ਕਿਸਾਨਾਂ ਦੀ ਮੁਫ਼ਤ ਬਿਜਲੀ ਬੰਦ ਨਹੀਂ ਹੋਵੇਗੀ : ਕੈਪਟਨ ਅਮਰਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬੇ ਦੀਆਂ ਵਿਰੋਧੀ ਪਾਰਟੀਆਂ ਵਲੋਂ ਡੀ.ਬੀ.ਟੀ. ਸਿਸਟਮ ਨੂੰ ਅਧਾਰ ਬਣਾ ਕੇ ਕੀਤੀ ਜਾ ਰਹੀ ਬਿਆਨਬਾਜ਼ੀ ਦੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ

Capt. Amrinder Singh

ਚੰਡੀਗੜ੍ਹ : ਸੂਬੇ ਦੀਆਂ ਵਿਰੋਧੀ ਪਾਰਟੀਆਂ ਵਲੋਂ ਡੀ.ਬੀ.ਟੀ. ਸਿਸਟਮ ਨੂੰ ਅਧਾਰ ਬਣਾ ਕੇ ਕੀਤੀ ਜਾ ਰਹੀ ਬਿਆਨਬਾਜ਼ੀ ਦੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਿਸਾਨਾਂ ਦੀ ਮੁਫ਼ਤ ਬਿਜਲੀ ਦੀ ਸਹੂਲਤ ਬੰਦ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਇਸ ਬਾਰੇ ਸੋਚਿਆ ਹੀ ਜਾ ਸਕਦਾ ਹੈ। ਅੱਜ ਰਾਤ ਟਵੀਟ ਕਰ ਕੇ ਉਨ੍ਹਾਂ ਇਸ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਅਸੀਂ ਕਿਸਾਨਾਂ ਦੀ ਆਰਥਕ ਹਾਲਤ ਸਮਝਦੇ ਹਾਂ ਅਤੇ ਪੰਜਾਬ ਦੇ ਕਿਸਾਨ ਹੀ ਅਣਥਕ ਮਿਹਨਤ  ਕਰ ਕੇ ਦੇਸ਼ ਦਾ ਢਿੱਡ ਭਰਦੇ ਹਨ।

ਕੈਪਟਨ ਨੇ ਭਾਵੇਂ ਮੁਫ਼ਤ ਬਿਜਲੀ ਜਾਰੀ ਰੱਖਣ ਦੀ ਤਾਂ ਗੱਲ ਆਖੀ ਹੈ ਪਰ ਕਿਸਾਨਾਂ ਨੂੰ ਸਿੱਧੀ ਸਬਸਿਡੀ ਦੇਣ ਵਾਲੇ ਸਿਸਟਮ ਨੂੰ ਲਾਗੂ ਕਰਨ ਬਾਰੇ ਕੁੱਝ ਨਹੀਂ ਕਿਹਾ ਜਿਸ ਦੇ ਆਧਾਰ 'ਤੇ  ਵਿਰੋਧੀ ਪਾਰਟੀਆਂ ਨੇ ਸੂਬਾ ਸਰਕਾਰ 'ਤੇ ਦੋਸ਼ ਲਾਏ ਹਨ।

ਕੈਪਟਨ ਦਾ ਬਿਆਨ ਘਬਰਾਹਟ ਦੀ ਨਿਸ਼ਾਨੀ : ਸੁਖਬੀਰ ਸਿੰਘ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ  ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ  ਉਨ੍ਹਾਂ ਦੀ ਅਪਣੀ ਹੀ ਕੈਬਨਿਟ ਵਲੋਂ ਪੰਜਾਬ ਵਿਚ ਕਿਸਾਨਾਂ ਦੀਆਂ ਬੰਬੀਆਂ 'ਤੇ ਬਿੱਲ ਲਾਉਣ ਦੇ ਫ਼ੈਸਲੇ ਤੋਂ ਮੁਕਰਨ ਨੂੰ 'ਦਬਾਅ 'ਤੇ ਘਬਰਾਹਟ ਆਏ ਹੋਏ ਮੁੱਖ ਮੰਤਰੀ ਵਲੋਂ ਸਹਿਮ ਵਿਚ  'ਚ ਆ ਕੇ ਜਾਰੀ ਕੀਤਾ ਖੰਡਨ ਕਰਾਰ ਦਿਤਾ ਹੈ।' ਇਕ ਬਿਆਨ 'ਚ ਬਾਦਲ ਨੇ ਮੁੱਖ ਮੰਤਰੀ ਨੂੰ ਪੁਛਿਆ ਕਿ ਜੇ ਕਿਸਾਨਾਂ ਦੀਆਂ ਬੰਬੀਆਂ ਉੱਤੇ ਬਿੱਲ ਲਾਉਣ ਦੀ ਕੋਈ ਯੋਜਨਾ ਨਹੀਂ ਹੈ ਤਾਂ ਦੋ ਦਿਨ ਪਹਿਲਾਂ ਕੈਬਨਿਟ ਨੇ ਇਸ ਸਬੰਧੀ ਇਹ ਫ਼ੈਸਲਾ ਕਿਉਂ ਲਿਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਸਰਕਾਰ ਮੁਫ਼ਤ ਬਿਜਲੀ ਦੀ ਥਾਂ ਕਿਸਾਨਾਂ ਨੂੰ ਸਿੱਧੇ ਪੈਸੇ ਦੇਵੇਗੀ?