ਸੜਕ ਹਾਦਸੇ ਵਿਚ ਜਾਨ ਗਵਾਉਣ ਵਾਲੇ ਨੌਜਵਾਨ ਦੇ ਪਰਿਵਾਰ ਨੂੰ 31.45 ਲੱਖ ਰੁਪਏ ਦਾ ਮੁਆਵਜ਼ਾ

ਏਜੰਸੀ

ਖ਼ਬਰਾਂ, ਪੰਜਾਬ

ਅਦਾਲਤ ਨੇ ਇਹ ਫੈਸਲਾ ਮ੍ਰਿਤਕ ਦੇ ਮਾਪਿਆਂ ਵਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਦਿਤਾ ਹੈ।

photo

 

ਚੰਡੀਗੜ੍ਹ - ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ, ਚੰਡੀਗੜ੍ਹ ਨੇ ਚਾਰ ਸਾਲ ਪਹਿਲਾਂ ਸੜਕ ਹਾਦਸੇ ਵਿਚ ਮਾਰੇ ਗਏ ਇੰਜਨੀਅਰ ਦੇ ਪਰਿਵਾਰ ਨੂੰ 31 ਲੱਖ 45 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿਤਾ ਹੈ। ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੀ ਸੁੰਦਰਨਗਰ ਤਹਿਸੀਲ ਦੇ ਵਸਨੀਕ ਰਵਿੰਦਰ ਕੁਮਾਰ ਦੀ 24 ਮਈ, 2019 ਨੂੰ ਇੱਕ ਕਾਰ ਅਤੇ ਟਰੱਕ ਦੀ ਟੱਕਰ ਵਿਚ ਮੌਤ ਹੋ ਗਈ ਸੀ।

ਬੇਟੇ ਦੀ ਮੌਤ ਤੋਂ ਬਾਅਦ ਪਿਤਾ ਸੁਰੇਸ਼ ਕੁਮਾਰ ਅਤੇ ਮਾਂ ਰੀਟਾ ਦੇਵੀ ਦੀ ਤਰਫੋਂ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ। ਅਦਾਲਤ ਨੇ ਇਹ ਫੈਸਲਾ ਮ੍ਰਿਤਕ ਦੇ ਮਾਪਿਆਂ ਵਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਦਿਤਾ ਹੈ।

ਪਟੀਸ਼ਨਕਰਤਾਵਾਂ ਦੇ ਵਕੀਲ ਅਸ਼ਵਨੀ ਅਰੋੜਾ ਨੇ ਦਸਿਆ ਕਿ ਰਵਿੰਦਰ ਕੁਮਾਰ ਦੇ ਮਾਪਿਆਂ ਨੇ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਵਿਚ ਪਟੀਸ਼ਨ ਦਾਇਰ ਕਰ ਕੇ ਪੁੱਤਰ ਦੀ ਮੌਤ ਤੋਂ ਬਾਅਦ ਮੁਆਵਜ਼ੇ ਦੀ ਮੰਗ ਕੀਤੀ ਸੀ। ਪੀੜਤ ਪਰਿਵਾਰ ਨੇ 75 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ। ਹਾਲਾਂਕਿ ਟ੍ਰਿਬਿਊਨਲ ਨੇ 31.45 ਲੱਖ ਰੁਪਏ ਦਾ ਮੁਆਵਜ਼ਾ ਦਿਤਾ ਹੈ। ਮੁਆਵਜ਼ੇ ਦੀ ਰਕਮ ਕਾਰ ਦੀ ਬੀਮਾ ਕੰਪਨੀ ਨੂੰ ਦੇਣੀ ਪਵੇਗੀ। ਮਾਪਿਆਂ ਨੂੰ ਇਸ ਰਕਮ ਦਾ ਅੱਧਾ ਹਿੱਸਾ ਮਿਲੇਗਾ।

ਟ੍ਰਿਬਿਊਨਲ ਵਿਚ ਦਾਇਰ ਪਟੀਸ਼ਨ ਵਿਚ ਦਸਿਆ ਗਿਆ ਸੀ ਕਿ ਉਸ ਦੇ ਪੁੱਤਰ ਰਵਿੰਦਰ ਕੁਮਾਰ ਨੇ ਸੁੰਦਰਨਗਰ ਦੇ ਇੱਕ ਨਿੱਜੀ ਕਾਲਜ ਤੋਂ ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕਸ ਵਿਚ ਇੰਜਨੀਅਰਿੰਗ ਕੀਤੀ ਸੀ। ਘਟਨਾ ਵਾਲੇ ਦਿਨ ਉਹ ਕਾਰ (ਐਚਪੀ-31-ਬੀ-9601) ਵਿਚ ਮੰਡੀ ਤੋਂ ਚੰਡੀਗੜ੍ਹ ਜਾ ਰਿਹਾ ਸੀ। ਉਹ ਕਾਰ 'ਚ ਡਰਾਈਵਰ ਦਿਨੇਸ਼ ਕੁਮਾਰ ਦੇ ਨਾਲ ਅਗਲੀ ਸੀਟ 'ਤੇ ਬੈਠਾ ਸੀ। ਕੀਰਤਪੁਰ ਸਵਾਰਘਾਟ ਵਿਚਕਾਰ ਕੈਂਚੀ ਮੋੜ (ਨੈਣਾ ਦੇਵੀ ਰੋਡ) ਨੇੜੇ ਇੱਕ ਟਰੱਕ ਨੂੰ ਓਵਰਟੇਕ ਕਰਦੇ ਸਮੇਂ ਗਲਤ ਦਿਸ਼ਾ ਤੋਂ ਆ ਰਹੇ ਟਰੱਕ ਨੰਬਰ ਐਚਪੀ-11-5037 ਨਾਲ ਗੱਡੀ ਦੀ ਟੱਕਰ ਹੋ ਗਈ।

ਹਾਦਸੇ ਵਿਚ ਰਵਿੰਦਰ ਕੁਮਾਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿਤਾ। ਪਟੀਸ਼ਨਰਾਂ ਨੇ ਦੋਸ਼ ਲਾਇਆ ਕਿ ਕਾਰ ਚਾਲਕ ਦਿਨੇਸ਼ ਕੁਮਾਰ ਤੇਜ਼ ਰਫ਼ਤਾਰ ਨਾਲ ਕਾਰ ਚਲਾ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਐਡਵੋਕੇਟ ਅਸ਼ਵਨੀ ਅਰੋੜਾ ਨੇ ਅਦਾਲਤ ਨੂੰ ਦਸਿਆ ਕਿ ਰਵਿੰਦਰ ਇੰਜੀਨੀਅਰਿੰਗ ਦਾ ਵਿਦਿਆਰਥੀ ਸੀ ਅਤੇ ਘੱਟੋ-ਘੱਟ 20,000 ਰੁਪਏ ਪ੍ਰਤੀ ਮਹੀਨਾ ਕਮਾ ਸਕਦਾ ਸੀ। ਇਸ ਦੇ ਨਾਲ ਹੀ ਦੂਜੀ ਧਿਰ ਨੇ ਵੀ ਪਟੀਸ਼ਨ ਦਾ ਵਿਰੋਧ ਕੀਤਾ ਪਰ ਟ੍ਰਿਬਿਊਨਲ ਨੇ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਮ੍ਰਿਤਕ ਦੇ ਮਾਪਿਆਂ ਨੂੰ 31.45 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿਤਾ ਹੈ।