ਕਿਸਾਨਾਂ ਦੇ ਹੱਕ ’ਚ ਨਵਜੋਤ ਸਿੱਧੂ ਦਾ ਟਵੀਟ, ਪੰਜਾਬ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਨੂੰ ਦਿੱਤੀ ਸਲਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਰਲ ਕੇ ਹਰ ਤਰ੍ਹਾਂ ਦੇ ਖੇਤੀ ਉਤਪਾਦਨ, ਉਸ ਦਾ ਭੰਡਾਰਨ ਅਤੇ ਵਿਕਰੀ ਕਿਸਾਨਾਂ ਦੇ ਹੱਥਾਂ ਵਿਚ ਲਿਆ ਸਕਦੇ ਹਨ- ਸਿੱਧੂ

Navjot Sidhu

ਚੰਡੀਗੜ੍ਹ: ਸੋਸ਼ਲ ਮੀਡੀਆ ’ਤੇ ਲਗਾਤਾਰ ਸਰਗਰਮ ਰਹਿਣ ਵਾਲੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਕਿਸਾਨਾਂ ਦੇ ਹੱਕ ਵਿਚ ਇਕ ਵਾਰ ਫ਼ਿਰ ਟਵੀਟ ਕੀਤਾ ਹੈ। ਸਿੱਧੂ ਨੇ ਟਵੀਟ ਜ਼ਰੀਏ ਪੰਜਾਬ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਨੂੰ ਸਲਾਹ ਦਿੱਤੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਰਲ ਕੇ ਹਰ ਤਰ੍ਹਾਂ ਦੇ ਖੇਤੀ ਉਤਪਾਦਨ, ਉਸ ਦਾ ਭੰਡਾਰਨ ਅਤੇ ਵਿਕਰੀ ਕਿਸਾਨਾਂ ਦੇ ਹੱਥਾਂ ਵਿਚ ਲਿਆ ਸਕਦੇ ਹਨ।

ਨਵਜੋਤ ਸਿੱਧੂ ਨੇ ਟਵੀਟ ਕੀਤਾ, ‘ਮੈਂ ਇਸ ਗੱਲ 'ਤੇ ਲਗਾਤਾਰ ਜ਼ੋਰ ਦਿੰਦਾ ਰਿਹਾ ਹਾਂ ਕਿ ਪੰਜਾਬ ਸਰਕਾਰ ਅਤੇ ਕਿਸਾਨ ਜੱਥੇਬੰਦੀਆਂ ਰਲ ਕੇ ਹਰ ਤਰ੍ਹਾਂ ਦੇ ਖੇਤੀ ਉਤਪਾਦਨ, ਉਸ ਦਾ ਭੰਡਾਰਨ ਅਤੇ ਵਿਕਰੀ ਕਿਸਾਨਾਂ ਦੇ ਹੱਥਾਂ ਵਿਚ ਲਿਆ ਸਕਦੇ ਹਨ। ਕਿਸਾਨ ਏਕਤਾ ਇਕ ਸਮਾਜਕ ਲਹਿਰ ਤੋਂ ਇੱਕ ਬੇਮਿਸਾਲ ਆਰਥਿਕ ਤਾਕਤ ਵਿਚ ਰੂਪਾਂਤਰਿਤ ਹੋ ਸਕਦੀ ਹੈ’।

ਇਸ ਤੋਂ ਪਹਿਲਾਂ ਬੀਤੇ ਦਿਨੀਂ ਵੀ ਸਿੱਧੂ ਨੇ ਟਵੀਟ ਕਰਦਿਆਂ ਪੂੰਜੀਪਤੀਆਂ ਨੂੰ ਨਿਸ਼ਾਨੇ ’ਤੇ ਲਿਆ ਸੀ। ਉਹਨਾਂ ਲਿਖਿਆ, ‘ਤਿੰਨੋ ਕਾਲੇ ਖੇਤੀ ਕਾਨੂੰਨ ਪੰਜਾਬ ਦੀ ਕਿਸਾਨੀ ਦੇ ਖਾਤਮੇ ਅਤੇ ਭਾਰਤ ਦੀ ਭੋਜਨ ਸੁਰੱਖਿਆ ਕੁੱਝ ਚੋਣਵੇਂ ਪੂੰਜੀਪਤੀਆਂ ਦੇ ਹੱਥਾਂ 'ਚ ਦੇਣ ਦੀ ਸ਼ਾਜਿਸ ਦਾ ਹਿੱਸਾ ਹਨ। ਭਾਵੇਂ ਇਹ ਕਾਨੂੰਨ ਰੱਦ ਵੀ ਹੋ ਜਾਣ ਪਰ ਪੂੰਜੀਪਤੀ ਆਪਣੇ ਮਕਸਦ 'ਚ ਸ਼ਾਇਦ ਕਾਮਯਾਬ ਹੋ ਸਕਦੇ ਹਨ, ਜਦੋਂ ਤੱਕ ਕਿ ਪੰਜਾਬ ਰਾਜ ਖੁਦ ਕਿਸਾਨਾਂ ਨੂੰ ਐਮ.ਐਸ.ਪੀ ਦੇਣੀ ਯਕੀਨੀ ਨਹੀਂ ਬਣਾਉਂਦਾ ਤੇ ਭੰਡਾਰਨ  ਸਮਰੱਥਾ ਕਿਸਾਨਾਂ ਦੇ ਹੱਥਾਂ 'ਚ ਨਹੀਂ ਦਿੰਦਾ’।