੀਰਕਪੁਰ ਦੇ ਪੀਰ ਮੁਛੱਲਾ ਖੇਤਰ ਵਿਚ ਇੰਮਪੀਰੀਅਲ ਗਾਰਡਨ ਵਿਖੇ ਨਿਰਮਾਣ ਅਧੀਨ ਬਹੁਮੰਜ਼ਿਲਾਂ ਬਿਲਡਿੰਗ ਡਿੱਗਣ ਦੇ ਮਾਮਲੇ ਵਿਚ ਸਥਾਨਕ ਸਰਕਾਰਾਂ ਵਿਭਾਗ ਵਲੋਂ ਨਗਰ ਕੌਂਸਲ ਜ਼ੀਰਕਪੁਰ ਦੇ ਸੁਪਰਡੈਂਟ ਬਲਵਿੰਦਰ ਸਿੰਘ, ਜੂਨੀਅਰ ਇੰਜਨੀਅਰ ਰਾਜੀਵ ਕੁਮਾਰ ਤੇ ਅਨਿਲ ਸ਼ਰਮਾ ਨੂੰ ਡਿਊਟੀ ਵਿਚ ਕੋਤਾਹੀ ਕਰਨ ਦੇ ਦੋਸ਼ 'ਚ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ ਜਦੋਂ ਕਿ ਪੰਜ ਅਧਿਕਾਰੀਆਂ ਨੂੰ ਕਾਰਨ ਦਸੋ ਨੋਟਿਸ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਪ੍ਰਗਟਾਵਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿਚ ਕੀਤਾ।

ਸ.ਸਿੱਧੂ ਨੇ ਦੱਸਿਆ ਕਿ ਜ਼ੀਰਕਪੁਰ ਚਾਰ ਮੰਜ਼ਿਲਾ ਨਿਰਮਾਣ ਅਧੀਨ ਬਿਲਡਿੰਗ ਡਿੱਗਣ ਦੇ ਮਾਮਲੇ ਵਿੱਚ ਉਨ੍ਹਾਂ ਖੁਦ ਘਟਨਾ ਵਾਲੀ ਥਾਂ ਦਾ ਦੌਰਾ ਕਰ ਕੇ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਕਰਨੇਸ਼ ਸ਼ਰਮਾ ਦੀ ਅਗਵਾਈ ਹੇਠ ਕਮੇਟੀ ਬਣਾਈ ਸੀ ਜਿਸ ਵਿਚ ਡਿਪਟੀ ਕਮਿਸ਼ਨਰ ਮੁਹਾਲੀ, ਮੁੱਖ ਇੰਜਨੀਅਰ, ਮੁੱਖ ਚੌਕਸੀ ਅਧਿਕਾਰੀ, ਪੰਜਾਬ ਇੰਜਨੀਅਰਿੰਗ ਕਾਲਜ (ਪੈਕ) ਦਾ ਨੁਮਾਇੰਦਾ ਸ਼ਾਮਲ ਸੀ।

ਕਮੇਟੀ ਵਲੋਂ ਬਿਲਡਿੰਗ ਡਿੱਗਣ ਅਤੇ ਇਸ ਮਾਮਲੇ ਵਿਚ ਅਗਾਂਹ ਨੂੰ ਸਾਵਧਾਨੀ ਰੱਖਣ ਦੇ ਨੁਕਤੇ ਦਸਣ ਲਈ ਪੰਜਾਬ ਇੰਜਨੀਅਰਿੰਗ ਕਾਲਜ (ਪੈਕ) ਨੂੰ ਤਕਨੀਕੀ ਰੀਪੋਰਟ ਦੇਣ ਲਈ ਕਿਹਾ ਗਿਆ ਸੀ। ਇਸ ਕਮੇਟੀ ਦੀ ਰੀਪੋਰਟ ਵਿਚ ਪਾਇਆ ਗਿਆ ਕਿ ਬਿਲਡਿੰਗ ਡਿੱਗਣ ਦਾ ਮੁੱਖ ਕਾਰਨ ਨਿਰਮਾਣ ਵਿਚ ਤਰੁੱਟੀਆਂ ਪਾਇਆ ਗਿਆ। ਇਸ ਤੋਂ ਇਲਾਵਾ ਬਿਲਡਿੰਗ ਮਾਲਕਾਂ ਵਲੋਂ ਉਸਾਰੀ ਕੰਮ ਸ਼ੁਰੂ ਕਰਨ ਸਬੰਧੀ ਨਗਰ ਕੌਂਸਲ ਜ਼ੀਰਕਪੁਰ ਨੂੰ ਨਹੀਂ ਦਿਤੀ ਗਈ।