ਜੰਗ-ਏ-ਆਜ਼ਾਦੀ ਸਮਾਰਕ 'ਚ ਹੋਏ ਭ੍ਰਿਸ਼ਟਾਚਾਰ ਦਾ ਮਾਮਲਾ : ਬਰਜਿੰਦਰ ਸਿੰਘ ਹਮਦਰਦ ਨੇ ਵਿਜੀਲੈਂਸ ਤੋਂ ਮੰਗਿਆ 10 ਦਿਨ ਦਾ ਸਮਾਂ 

ਏਜੰਸੀ

ਖ਼ਬਰਾਂ, ਪੰਜਾਬ

ਕਿਹਾ, ਵਿਜੀਲੈਂਸ ਬਿਊਰੋ ਵਲੋਂ ਮੰਗੇ ਗਏ ਵੇਰਵਿਆਂ ਦੀ ਤਿਆਰੀ ਲਈ ਚਾਹੀਦਾ ਹੈ ਸਮਾਂ 

Representational Image

ਮੋਹਾਲੀ : ਜੰਗ-ਏ-ਆਜ਼ਾਦੀ ਸਮਾਰਕ ਦੀ ਉਸਾਰੀ ਵੇਲੇ ਹੋਏ ਵੱਡੇ ਘੁਟਾਲੇ ਦੇ ਮਾਮਲੇ ਦੀ ਜਾਂਚ ਹੋ ਰਹੀ ਹੈ ਅਤੇ ਇਸ ਵਿਚ ਵਿਜੀਲੈਂਸ ਵਲੋਂ ਬਰਜਿੰਦਰ ਸਿੰਘ ਹਮਦਰਦ ਨੂੰ ਤਲਬ ਕੀਤਾ ਗਿਆ ਸੀ ਪਰ ਬਰਜਿੰਦਰ ਸਿੰਘ ਹਮਦਰਦ ਵਿਜੀਲੈਂਸ ਦਫ਼ਤਰ ਅੱਗੇ ਪੇਸ਼ ਨਹੀਂ ਹੋਏ। ਬਰਜਿੰਦਰ ਸਿੰਘ ਹਮਦਰਦ ਨੇ ਵਿਜੀਲੈਂਸ ਨੂੰ ਪੱਤਰ ਭੇਜ ਕੇ ਕਿਹਾ ਹੈ ਕਿ ਉਸ ਨੂੰ ਵਿਜੀਲੈਂਸ ਸਾਹਮਣੇ ਪੇਸ਼ ਹੋਣ ਲਈ 10 ਦਿਨ ਦਾ ਸਮਾਂ ਦਿਤਾ ਜਾਵੇ।

ਹਾਲਾਂਕਿ ਅਜੇ ਤੱਕ ਵਿਜੀਲੈਂਸ ਵੱਲੋਂ ਕੋਈ ਜਵਾਬ ਨਹੀਂ ਆਇਆ ਕਿ ਉਨ੍ਹਾਂ ਨੂੰ 10 ਦਿਨ ਦਾ ਸਮਾਂ ਦਿਤਾ ਗਿਆ ਹੈ ਜਾਂ ਨਹੀਂ। ਜਾਣਕਾਰੀ ਅਨੁਸਾਰ ਬਰਜਿੰਦਰ ਸਿੰਘ ਹਮਦਰਦ ਨੇ ਕੱਲ ਇਕ ਮੇਲ ਭੇਜ ਕੇ ਦਸਿਆ ਕਿ ਉਨ੍ਹਾਂ ਨੂੰ ਵਿਜੀਲੈਂਸ ਬਿਊਰੋ ਵਲੋਂ ਮੰਗੇ ਗਏ ਵੇਰਵਿਆਂ ਦੀ ਤਿਆਰੀ ਲਈ ਸਮਾਂ ਚਾਹੀਦਾ ਹੈ।

ਇਹ ਵੀ ਪੜ੍ਹੋ: ਚੀਨ ਨੇ ਸਫ਼ਲਤਾਪੂਰਵਕ ਲਾਂਚ ਕੀਤਾ ਮਨੁੱਖ ਵਾਲਾ ਪੁਲਾੜ ਯਾਨ ਸ਼ੇਨਜ਼ੂ-16 

ਕਰੀਬ 11 ਸਾਲ ਤਕ ਯਾਦਗਾਰ ਦੇ ਮੈਂਬਰ ਸਕੱਤਰ ਰਹੇ ਬਰਜਿੰਦਰ ਸਿੰਘ ਹਮਦਰਦ ਨੇ 10 ਅਪ੍ਰੈਲ 2022 ਨੂੰ ਅਸਤੀਫ਼ਾ ਦੇ ਦਿਤਾ ਸੀ। ਇਹ ਪ੍ਰਾਜੈਕਟ 2012 ਵਿਚ ਅਕਾਲੀ-ਭਾਜਪਾ ਸਰਕਾਰ ਦੌਰਾਨ ਸ਼ੁਰੂ ਕੀਤਾ ਗਿਆ ਸੀ ਅਤੇ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਮਦਰਦ ਨੂੰ ਸੰਕਲਪ ਡਿਜ਼ਾਈਨਿੰਗ ਅਤੇ ਉਸਾਰੀ ਦਾ ਕੰਮ ਸੌਂਪਿਆ ਸੀ। ਇਹ ਯਾਦਗਾਰ ਕਰੀਬ 300 ਕਰੋੜ ਰੁਪਏ ਦੀ ਲਾਗਤ ਨਾਲ 25 ਏਕੜ ਜ਼ਮੀਨ 'ਤੇ ਬਣਾਈ ਗਈ ਹੈ।

ਵਿਜੀਲੈਂਸ ਬਿਊਰੋ ਪਹਿਲਾਂ ਹੀ ਮੈਮੋਰੀਅਲ ਦੇ ਸਾਬਕਾ ਸੀ.ਈ.ਓ. ਵਿਨੈ ਬੁਬਲਾਨੀ ਅਤੇ ਸਕੱਤਰ ਲਖਵਿੰਦਰ ਜੌਹਲ ਤੋਂ ਪੁੱਛਗਿੱਛ ਕਰ ਚੁੱਕੀ ਹੈ। ਦੱਸ ਦੇਈਏ ਕਿ ਇਹ ਯਾਦਗਾਰ ਜਲੰਧਰ ਤੋਂ ਕੁਝ ਦੂਰੀ 'ਤੇ ਕਰਤਾਰਪੁਰ ਵਿਖੇ ਸ਼ਹੀਦਾਂ ਦੀ ਯਾਦ ਵਿਚ ਬਣਾਈ ਗਈ ਸੀ। ਇੰਡੀਅਨ ਇੰਸਟੀਟਿਊਟ ਆਫ਼ ਆਰਕੀਟੈਕਟ ਤੋਂ 1989 'ਚ ਸੋਨ ਤਮਗ਼ਾ ਹਾਸਲ ਕਰਨ ਵਾਲੇ ਰਾਜ ਰਵੇਲ ਨੇ ਇਸ ਬਿਲਡਿੰਗ ਨੂੰ ਡਿਜ਼ਾਈਨ ਕੀਤਾ ਹੈ। 25 ਏਕੜ 'ਚ ਬਣਾਉਣ ਦਾ ਦਾਅਵਾ ਕੀਤਾ ਗਿਆ ਸੀ। ਦੱਸ ਦੇਈਏ ਕਿ ਇਸ ਪੂਰੀ ਇਮਾਰਤ ਵਿਚ ਛੋਟੇ ਅਤੇ ਵੱਡੇ ਕਮਲ ਦੇ ਫੁੱਲ ਬਣਾਏ ਗਏ ਹਨ। ਜੇਕਰ ਅਸਮਾਨ ਤੋਂ ਦੇਖਿਆ ਜਾਵੇ ਤਾਂ ਇਹ ਇਕ ਫੁਲਕਾਰੀ ਵਰਗਾ ਨਜ਼ਰ ਆਉਂਦਾ ਹੈ।