127 ਸਾਲ ਦੀ ਉਮਰ ਭੋਗ ਕੇ ਦੁਨੀਆਂ ਤੋਂ ਰੁਖ਼ਸਤ ਹੋਇਆ ਬਜ਼ੁਰਗ, ਢੋਲ ਨਾਲ ਦਿੱਤੀ ਅੰਤਿਮ ਵਿਦਾਈ
1894 ਵਿਚ ਪਕਿਸਤਾਨ ਵਿਖੇ ਹੋਇਆ ਸੀ ਬਜ਼ੁਰਗ ਦਾ ਜਨਮ
ਫਾਜ਼ਿਲਕਾ (ਹਰਪ੍ਰੀਤ ਮਹਿਮੀ): ਅਕਸਰ ਅਸੀਂ ਵਿਆਹਾਂ ਜਾਂ ਹੋਰ ਖੁਸ਼ੀ ਦੇ ਮੌਕਿਆਂ 'ਤੇ ਲੋਕਾਂ ਨੂੰ ਨੱਚਦੇ ਗਾਉਂਦੇ ਅਤੇ ਭੰਗੜਾ ਪਾਉਂਦੇ ਵੇਖਿਆ ਹੈ। ਪਰ ਫਾਜ਼ਿਲਕਾ ਦੇ ਇਕ ਪਿੰਡ ਵਿਚ ਇਸ ਦੇ ਉਲਟ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੀ ਅੰਤਿਮ ਯਾਤਰਾ ਮੌਕੇ ਢੋਲ 'ਤੇ ਭੰਗੜਾ ਪਾਇਆ ਗਿਆ।
ਦਰਅਸਲ ਫਾਜ਼ਿਲਕਾ ਦੇ ਪਿੰਡ ਨੂਰਸ਼ਾਹ ਵਿਖੇ ਇਕ ਬਜ਼ੁਰਗ 127 ਸਾਲ ਦੀ ਉਮਰ ਭੋਗ ਕੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਿਆ। ਬਜ਼ੁਰਗ ਦਾ ਨਾਂਅ ਟਹਿਲ ਸਿੰਘ ਸੀ, ਜਿਸ ਦੀ ਅੰਤਿਮ ਯਾਤਰਾ ਮੌਕੇ ਉਹਨਾਂ ਦੀ ਅਰਥੀ ਨੂੰ ਫੁੱਲਾਂ ਅਤੇ ਗੁਬਾਰਿਆਂ ਨਾਲ ਸਜਾਇਆ ਗਿਆ। ਇਸ ਦੇ ਨਾਲ ਹੀ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਉਹਨਾਂ ਨੂੰ ਢੋਲ ਦੇ ਨਾਲ ਸ਼ਮਸ਼ਾਨ ਘਾਟ ਤੱਕ ਲੈ ਕੇ ਗਏ।
ਮ੍ਰਿਤਕ ਬਜ਼ੁਰਗ ਟਹਿਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਜਨਮ 1894 ਵਿਚ ਪਕਿਸਤਾਨ ਵਿਖੇ ਹੋਇਆ ਸੀ ਅਤੇ ਉਹਨਾਂ ਦਾ ਇਕ 109 ਸਾਲਾ ਭਰਾ ਹਾਲੇ ਵੀ ਜਿਉਂਦਾ ਹੈ। ਹਾਲਾਂਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪਿੰਡ ਵਾਸੀਆਂ ਨੇ ਇਕੱਠ ਕਾਫੀ ਘੱਟ ਕੀਤਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੰਨੀ ਜ਼ਿਆਦਾ ਉਮਰ ਭੋਗ ਕੇ ਜਾਣਾ ਖੁਸ਼ਨਸੀਬ ਇਨਸਾਨਾਂ ਦੇ ਹਿੱਸੇ ਆਉਦਾ ਹੈ। ਉਹਨਾਂ ਦੱਸਿਆ ਕਿ ਟਹਿਲ ਸਿੰਘ ਅਪਣੀ ਚੌਥੀ ਪੀੜੀ ਦੇਖ ਕੇ ਇਸ ਦੁਨੀਆਂ ਤੋਂ ਰੁਖ਼ਸਤ ਹੋਏ ਹਨ।