ਸੁਖਬੀਰ ਜਿਹੇ ਭ੍ਰਿਸ਼ਟਾਚਾਰੀ ਲੀਡਰ ਕਰਕੇ ਪੰਜਾਬ ’ਚ ਸਿੱਖਾਂ ਨੇ ਅਕਾਲੀ ਦਲ ਤੋਂ ਵੱਟਿਆ ਪਾਸਾ: ਜੀਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੈਂ ਕਾਂਗਰਸ ਸਰਕਾਰ ਦਾ ਧੰਨਵਾਦੀ ਹਾਂ ਜਿੰਨ੍ਹਾਂ ਨੇ ਐਸਆਈਟੀ ਦਾ ਗਠਨ ਕੀਤਾ ਤੇ ਕਈ ਤਰ੍ਹਾਂ ਦੇ ਸਿੱਖਾਂ ਦੇ ਮਸਲੇ ਸੁਲਝਾਏ: ਮਨਜੀਤ ਜੀਕੇ

Manjeet Singh GK Press Conference

ਚੰਡੀਗੜ੍ਹ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਪ੍ਰੈਸ ਕਾਨਫਰੰਸ ਕਰਕੇ ਅਕਾਲੀ ਦਲ ਵਿਰੁਧ ਜੱਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਮੇਰੇ ਵਿਰੁਧ ਪਿਛਲੇ 7-8 ਮਹੀਨਿਆਂ ਤੋਂ ਬਹੁਤ ਵੱਡੀ ਸਾਜ਼ਿਸ਼ ਰਚੀ ਜਾ ਰਹੀ ਸੀ। ਮੇਰੇ ’ਤੇ ਕਈ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਪਹੁੰਚਾਉਣ ਲਈ ਹਮਲੇ ਕੀਤੇ ਗਏ ਤਾਂ ਜੋ ਮਨਜੀਤ ਸਿੰਘ ਜੀਕੇ ਨੂੰ ਖ਼ਤਮ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਇਹ ਸਾਜ਼ਿਸ਼ਾਂ ਇਸ ਲਈ ਘੜੀਆਂ ਜਾ ਰਹੀਆਂ ਹਨ ਕਿਉਂਕਿ ਜਿਹੜੇ ਮੇਰੇ ਅਪਣੇ ਮੈਨੂੰ ਸਿਆਸੀ ਤੌਰ ’ਤੇ ਖ਼ਤਮ ਕਰਨਾ ਚਾਹੁੰਦੇ ਸੀ ਉਹ ਉਸ ਤਰ੍ਹਾਂ ਤਾਂ ਮਾਰ ਨਾ ਸਕੇ ਪਰ ਸ਼ਾਇਦ ਹੋਣ ਸੋਚ ਰਹੇ ਹਨ ਕਿ ਮਨਜੀਤ ਸਿੰਘ ਜੀਕੇ ਨੂੰ ਜਾਨੋਂ ਹੀ ਮਾਰ ਦਈਏ ਪਰ ਜਿਵੇਂ ਮੇਰੇ ਪਿਤਾ ਜੀ ਦੀ ਆਖ਼ਰੀ ਸਾਹ ਤੱਕ ਆਵਾਜ਼ ਬੰਦ ਨਹੀਂ ਹੋਈ ਸੀ ਓਵੇਂ ਹੀ ਮੇਰੀ ਵੀ ਆਵਾਜ਼ ਆਖ਼ਰੀ ਸਾਹ ਤੱਕ ਬੰਦ ਨਹੀਂ ਹੋਵੇਗੀ।

ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਮੈਂ ਦਿਲੋਂ ਧੰਨਵਾਦੀ ਹਾਂ ਇਸ ਸਰਕਾਰ ਦਾ ਜਿਸ ਨੇ ਐਸਆਈਟੀ ਬਣਾਈ ਤੇ ਕਈ ਤਰ੍ਹਾਂ ਦੇ ਸਿੱਖਾਂ ਦੇ ਮਸਲੇ ਸੁਲਝਾਏ। ਜੀਕੇ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ 12 ਸਾਲ ਦਾ ਬਨਵਾਸ ਦਿੱਲੀ ਵਿਚ ਕੱਟਣਾ ਪਿਆ। ਉਨ੍ਹਾਂ ਕਿਹਾ ਕਿ ਅਜਿਹੇ ਭ੍ਰਿਸ਼ਟਾਚਾਰ ਕਿਰਦਾਰ ਵਾਲੇ ਲੀਡਰ ਦੀਆਂ ਬਦਫੈਲੀਆਂ ਕਰਕੇ ਪੰਜਾਬ ਵਿਚ ਅਕਾਲੀ ਦਲ ਦਾ ਸਫ਼ਾਇਆ ਹੋਇਆ ਹੈ।

ਪੰਜਾਬ ਵਿਚ ਅਕਾਲੀ ਦਲ ਨੂੰ ਇਸ ਵਾਰ ਸਿਰਫ਼ 2 ਸੀਟਾਂ ਮਿਲੀਆਂ ਹਨ, ਇਸ ਤੋਂ ਸਿੱਧ ਹੁੰਦਾ ਹੈ ਕਿ ਸਿੱਖਾਂ ਨੇ ਹੁਣ ਇਨ੍ਹਾਂ ਬਾਦਲਾਂ ਤੋਂ ਪਾਸਾ ਵੱਟ ਲਿਆ ਹੈ। ਇਸ ਵਾਰ ਮੋਦੀ ਸਾਬ੍ਹ ਦੀਆਂ 2 ਸੀਟਾਂ ਨੇ ਇਨ੍ਹਾਂ ਨੂੰ ਬਚਾ ਲਿਆ ਹੈ ਤੇ ਇਹ ਹੁਣ ਭੰਗੜੇ ਪਾ ਰਹੇ ਹਨ। ਮਨਜੀਤ ਸਿੰਘ ਜੀਕੇ ਨੇ ਸਵਾਲ ਚੁੱਕਦੇ ਹੋਏ ਕਿਹਾ ਕਿ ਮੇਰੇ ’ਤੇ ਕਈ ਇਲਜ਼ਾਮ ਲਗਾਏ ਗਏ ਸੀ ਤੇ ਮੈਂ ਅਸਤੀਫ਼ਾ ਦੇ ਦਿਤਾ ਸੀ।

ਅੱਜ ਐਸਆਈਟੀ ਦੀ ਰਿਪੋਰਟ ਵਿਚ ਸੁਖਬੀਰ ਬਾਦਲ ਦਾ ਨਾਮ ਹੈ ਕਿ ਇਨ੍ਹਾਂ ਦੀ ਸ਼ੈਅ ’ਤੇ ਸਭ ਕੁਝ ਹੋਇਆ ਸੀ ਤੇ ਕੀ ਹੁਣ ਕੋਰ ਕਮੇਟੀ ਇਹ ਫ਼ੈਸਲਾ ਕਰੇਗੀ ਕਿ ਸੁਖਬੀਰ ਬਾਦਲ ਅਸਤੀਫ਼ਾ ਦੇਣ? ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।