ਕਾਂਗਰਸ ਹਾਈਕਮਾਂਡ ਕੈਪਟਨ-ਸਿੱਧੂ ਚੱਕਰਵਿਊ ਵਿਚ ਫਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੀ 2022 ਚੋਣਾਂ ਲਈ ਨਵਜੋਤ ਸਿੰਘ ਸਿੱਧੂ ਨੂੰ ਅਹਿਮੀਅਤ ਦੇ ਸਕੇਗੀ?

Captain Amarinder Singh, Navjot Sidhu

ਚੰਡੀਗੜ੍ਹ (ਜੀ.ਸੀ. ਭਾਰਦਵਾਜ) : ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਵਲੋਂ ਪਿਛਲੇ 10 ਮਹੀਨੇ ਤੋਂ ਛੇੜੀ ਮੁਹਿੰਮ ਨੂੰ ਜਦੋਂ ਮਈ ਮਹੀਨੇ ਤੋਂ ਬੂਰ ਪੈਣਾ ਸ਼ੁਰੂ ਹੋਇਆ ਅਤੇ ਕੈਪਟਨ ਅਮਰਿੰਦਰ ਸਿੰਘ ਤੇ ਰੁੱਸੇ ਹੋਏ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਦੇ ਦੋਵੇਂ ਗੁੱਟ ਲੀਡਰਾਂ ਨੇ ਪਾਰਟੀ ਹਾਈਕਮਾਂਡ ਨੂੰ ਸਾਫ਼ ਸਪੱਸ਼ਟ ਸ਼ਬਦਾਂ ਵਿਚ ਫ਼ਾਇਦੇ ਨੁਕਸਾਨ ਬਾਰੇ ਜਾਣੂੰ ਕਰਵਾ ਦਿਤਾ ਤਾਂ ਤਾਣਾ ਬਾਣਾ ਅਤੇ ਚੱਕਰਵਿਊ ਇੰਨਾ ਪੇਚੀਦਾ ਹੋ ਗਿਆ ਕਿ ਰਾਹੁਲ ਗਾਂਧੀ ਪ੍ਰਵਾਰ ਨੇ ਪੰਜਾਬ ਦੇ ਸੀਨੀਅਰ ਨੇਤਾਵਾਂ ਦੀ ਸਲਾਹ ਲੈਣੀ ਸ਼ੁਰੂ ਕਰ ਦਿਤੀ।

ਇਹ ਵੀ ਪੜ੍ਹੋ - ਪਾਰਟੀ ਜਿੱਥੋਂ ਕਹੇਗੀ ਉੱਥੋਂ ਚੋਣ ਲੜਾਂਗੀ ਅਤੇ ਜਿੱਤਾਂਗੇ ਵੀ ਜ਼ਰੂਰ : ਅਨਮੋਲ ਗਗਨ ਮਾਨ

ਇਹ ਵੀ ਪੜ੍ਹੋ -  ਜ਼ੰਮੂ-ਕਸ਼ਮੀਰ: ਅਗ਼ਵਾ ਕੀਤੀ ਸਿੱਖ ਲੜਕੀ ਦਾ ਸਿੱਖ ਮੁੰਡੇ ਨਾਲ ਵਿਆਹ ਹੋਇਆ

ਰੋਜ਼ਾਨਾ ਸਪੋਕਸਮੈਨ ਵਲੋਂ ਚੋਟੀ ਦੇ ਕਾਂਗਰਸੀ ਨੇਤਾਵਾਂ, ਤਜਰਬੇਕਾਰ ਚੋਣ ਨੀਤੀ ਘਾੜਿਆਂ, ਮੌਜੂਦਾ ਤੇ ਸਾਬਕਾ ਮੰਤਰੀਆਂ, ਪਹਿਲੀ ਵਾਰ ਦੇ ਵਿਧਾਇਕਾਂ ਨਾਲ ਜਦੋਂ ਇਸ ਮੁੱਦੇ ’ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਹੰਢਿਆ ਹੋਇਆ ਸਿਆਸੀ ਨੇਤਾ ਨਹੀਂ ਹੈ, ਹਾਈਕਮਾਂਡ ਉਸ ਨੂੰ 2022 ਵਿਧਾਨ ਸਭਾ ਚੋਣਾਂ ਲਈ ਬਤੌਰ ਮੁੱਖ ਪ੍ਰਚਾਰਕ ਵਰਤ ਸਕਦੀ ਹੈ ਪਰ ਭਵਿੱਖ ਵਿਚ ਮੁੱਖ ਮੰਤਰੀ ਲਈ ਮੁੱਖ ਚਿਹਰੇ ਦੇ ਤੌਰ ’ਤੇ ਨਾ ਵਰਤੇ।

ਇਨ੍ਹਾਂ ਸਿਆਸੀ ਧੁਨੰਦਰਾਂ ਨੇ ਦਸਿਆ ਕਿ ਪੁਰਾਣੇ, ਘਾਗ, ਤਜਰਬੇਕਾਰ, ਬਜ਼ੁਰਗ ਤੇ ਕਈ ਨੌਜਵਾਨ ਕਾਂਗਰਸੀ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਵਿਰੁਧ ਵਰਤ ਕੇ ਖ਼ੁਸ਼ੀ ਮਹਿਸੂਸ ਕਰਦੇ ਹਨ ਪਰ ਸਹੀ ਅਰਥਾਂ ਵਿਚ ਉਹ ਪੰਜਾਬ ਕਾਂਗਰਸ ਅਤੇ ਸੂਬੇ ਦੇ ਲੋਕਾਂ ਦਾ ਭਲਾ ਨਹੀਂ ਚਾਹੁੰਦੇ। ਇਕ 80 ਸਾਲਾ ਸਾਬਕਾ ਮੰਤਰੀ ਨੇ ਕਿਹਾ ਅਤੇ ਸਖ਼ਤ ਤਾੜਨਾ ਹਾਈਕਮਾਂਡ ਨੂੰ ਕੀਤੀ ਕਿ ਜਲਦਬਾਜ਼ੀ ਵਿਚ ਕੈਪਟਨ ਅਮਰਿੰਦਰ ਸਿੰਘ ਵਿਰੁਧ ਤੇ ਸਿੱਧੂ ਦੇ ਹੱਕ ਵਿਚ ਲਿਆ ਫ਼ੈਸਲਾ ਕਾਂਗਰਸ ਵਾਸਤੇ ‘ਸੈਲਫ਼ ਗੋਲ’ ਅਤੇ ‘ਖ਼ੁਦਕੁਸ਼ੀ’ ਕਰਨ ਵਾਲਾ ਸਾਬਤ ਹੋਵੇਗਾ। 

ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਕੇਵਲ ਤੇ ਕੇਵਲ ਡਿਪਟੀ ਮੁੱਖ ਮੰਤਰੀ ਜਾਂ ਕਾਂਗਰਸ ਪ੍ਰਧਾਨ ਦਾ ਅਹੁਦਾ ਚਾਹੁੰਦਾ ਹੈ ਤਾਕਿ 2022 ਚੋਣਾਂ ਵਿਚ ਪੰਜਾਬ ਦਾ ਵੋਟਰ ਕਾਂਗਰਸ ਨੂੰ ਬਹੁਮਤ ਸੀਟਾਂ ਨਾਲ ਜਿਤਾ ਕੇ ਸਿੱਧੂ ਦੀ ਮੁੱਖ ਮੰਤਰੀ ਵਾਲੀ ਕੁਰਸੀ ਪੱਕੀ ਕਰ ਸਕੇ। ਦਸਣਯੋਗ ਹੈ ਕਿ ਸੱਭ ਤੋਂ ਸੀਨੀਅਰ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸੇ ਵੀ ਹਾਲਤ ਵਿਚ ਚੋਣਾਂ ਮੌਕੇ ‘ਦੋ ਸ਼ਕਤੀ ਕੇਂਦਰ ਬਿੰਦੂ’ ਬਣਾ ਕੇ ਲੋਕਾਂ ਨੂੰ ਭੰਬਲਭੂਸੇ ਵਿਚ ਨਹੀਂ ਪਾਉਣਾ ਚਾਹੁੰਦੇ।

ਪੰਜਾਬ ਕਾਂਗਰਸ ਦੇ ਕੁੱਝ ਨਿਰਪੱਖ ਤੇ ਸੂਝਵਾਨ ਨੇਤਾ ਖੁਲ੍ਹੇ ਤੌਰ ’ਤੇ ਕਹਿ ਰਹੇ ਹਨ ਕਿ ਹਾਈਕਮਾਂਡ ਥੋੋੜ੍ਹੀ ਸਖ਼ਤੀ ਵਰਤੇ, ਨਵਜੋਤ ਸਿੱਧੂ ਨੂੰ ਕੰਟਰੋਲ ਕਰੇ, ਕੈਪਟਨ ਅਮਰਿੰਦਰ ਸਿੰਘ ਨੂੰ ਬਤੌਰ ਨੈਸ਼ਨਲ ਪੱਧਰ ਦੇ ਕਾਂਗਰਸੀ ਨੇਤਾ ਵਜੋਂ ਮਾਣ ਸਤਿਕਾਰ ਕਰੇ, ਪਾਰਟੀ ਨੂੰ ਪਾਟੋਧਾੜ ਤੋਂ ਬਚਾਵੇ, ਦੂਜੀ ਵਾਰ ਕਾਂਗਰਸ ਸਰਕਾਰ ਬਣਾਉਣ ਲਈ ਕੈਪਟਨ ਨੂੰ ਮਜ਼ਬੂਤੀ ਦੇਵੇ। 

ਕਾਂਗਰਸੀ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਜਨਵਰੀ 2022 ਚੋਣਾਂ ਦੇ ਚਾਰ ਕੋਨਾ ਮੁਕਾਬਲੇ ਵਿਚ ਫ਼ਿਲਹਾਲ ਕੈਪਟਨ ਖੇਮੇ ਦਾ ਹੱਥ ਉਪਰ ਹੈ, ਇਸ ਸੰਭਾਵੀ ਜਿੱਤ ਨੂੰ ਹਾਸਲ ਕਰਨ ਲਈ ਅੰਦਰੂਨੀ ਲੜਾਈ ਰੋਕਣਾ ਪਾਰਟੀ ਹਾਈਕਮਾਂਡ ਦੀ ਡਿਊਟੀ ਹੈ ਕਿਉਂਕਿ ਰਾਸ਼ਟਰ ਪੱਧਰ ’ਤੇ ਕਾਂਗਰਸ ਦਾ ਅਕਸ ਜੇ ਪੰਜਾਬ ਵਿਚ ਨਿਖਰ ਗਿਆ ਤਾਂ 2024 ਲੋਕ ਸਭਾ ਚੋਣਾਂ ਵਿਚ ਹੋਰ ਸ਼ਰਮਨਾਕ ਹਾਰ ਦਾ ਮੂੰਹ ਕਾਂਗਰਸ ਨੂੰ ਨਹੀਂ ਦੇਖਣਾ ਪਵੇਗਾ।