ਤਰਨਤਾਰਨ : ਨਹਿਰ ’ਚ ਨਹਾਉਣ ਗਏ ਪਿਓ-ਪੁੱਤ ਦੀ ਡੁੱਬਣ ਕਾਰਨ ਮੌਤ, ਤਿੰਨ ਦਿਨ ਬਾਅਦ ਸੀ ਵੱਡੇ ਪੁੱਤ ਦਾ ਵਿਆਹ

ਏਜੰਸੀ

ਖ਼ਬਰਾਂ, ਪੰਜਾਬ

ਘਰ ’ਚ ਵਿਆਹ ਦੀਆਂ ਤਿਆਰੀਆਂ ਚਲ ਰਹੀਆਂ ਸਨ

photo

 

ਤਰਨਤਾਰਨ - ਥਾਣਾ ਸਰਹਾਲੀ ਅਧੀਨ ਪੈਂਦੇ ਘਰਾਟ ਕੈਰੋਂ ਵਿਖੇ ਨਹਿਰ ’ਚ ਨਹਾਉਣ ਗਏ ਪਿਓ ਅਤੇ ਪੁੱਤ ਦੇ ਡੁੱਬ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਸਰਹਾਲੀ ਦੀ ਪੁਲਿਸ ਅਤੇ ਗੋਤਾਖੋਰਾਂ ਵਲੋਂ ਦੋਵਾਂ ਦੀਆਂ ਲਾਸ਼ਾਂ ਲੱਭਣ ਸਬੰਧੀ ਜੱਦੋ-ਜ਼ਹਿਦ ਜਾਰੀ ਹੈ। ਜ਼ਿਕਰਯੋਗ ਹੈ ਕਿ ਨਹਿਰ ’ਚ ਡੁੱਬਣ ਵਾਲੇ 48 ਸਾਲਾ ਵਿਅਕਤੀ ਦੇ ਵੱਡੇ ਪੁੱਤ ਦਾ 3 ਦਿਨ ਬਾਅਦ ਵਿਆਹ ਸੀ, ਜਿਸ ਸਬੰਧੀ ਘਰ ’ਚ ਵਿਆਹ ਦੀਆਂ ਤਿਆਰੀਆਂ ਚਲ ਰਹੀਆਂ ਸਨ।

ਮਿਲੀ ਜਾਣਕਾਰੀ ਮੁਤਾਬਕ ਗੁਰਦਿੱਤ ਸਿੰਘ (16) ਪੁੱਤਰ ਤੇਜਿੰਦਰ ਸਿੰਘ ਤੇ ਪਿਤਾ ਤਜਿੰਦਰ ਸਿੰਘ (48) ਨਹਿਰ ਘਰਾਟ ਕੈਰੋਂ ਵਿਖੇ ਨਹਾਉਣ ਗਏ ਸਨ। 
ਲੋਕਾਂ ਦੇ ਦੱਸਣ ਮੁਤਾਬਕ ਜਦੋਂ ਦੋਵੇਂ ਪਿਓ-ਪੁੱਤ ਪਾਣੀ ਦਾ ਤੇਜ਼ ਵਹਾਅ ਵਿਚ ਰੁੜ ਗਏ। ਵੇਖਦੇ-ਵੇਖਦੇ ਦੋਵੇਂ ਪਿਓ-ਪੁੱਤ ਪਾਣੀ ’ਚ ਡੁੱਬ ਗਏ, ਜਿਨ੍ਹਾਂ ਨੂੰ ਬਚਾਉਣ ਲਈ ਆਸ-ਪਾਸ ਦੇ ਕੁਝ ਲੋਕਾਂ ਵਲੋਂ ਕੋਸ਼ਿਸ਼ ਵੀ ਕੀਤੀ ਗਈ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਕੋਸ਼ਿਸ਼ ਨਾਕਾਮ ਰਹੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤੇਜਿੰਦਰ ਸਿੰਘ ਦੇ ਵੱਡੇ ਬੇਟੇ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਉਸ ਦਾ 2 ਜੁਲਾਈ ਨੂੰ ਵਿਆਹ ਹੋਣਾ ਹੈ, ਜਿਸ ਸਬੰਧੀ ਘਰ ’ਚ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਸੀ ਅਤੇ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਸਨ। ਜ਼ਿਆਦਾ ਗਰਮੀ ਮਹਿਸੂਸ ਕਰਨ ਤੋਂ ਬਾਅਦ ਉਸ ਦਾ ਪਿਤਾ ਅਤੇ ਛੋਟਾ ਭਰਾ ਨਹਿਰ ’ਚ ਨਹਾਉਣ ਚਲੇ ਗਏ। 

ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਪੱਟੀ ਸਤਨਾਮ ਸਿੰਘ ਨੇ ਦਸਿਆ ਕਿ ਨਹਿਰ ’ਚ ਡੁੱਬਣ ਵਾਲੇ ਦੋਵਾਂ ਪਿਓ-ਪੁੱਤ ਦੀਆਂ ਲਾਸ਼ਾਂ ਨੂੰ ਲੱਭਣ ਲਈ ਗੋਤਾਖੋਰ ਡਿਊਟੀ ਕਰ ਰਹੇ ਹਨ, ਜਿਸ ਤੋਂ ਬਾਅਦ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।