ਕੋਟਕਪੂਰਾ ਗੋਲੀਕਾਂਡ ਮਾਮਲਾ : ਅਦਾਲਤ 'ਚ ਪੇਸ਼ ਹੋਏ ਸੁਖਬੀਰ ਸਿੰਘ ਬਾਦਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

14 ਜੂਨ ਨੂੰ ਹੋਵੇਗੀ ਅਗਲੀ ਪੇਸ਼ੀ 

Sukhbir Singh Badal

ਫ਼ਰੀਦਕੋਟ: ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਅੱਜ ਸੁਖਬੀਰ ਸਿੰਘ ਬਾਦਲ ਫ਼ਰੀਦਕੋਟ ਅਦਾਲਤ ਵਿਚ ਪੇਸ਼ ਹੋਏ। ਉਨ੍ਹਾਂ ਨੇ ਅਦਾਲਤ ਵਿਚ ਅਪਣੀ ਹਾਜ਼ਰੀ ਲਗਵਾਈ। ਦੱਸ ਦੇਈਏ ਕਿ ਉਨ੍ਹਾਂ ਤੋਂ ਬਗ਼ੈਰ ਇਸ ਮਾਮਲੇ ਵਿਚ ਨਾਮਜ਼ਦ ਹੋਰ ਕੋਈ ਵੀ ਅਜੇ ਤਕ ਫ਼ਰੀਦਕੋਟ ਅਦਾਲਤ ਵਿਚ ਪੇਸ਼ ਨਹੀਂ ਹੋਇਆ। ਉਨ੍ਹਾਂ ਵਲੋਂ ਪੇਸ਼ੀ ਤੋਂ ਛੋਟਾ ਲਈ ਮਾਨਯੋਗ ਅਦਾਲਤ ਵਿਚ ਅਰਜ਼ੀ ਦਿਤੀ ਸੀ। ਅਦਾਲਤ ਨੇ ਹੁਣ ਇਸ ਮਾਮਲੇ ਵਿਚ 14 ਜੂਨ ਨੂੰ ਅਗਲੀ ਪੇਸ਼ੀ ਤੈਅ ਕੀਤੀ ਹੈ।

ਦੱਸ ਦਈਏ ਕਿ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਇਕ ਦਿਨ ਪਹਿਲਾਂ ਏ.ਡੀ.ਜੀ.ਪੀ. ਐਲ.ਕੇ. ਯਾਦਵ ਤੇ ਐਸ.ਐਸ.ਪੀ. ਬਠਿੰਡਾ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੇ ਕੋਟਕਪੂਰਾ ਗੋਲੀ ਕਾਂਡ ਵਿਚ 2400 ਪੰਨਿਆਂ ਦਾ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਸੀ।

ਇਹ ਵੀ ਪੜ੍ਹੋ: ਰਾਹਤ ਪਟੀਸ਼ਨ ਦਾ ਵਿਰੋਧ ਕਰਨ 'ਤੇ 16 ਸਾਲ ਬਾਅਦ ਹਾਈਕੋਰਟ ਨੇ ਰੇਲਵੇ ਨੂੰ  ਲਗਾਈ ਫਟਕਾਰ

ਵਿਸ਼ੇਸ਼ ਜਾਂਚ ਟੀਮ ਵਲੋਂ ਚਾਰਜਸ਼ੀਟ 'ਚ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ, ਤਤਕਾਲੀ ਡੀ.ਜੀ.ਪੀ. ਸੁਮੇਧ ਸਿੰਘ ਸੈਣੀ, ਤਤਕਾਲੀ ਆਈ.ਜੀ. ਪਰਮਰਾਜ ਉਮਰਾਨੰਗਲ, ਐਸ.ਐਸ.ਪੀ. ਮੋਗਾ ਚਰਨਜੀਤ ਸ਼ਰਮਾ, ਐਸ.ਐਸ.ਪੀ. ਫ਼ਰੀਦਕੋਟ ਸੁਖਮੰਦਰ ਮਾਨ, ਡੀ.ਆਈ.ਜੀ. ਫ਼ਿਰੋਜ਼ਪੁਰ ਅਮਰ ਸਿੰਘ ਚਾਹਲ ਤੇ ਥਾਣਾ ਸਿਟੀ ਕੋਟਕਪੂਰਾ ਗੁਰਦੀਪ ਸਿੰਘ ਨੂੰ ਦੋਸ਼ੀ ਬਣਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 24 ਫਰਵਰੀ 2022 ਨੂੰ ਫ਼ਰੀਦਕੋਟ ਅਦਾਲਤ ਵਿਚ 7 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਕੋਟਕਪੂਰਾ ਗੋਲੀ ਕਾਂਡ ਵਿਚ ਦੋ ਐਫ਼.ਆਈ.ਆਰ. 129/18 ਤੇ 192/15 ਦਰਜ ਕੀਤੀਆਂ ਗਈਆਂ ਹਨ।